ਭਾਰਤ ਪਾਕਿ ਸਰਹੱਦ ਅਤੇ ਸਤਲੁਜ ਦਰਿਆ ਤੋਂ ਪਾਰ ਵਸੇ ਪਿੰਡਾਂ ਦੇ ਲੋਕਾਂ ਦੇ ਖੇਤਾਂ ਵਿੱਚ ਹੜ੍ਹ ਆਉਣ ਨਾਲ ਉਨ੍ਹਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਨਾਲ ਜਿੱਥੇ ਸੈਂਕੜੇ ਏਕੜ ਫਸਲ ਵਾਲੀ ਦਰਿਆ ਨਾਲ ਲੱਗਦੀ ਜ਼ਮੀਨ ਡੁੱਬ ਗਈ ਹੈ, ਉਥੇ ਪਸ਼ੂਆਂ ਲਈ ਪਾਉਣ ਲਈ ਚਾਰੇ ਦੀ ਫਸਲ ਵੀ ਤਬਾਹ ਹੋ ਚੁੱਕੀ ਹੈ ਅਤੇ ਲੋਕ ਪਸ਼ੂਆਂ ਨੂੰ ਹਰਾ ਚਾਰਾ ਪਾਉਣ ਦੀ ਬਜਾਏ ਆਪਣੇ ਖਾਣ ਵਾਲਾ ਆਟਾ ਪਾ ਕੇ ਉਨ੍ਹਾਂ ਨੂੰ ਬਚਾਉਣ ਲਈ ਮੁਸ਼ੱਕਤ ਕਰ ਰਹੇ ਹਨ। ਪੰਜਾਬੀ ਟ੍ਰਿਬਿਊਨ ਵੱਲੋਂ ਸਰਹੱਦੀ ਪਿੰਡ ਝੰਗੜ ਭੈਣੀ, ਰੇਤੇ ਵਾਲੀ ਭੈਣੀ ਅਤੇ ਢਾਣੀ ਰਾਂਝਾ ਸਿੰਘ ਦਾ ਦੌਰਾ ਕਰਨ ਤੇ ਉਥੋਂ ਦੇ ਵਾਸੀਆਂ ਸੰਦੀਪ ਸਿੰਘ, ਸੁੱਚਾ ਸਿੰਘ ਅਤੇ ਭਗਵਾਨ ਸਿੰਘ ਨੇ ਆਪਣੀ ਫਸਲ ਅਤੇ ਹਰੇ ਚਾਰਾ ਡੁੱਬ ਜਾਣ ਦਾ ਦ੍ਰਿਸ਼ ਦਿਖਾਉਦਿਆਂ ਆਖਿਆ ਕਿ ਉਹ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਕੁਝ ਦਿਨਾਂ ਤੋਂ ਖੜ੍ਹੇ ਪਾਣੀ ਕਾਰਨ ਹਰਾ ਚਾਰਾ ਬਦਬੂ ਮਾਰਨ ਲੱਗਿਆ ਹੈ ਅਤੇ ਉਹ ਪਸ਼ੂਆਂ ਦੇ ਖਾਣ ਦੇ ਲਾਇਕ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਅਧਿਕਾਰੀ ਸਿਰਫ਼ ਸਤਲੁਜ ਦਰਿਆ ਤੇ ਬਣੇ ਪੁਲ ਤੱਕ ਦੌਰਾ ਕਰਨ ਆਏ, ਪ੍ਰੰਤੂ ਆਮ ਲੋਕਾਂ ਕੋਲ ਉਨ੍ਹਾਂ ਨੇ ਪਹੁੰਚ ਨਹੀਂ ਕੀਤੀ। ਉਧਰ, ਸਤਲੁਜ ਦਰਿਆ ’ਤੇ ਬਣੇ ਪੁਲ ਦੇ ਆਸ ਪਾਸ ਸੈਂਕੜਿਆਂ ਦੀ ਗਿਣਤੀ ’ਚ ਲੋਕਾਂ ਦਾ ਪਾਣੀ ਦਾ ਪੱਧਰ ਵੇਖਣ ਲਈ ਤਾਂਤਾ ਲੱਗਿਆ ਹੋਇਆ ਹੈ। ਇਥੇ ਖੜ੍ਹੇ ਲੋਕਾਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਪਾਣੀ ਲਗਾਤਾਰ ਵਧ ਰਿਹਾ ਹੈ ਅਤੇ ਸਰਹੱਦੀ ਲੋਕਾਂ ਦੀ ਮੁਸੀਬਤ ਵਧਣ ਦਾ ਡਰ ਲਗਾਤਾਰ ਬਣਿਆ ਹੋਇਆ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਦੌਰੇ ਕਰਕੇ ਸਿਰਫ਼ ਖ਼ਾਨਾਪੁਰਤੀ ਕਰ ਰਹੇ ਹਨ।
INDIA ਸਤਲੁਜ ਦਾ ਪਾਣੀ ਚੜ੍ਹਨ ਕਾਰਨ ਲੋਕਾਂ ’ਚ ਸਹਿਮ