ਸਤਲੁਜ ’ਚ ਪਾਣੀ ਘਟਿਆ, ਲੋਕਾਂ ਦੀਆਂ ਮੁਸੀਬਤਾਂ ਵਧੀਆਂ

ਸਤਲੁਜ ਦਰਿਆ ਵਿਚ ਅੱਜ ਪਾਣੀ 44 ਹਜ਼ਾਰ ਕਿਊਸਿਕ ਵਗ ਰਿਹਾ ਸੀ। ਜਿਹੜਾ ਬੀਤੇ ਕੱਲ੍ਹ ਨਾਲੋਂ ਅੱਠ ਹਜ਼ਾਰ ਕਿਊਸਿਕ ਘੱਟ ਸੀ। ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਘੱਟ ਹੁੰਦਾ ਜਾ ਰਿਹਾ ਹੈ ਪਰ ਲੋਕਾਂ ਦੀਆਂ ਮੁਸੀਬਤਾਂ ਵਧਣ ਲੱਗ ਪਈਆਂ ਹਨ। ਲੰਘੀ 18 ਅਗਸਤ ਨੂੰ ਰੋਪੜ ਹੈੱਡ ਵਰਕਸ ਤੋਂ ਦੋ ਲੱਖ 40 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਸੀ। ਪਾਣੀ ਦੇ ਇਸ ਤੇਜ਼ ਵਹਾਅ ਨਾਲ ਜਲੰਧਰ ਜ਼ਿਲ੍ਹੇ ਦੀਆਂ ਨੌਂ ਥਾਵਾਂ ਅਤੇ ਕਪੂਰਥਲਾ ਜ਼ਿਲ੍ਹੇ ਦੀਆਂ ਤਿੰਨ ਥਾਵਾਂ ਤੋਂ ਧੁੱਸੀ ਬੰਨ੍ਹ ਵਿਚ ਪਾੜ ਪੈ ਗਿਆ ਸੀ। ਇਸ ਨਾਲ ਇਲਾਕੇ ਵਿਚ ਭਾਰੀ ਤਬਾਹੀ ਮਚ ਗਈ ਸੀ ਤੇ ਸੈਂਕੜੇ ਪਿੰਡ ਪਾਣੀ ਵਿਚ ਡੁੱਬ ਗਏ ਸਨ। ਸਤਲੁਜ ਦਰਿਆ ਵਿਚ ਪਾਣੀ ਤਾਂ ਘਟ ਗਿਆ ਹੈ ਪਰ ਪਿੰਡਾਂ ਵਿਚੋਂ ਪਾਣੀ ਅਜੇ ਨਿਕਲਿਆ ਨਹੀਂ। ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਸਮਾਂ ਗੁਜ਼ਾਰਨ ਲਈ ਮਜਬੂਰ ਹਨ। ਹੜ੍ਹ ਦੌਰਾਨ ਲੋਕ ਭੁੱਖ ਤੇ ਆਰਥਿਕ ਨੁਕਸਾਨ ਤੋਂ ਪ੍ਰੇਸ਼ਾਨ ਸਨ, ਪਰ ਹੁਣ ਇੱਥੇ ਵੱਖਰੀ ਕਿਸਮ ਦੀਆਂ ਸਮੱਸਿਆਵਾਂ ਨੇ ਲੋਕਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਜਿਹੜੇ ਪਿੰਡ ਪਾਣੀ ਵਿਚ ਘਿਰੇ ਹੋਏ ਹਨ, ਉਨ੍ਹਾਂ ਵਿਚ ਸਭ ਤੋਂ ਵੱਡੀ ਸਮੱਸਿਆ ਪੀਣ ਵਾਲੇ ਪਾਣੀ ਦੀ ਆ ਰਹੀ ਹੈ। ਹੜ੍ਹ ਦੇ ਪਾਣੀ ਕਾਰਨ ਖੇਤਾਂ ਟਿਊਬਵੈੱਲਾਂ ਅਤੇ ਘਰਾਂ ਵਿਚ ਲੱਗੀਆਂ ਮੋਟਰਾਂ ਦੇ ਬੋਰਾਂ ਵਿਚ ਪਾਣੀ ਚਲਾ ਗਿਆ ਹੈ। ਹੜ੍ਹ ਪ੍ਰਭਾਵਿਤ ਪਿੰਡਾਂ ’ਚ ਬਿਜਲੀ ਸਪਲਾਈ ਠੱਪ ਪਈ ਹੈ। ਬਿਜਲੀ ਦੀਆਂ ਤਾਰਾਂ ਤੇ ਟਰਾਂਸਫਾਰਮਰਾਂ ਨੂੰ ਮੁਰੰਮਤ ਲਈ ਕਾਫ਼ੀ ਸਮਾਂ ਲੱਗ ਸਕਦਾ ਹੈ। ਪਾਣੀ ਕਾਰਨ ਪਿੰਡਾਂ ਵਿਚ ਮੱਛਰ ਵਧ ਗਿਆ ਹੈ ਤੇ ਲੋਕਾਂ ਨੂੰ ਬਿਮਾਰੀਆਂ ਲੱਗਣ ਦਾ ਵੀ ਖ਼ਤਰਾ ਪੈਦਾ ਹੋ ਗਿਆ ਹੈ। ਪਾਣੀ ਆਉਣ ਸਮੇਂ ਜਿਹੜੇ ਪਿੰਡਾਂ ਵਿਚ ਲੋਕ ਆਪਣੇ ਪਸ਼ੂ ਨਹੀਂ ਸਨ ਖੋਲ੍ਹ ਸਕੇ, ਉਨ੍ਹਾਂ ਦੇ ਮਰੇ ਹੋਏ ਪਸ਼ੂਆਂ ਕਾਰਨ ਬਦਬੂ ਆਉਣ ਲੱਗ ਪਈ ਹੈ। ਹੜ੍ਹ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦੇ ਸੜਨ, ਪੰਛੀਆਂ ਅਤੇ ਜਾਨਵਰਾਂ ਦੇ ਵੱਡੀ ਗਿਣਤੀ ਵਿਚ ਮਰੇ ਹੋਣ ਕਾਰਨ ਆਲੇ-ਦੁਆਲੇ ਬਦਬੂ ਫੈਲਣ ਲੱਗ ਪਈ ਹੈ। ਲੋਕਾਂ ਨੂੰ ਬੁਖਾਰ, ਐਲਰਜੀ, ਡਾਇਰੀਆ ਅਤੇ ਹੋਰ ਬਿਮਾਰੀਆਂ ਘੇਰ ਰਹੀਆਂ ਹਨ। ਲੋਕ ਲੰਗਰ ਦੇ ਨਾਲ ਨਾਲ ਦਵਾਈਆਂ ਦੀ ਵੀ ਮੰਗ ਕਰ ਰਹੇ ਹਨ। ਪਾਣੀ ਘਟਣ ਦੇ ਨਾਲ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਲੋਕ ਡੰਗਰਾਂ ਲਈ ਤੂੜੀ ਅਤੇ ਚਾਰਾ ਲੈ ਕੇ ਜਾ ਰਹੇ ਹਨ। ਹੜ੍ਹ ਦੌਰਾਨ ਲੋਕ ਆਪਣੇ ਗੁਆਚੇ ਪਸ਼ੂਆਂ ਨੂੰ ਵੀ ਲੱਭਣ ’ਚ ਲੱਗੇ ਹੋਏ ਹਨ। ਪਸ਼ੂਆਂ ਨੂੰ ਆਪਣੇ ਘਰਾਂ ’ਚ ਬੰਨ੍ਹਣ ਦੀ ਥਾਂ ਨਾ ਹੋਣ ਕਾਰਨ ਵੀ ਲੋਕ ਪ੍ਰੇਸ਼ਾਨ ਹਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਵੱਡੀ ਪੱਧਰ ’ਤੇ ਲੰਗਰ ਆਉਣ ਸਦਕਾ ਗਿੱਦੜਪਿੰਡੀ ਤੋਂ ਲੋਹੀਆਂ ਤੱਕ ਗੱਡੀਆਂ ਖੜ੍ਹੀਆਂ ਕਰਨ ਵਿਚ ਵੱਡੀ ਸਮੱਸਿਆ ਆ ਰਹੀ ਸੀ। ਹੁਣ ਇਨ੍ਹਾਂ ਗੱਡੀਆਂ ਨੂੰ ਲੰਗਰ ਇਕੱਠਾ ਕਰਨ ਲਈ ਬਣਾਈਆਂ ਗਈਆਂ ਥਾਵਾਂ ’ਤੇ ਭੇਜਣਾ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅਧਿਕਾਰੀਆਂ ਦੇ ਟੈਲੀਫੋਨ ਨੰਬਰ ਜਾਰੀ ਕਰ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਕੋਲ ਸੁੱਕਾ ਰਾਸ਼ਨ ਤੇ ਪੀਣ ਵਾਲਾ ਪਾਣੀ ਪਹੁੰਚਾਉਣ ਤਾਂ ਜੋ ਕਿਸ਼ਤੀਆਂ ਰਾਹੀਂ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਸ੍ਰੀ ਮੁਕਤਸਰ ਸਾਹਿਬ ਖਦਰਾਣੇ ਦੀ ਢਾਬ ਦੀ ਸੰਗਤ ਵੱਲੋਂ ਆਪਣੇ ਸਾਥੀਆਂ ਨਾਲ ਲੰਗਰ ਲੈ ਕੇ ਆਏ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਦਸ ਹਜ਼ਾਰ ਦੇ ਕਰੀਬ ਰੋਟੀਆਂ, ਇੱਕ ਕੁਇੰਟਲ ਅਚਾਰ, ਪੀਣ ਵਾਲੇ ਪਾਣੀ ਦੀਆਂ ਬੋਤਲਾਂ ਤੇ ਹੋਰ ਸੁੱਕਾ ਰਾਸ਼ਨ ਲੈ ਕੇ ਆਏ ਸਨ। ਹੜ੍ਹ ਪੀੜਤ ਇਲਾਕਿਆਂ ਵਿਚ ਰਾਸ਼ਨ ਦੀ ਬਹੁਤਾਤ ਹੋਣ ਕਾਰਨ ਉੱਥੇ ਵੰਡ ਨਹੀਂ ਹੋਇਆ ਤਾਂ ਕੁਝ ਸਾਮਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਅਤੇ ਬਾਕੀ ਦਾ ਸਾਮਾਨ ਨਿਰਮਲ ਕੁਟੀਆ ’ਚ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਦੇ ਕੇ ਆਏ ਹਨ ਤਾਂ ਜੋ ਹੜ੍ਹ ਪੀੜਤਾਂ ਨੂੰ ਵੰਡਿਆ ਜਾ ਸਕੇ।

Previous articleਪੱਛਮੀ ਬੰਗਾਲ ਦੇ ਮੰਦਰ ’ਚ ਭਾਜੜ ਕਾਰਨ ਤਿੰਨ ਹਲਾਕ
Next articleRoot leads England resistance, trail Aus by 203