ਸਤਲੁਜ ਪਾੜ: ਮੱਤੇਵਾੜਾ ’ਚ ਫੌਜ ਨੇ ਮੋਰਚਾ ਸਾਂਭਿਆ

ਪਿੰਡ ਮੱਤੇਵਾੜਾ ਦੇ ਗੜ੍ਹੀ ਫਾਜ਼ਲ ਨੇੜਿਉਂ ਸਤਲੁਜ ਦਰਿਆ ਵਿੱਚ ਪਏ ਪਾੜ ਦਾ ਬਚਾਅ ਕਾਰਜ ਪੂਰਾ ਨਾ ਹੋਣ ਕਾਰਨ ਉਥੇ ਫੌਜ ਨੂੰ ਬੁਲਾ ਲਿਆ ਗਿਆ ਹੈ। ਫੌਜ ਦੇ ਜਵਾਨ, ਡੇਰਾ ਪ੍ਰੇਮੀ ਤੇ ਪਿੰਡ ਵਾਲੇ ਅੱਜ ਸਾਰਾ ਦਿਨ ਸਤਲੁਜ ਦੇ ਪਾੜ ਨੂੰ ਭਰਨ ਲਈ ਚਾਰਾਜੋਈ ਕਰਦੇ ਰਹੇ। ਇੱਥੇ ਦਰਿਆ ਨੂੰ ਪਾਣੀ ਵੱਲੋਂ ਲਾਏ ਗਏ ਖੋਰੇ ਨੂੰ ਰੋਕਣ ਲਈ ਜੰਗੀ ਪੱਧਰ ’ਤੇ ਕੰਮ ਚੱਲ ਰਿਹਾ ਹੈ। ਦੱਸ ਦਈਏ ਕਿ 21 ਅਗਸਤ ਨੂੰ ਸਵੇਰੇ ਗੜ੍ਹੀ ਫਾਜ਼ਲ ਨੇੜਿਉਂ ਲੰਘਦੇ ਸਤਲੁਜ ਦਰਿਆ ਦੇ ਇੱਕ ਹਿੱਸੇ ਵਿੱਚ ਵੱਡਾ ਪਾੜ ਪੈ ਗਿਆ ਸੀ ਜਿਸ ਦਾ ਸਮੇਂ ’ਤੇ ਪਤਾ ਲੱਗ ਗਿਆ ਸੀ ਜਿਸ ਕਾਰਨ ਫਸਲਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਸੀ ਪਰ ਹੁਣ 24 ਘੰਟੇ ਬੀਤਣ ਦੇ ਬਾਵਜੂਦ ਪਾੜ ਨੂੰ ਭਰਿਆ ਨਹੀਂ ਜਾ ਸਕਿਆ ਜਿਸ ਕਾਰਨ ਕਈ ਪਿੰਡਾਂ ’ਤੇ ਖ਼ਤਰਾ ਬਰਕਰਾਰ ਹੈ। ਹੁਣ ਇਸ ਥਾਂ ’ਤੇ ਫੌਜ ਲੋਕਾਂ ਨਾਲ ਮਿਲ ਕੇ ਇੱਕ ਹੋਰ ਬੰਨ੍ਹ ਬਣਾ ਰਹੀ ਹੈ ਤਾਂ ਕਿ ਪਾਣੀ ਨੂੰ ਰੋਕਿਆ ਜਾ ਸਕੇ। ਗੜ੍ਹੀ ਫਾਜ਼ਲ ਦੇ ਸਰਪੰਚ ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਉਹ ਬੁੱਧਵਾਰ ਸਵੇਰੇ ਸਾਢੇ ਤਿੰਨ ਵਜੇ ਬੰਨ੍ਹ ਦੇਖਣ ਗਏ ਸਨ। ਉਸ ਵੇਲੇ ਪਾਣੀ ਬੰਨ੍ਹ ਨੂੰ ਖੋਰਾ ਲੈ ਰਿਹਾ ਸੀ, ਉਨ੍ਹਾਂ ਨੇ ਅਨਾਊਂਸਮੈਂਟ ਕਰਵਾ ਕੇ ਪਿੰਡ ਵਾਸੀਆਂ ਨੂੰ ਮੌਕੇ ’ਤੇ ਪੁੱਜਣ ਲਈ ਆਖਿਆ। ਖੋਰੇ ਦੀ ਖਬਰ ਮਿਲਦੇ ਹੀ ਲੋਕ ਆਪਣੇ ਟਰੈਕਟਰਾਂ ਨਾਲ ਮੌਕੇ ’ਤੇ ਪੁੱਜ ਗਏ। ਉਨ੍ਹਾਂ ਖੋਰੇ ਦੀ ਜਗ੍ਹਾ ’ਤੇ ਦਰਖੱਤ ਤੇ ਮਿੱਟੀ ਸੁੱਟ ਕੇ ਮੋਰਚਾ ਸੰਭਾਲਿਆ। ਬੁੱਧਵਾਰ ਸ਼ਾਮ ਤੱਕ ਜਦੋਂ ਪਿੰਡ ਵਾਲਿਆਂ ਦੀਆਂ ਕੋਸ਼ਿਸ਼ਾਂ ਸਫ਼ਲ ਨਹੀਂ ਹੋਈਆਂ ਤਾਂ ਪ੍ਰਸ਼ਾਸਨ ਨੇ ਫੌਜ ਨੂੰ ਬੁਲਾ ਲਿਆ।

Previous articleਸਤਲੁਜ ਦਾ ਪਾਣੀ ਚੜ੍ਹਨ ਕਾਰਨ ਲੋਕਾਂ ’ਚ ਸਹਿਮ
Next articleਨੀਰਵ ਮੋਦੀ ਦਾ ਰਿਮਾਂਡ 19 ਤਕ ਵਧਾਇਆ