ਸਕੂਲ ਮੁਖੀ ਨਿਰਭੈ ਸਿੰਘ ਦੀ ਸੋਚ ਅਤੇ ਅਣਥੱਕ ਯਤਨਾਂ ਨੇ ਬਦਲੀ ਭੂੰਦੜ ਸਕੂਲ ਦੀ ਦਿੱਖ .

(ਸਮਾਜ ਵੀਕਲੀ)

ਨਿਰਭੈ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਭੂੰਦੜ ਵਿੱਚ ਬਤੌਰ ਹੈੱਡ ਟੀਚਰ ਸੇਵਾਵਾਂ ਨਿਭਾ ਰਹੇ ਹਨ ।ਇਨ੍ਹਾਂ ਨੇ ਭੂੰਦੜ ਸਕੂਲ ਵਿੱਚ ਜੁਆਇਨ ਕਰਨ ਤੋਂ ਬਾਅਦ ਆਪਣੀ ਮਿਹਨਤ ਸਦਕਾ ਇੱਕ ਉੱਚ ਦਰਜੇ ਦਾ ਸਮਾਰਟ ਸਕੂਲ ਬਣਾ ਦਿੱਤਾ ।ਜਦੋਂ ਇਨ੍ਹਾਂ ਨੇ ਸਕੂਲ ਵਿੱਚ ਜੁਆਇਨ ਕੀਤਾ ਤਾਂ ਸਕੂਲ ਦੀ ਚਾਰ ਦੀਵਾਰੀ ਤੱਕ ਨਹੀਂ ਸੀ ।ਸਭ ਤੋਂ ਪਹਿਲਾਂ ਚਾਰ ਦੀਵਾਰੀ ਕਰਵਾਈ ।ਸਕੂਲ ਦਾ ਗੇਟ ਅਤੇ ਅੰਦਰੂਨੀ ਦਿੱਖ ਬਹੁਤ ਹੀ ਤਰਸਯੋਗ ਸੀ ।ਚਾਰ ਦੀਵਾਰੀ ਬਣਾਉਣ ਤੋਂ ਬਾਅਦ ਸਕੂਲ ਦਾ ਗੇਟ ਬਣਾਇਆ ,ਵਿਹੜੇ ਵਿੱਚ ਫਰਸ਼ ਲਗਵਾਈ ।ਬੱਚਿਆਂ ਦੇ ਬੈਠਣ ਲਈ ਪੰਚਾਇਤ ਦੀ ਮਦਦ ਨਾਲ ਤਿੰਨ ਕਮਰੇ ਬਣਵਾਏ ।

ਪਿੰਡ ਵਿੱਚ ਲੋਕਾਂ ਨਾਲ ਮੇਲ ਮਿਲਾਪ ਕੀਤਾ ਅਤੇ ਲੋਕਾਂ ਨੂੰ ਸਕੂਲ ਨੂੰ ਦਾਨ ਦੇਣ ਦੀ ਪਿਰਤ ਪਾਈ ।ਲੋਕ ਖੁਸ਼ੀ ਗ਼ਮੀ ਦੇ ਮੌਕੇ ਸਕੂਲ ਨੂੰ ਆਪਣਾ ਦਸਵੰਧ ਦੇਣ ਲੱਗੇ ।ਨਿਰਭੈ ਸਿੰਘ ਨੇ ਸਕੂਲ ਸਮੇਂ ਤੋਂ ਬਾਅਦ ਪੰਜ -ਪੰਜ ਘੰਟੇ ਸਕੂਲ ਵਿੱਚ ਹੱਥੀਂ ਕੰਮ ਕੀਤਾ ।ਸਕੂਲ ਵਿੱਚ ਬੂਟੇ ਲਗਾਏ ,ਪਾਰਕ ਤਿਆਰ ਕੀਤਾ, ਘਾਹ ਲਗਾਇਆ ਅਤੇ ਉਸ ਦੀ ਸਾਂਭ ਸੰਭਾਲ, ਕਟਾਈ ਆਪ ਕਰਦੇ ਹਨ ।ਨਿਰਭੈ ਸਿੰਘ ਸਵੇਰੇ ਇੱਕ ਘੰਟਾ ਪਹਿਲਾਂ ਸਕੂਲ ਜਾਂਦੇ ਹਨ ਅਤੇ ਸ਼ਾਮ ਦੇ ਸੱਤ ਵਜੇ ਤੱਕ ਸਕੂਲ ਦੇ ਕੰਮਾਂ ਵਿੱਚ ਰੁੱਝੇ ਰਹਿੰਦੇ ਹਨ ।

ਸਕੂਲ ਦਾ ਅਕਾਦਮਿਕ ਪੱਖ ਬਹੁਤ ਹੀ ਮਜ਼ਬੂਤ ਹੈ। ਬੱਚਿਆਂ ਨੂੰ ਨਵੀਆਂ ਤਕਨੀਕਾਂ ਅਤੇ ਆਧੁਨਿਕ ਤਰੀਕੇ ਨਾਲ ਪੜ੍ਹਾਇਆ ਜਾਂਦਾ ਹੈ ।ਸਾਰੀਆਂ ਜਮਾਤਾਂ ਵਿੱਚ ਪ੍ਰੋਜੈਕਟਰ ਅਤੇ ਐੱਲ. ਈ .ਡੀ ਲੱਗੀਆਂ ਹੋਈਆਂ ਹਨ ।ਸਾਰੇ ਬੱਚਿਆਂ ਨੂੰ ਈ- ਕੰਟੈਂਟ ਰਾਹੀਂ ਪੜ੍ਹਾਇਆ ਜਾਂਦਾ ਹੈ ।ਸਕੂਲ ਵਿੱਚ ਬਹੁਤ ਹੀ ਸੁੰਦਰ ਅਤੇ ਆਧੁਨਿਕ ਤਕਨੀਕ ਨਾਲ ਲਾਇਬ੍ਰੇਰੀ ਤਿਆਰ ਕੀਤੀ ਗਈ ਹੈ ।ਨਿਰਭੈ ਸਿੰਘ ਦੀ ਮਿਹਨਤ ਸਦਕਾ ਲਾਇਬ੍ਰੇਰੀ ਵਿੱਚ ਬੱਚਿਆਂ ਦੇ ਪੱਧਰ ਦੀਆਂ ਕਿਤਾਬਾਂ ਹਨ। ਇਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਸਕੂਲ ਦੇ ਸਮੁੱਚੇ ਵਿਕਾਸ ਲਈ ਹੁਣ ਤੀਕ ਦਾਨੀ ਪੁਰਸ਼ਾਂ ਅਤੇ ਪੰਚਾਇਤ ਦੀ ਮਦਦ ਨਾਲ ਤਕਰੀਬਨ ਚਾਲੀ ਲੱਖ ਰੁਪਏ ਸਕੂਲ ਉੱਪਰ ਖ਼ਰਚ ਹੋ ਚੁੱਕੇ ਹਨ ।

ਸਕੂਲ ਵਿੱਚ ਨਿਰਭੈ ਸਿੰਘ ਦੁਆਰਾ ਨਵੋਦਿਆ ਵਿਦਿਆਲਿਆ ਅਤੇ ਪੜ੍ਹਾਈ ਵਿਚ ਪਛੜੇ ਬੱਚਿਆਂ ਨੂੰ ਰੈਮੀਡੀਅਲ ਕੋਚਿੰਗ ਦੇਣ ਲਈ ਸਕੂਲ ਸਮੇਂ ਤੋਂ ਬਾਅਦ ਵਾਧੂ ਕਲਾਸਾਂ ਲਗਾਈਆਂ ਜਾਂਦੀਆਂ ਹਨ । ਹੁਣ ਤੱਕ ਪੰਜ ਬੱਚੇ ਨਵੋਦਿਆ ਵਿੱਚ ਸਿਲੈਕਟ ਹੋ ਚੁੱਕੇ ਹਨ ।ਸਕੂਲ ਵਿੱਚ ਕਬ/ ਬੁਲਬੁਲ ਦਾ ਯੂਨਿਟ ਵੀ ਚੱਲ ਰਿਹਾ ਹੈ। ਇਸ ਸਾਲ ਕਬ/ ਬੁਲਬੁਲ ਵਿੱਚ ਗਿਆਰਾਂ ਬੱਚੇ ਨੈਸ਼ਨਲ ਅਵਾਰਡ (ਰਾਸ਼ਟਰਪਤੀ ਐਵਾਰਡ) ਲਈ ਚੁਣੇ ਗਏ ਹਨ ।ਨਿਰਭੈ ਸਿੰਘ ਖੁਦ ਵੀ ਸਕਾਊਟ ਵਿੱਚ ਐਡਵਾਂਸ ਕੋਰਸ ਹੋਲਡਰ ਹਨ। ਸਕੂਲ ਵਿੱਚ ਸੱਭਿਆਚਾਰਕ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ ।

ਨਿਰਭੈ ਸਿੰਘ ਦੁਆਰਾ ਮਲਵਈ ਗਿੱਧਾ ਕਵੀਸ਼ਰੀ ਅਤੇ ਲੋਕ ਗੀਤ ਦੀ ਤਿਆਰੀ ਕਰਵਾਈ ਜਾਂਦੀ ਹੈ ।ਇਨ੍ਹਾਂ ਦੁਆਰਾ ਤਿਆਰ ਕਰਵਾਈ ਕਵੀਸ਼ਰੀ ਲਾਕਡਾਊਨ ਦੌਰਾਨ ਡੀ ਡੀ ਪੰਜਾਬੀ ਤੇ ਪ੍ਰਸਾਰਿਤ ਹੋ ਚੁੱਕੀ ਹੈ ।ਇਨ੍ਹਾਂ ਦੀ ਮਿਹਨਤ ਬਦੌਲਤ ਇਸ ਸਾਲ ਸਕੂਲ ਦੇ ਦਾਖ਼ਲੇ ਵਿੱਚ ਵੀਹ ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ।ਘਰ ਘਰ ਜਾ ਕੇ ਮਾਪਿਆਂ ਨੂੰ ਪ੍ਰੇਰਿਤ ਕਰਕੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਦਾਖਲ ਕੀਤਾ ।ਦਾਨੀ ਪੁਰਸ਼ਾਂ ਦੀ ਮਦਦ ਨਾਲ ਸਕੂਲ ਵੈਨ ਦਾ ਪ੍ਰਬੰਧ ਕੀਤਾ ਗਿਆ ।ਹੁਣ ਸਕੂਲ ਵਿੱਚ ਰਾਮਪੁਰਾ ਫੂਲ ਸ਼ਹਿਰ ਤੋਂ ਬਹੁਤ ਬੱਚੇ ਪ੍ਰਾਈਵੇਟ ਸਕੂਲਾਂ ਵਿੱਚੋਂ ਹਟ ਕੇ ਸਰਕਾਰੀ ਪ੍ਰਾਇਮਰੀ ਸਕੂਲ ਭੂੰਦੜ ਵਿੱਚ ਦਾਖ਼ਲ ਹੋ ਚੁੱਕੇ ਹਨ ।ਸਕੂਲ ਵਿੱਚ ਅੰਗਰੇਜ਼ੀ ਅਤੇ ਪੰਜਾਬੀ ਦੋਨੋਂ ਮੀਡੀਅਮ ਚੱਲ ਰਹੇ ਹਨ ।

ਇਨ੍ਹਾਂ ਦੁਆਰਾ ਸਕੂਲ ਵਿੱਚ ਬੱਚਿਆਂ ਦੀ ਬੈਂਡ ਟੀਮ ਤਿਆਰ ਕੀਤੀ ਗਈ ਹੈ। ਸਕੂਲ ਦਾ ਆਪਣਾ ਬੈਂਡ ਹੈ ।ਸਵੱਛ ਭਾਰਤ ਅਭਿਆਨ ਵਿੱਚ ਸਕੂਲ ਨੇ ਲਗਾਤਾਰ ਦੋ ਵਾਰ ਐਵਾਰਡ ਪ੍ਰਾਪਤ ਕੀਤਾ ਹੈ ।ਸਕੂਲ ਨੂੰ  ਵਿੱਤ ਮੰਤਰੀ ਪੰਜਾਬ ਸ੍ਰੀ ਮਨਪ੍ਰੀਤ ਸਿੰਘ ਬਾਦਲ ਦੁਆਰਾ ਸਨਮਾਨਿਤ ਵੀ ਕੀਤਾ ਗਿਆ ਹੈ ।ਸਕਿਓਰਿਟੀ ਦੇ ਪੱਖ ਨੂੰ ਵੇਖਦੇ ਹੋਏ ਸਕੂਲ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ ।ਖੇਡਾਂ ਦੇ ਪੱਖ ਤੋਂ ਸਕੂਲ ਦੇ ਬੱਚੇ ਹਰ ਸਾਲ ਸਟੇਟ ਪੱਧਰੀ ਪੁਜ਼ੀਸ਼ਨਾਂ ਹਾਸਲ ਕਰਦੇ ਹਨ ।ਬੱਚਿਆਂ ਦੀ ਖੇਡਾਂ ਦੀ ਤਿਆਰੀ ਨਿਰਭੈ ਸਿੰਘ ਸਕੂਲ ਸਮੇਂ ਤੋਂ ਬਾਅਦ ਕਰਵਾਉਂਦੇ ਹਨ ।

ਸਕੂਲ ਵਿੱਚ ਝੂਲਿਆਂ ਦਾ ਪ੍ਰਬੰਧ ਵੀ ਦਾਨੀ ਪੁਰਸ਼ਾਂ ਤੋਂ ਸਹਿਯੋਗ ਲੈ ਕੇ ਕੀਤਾ ਗਿਆ ਹੈ ।ਸਰਕਾਰੀ ਪ੍ਰਾਇਮਰੀ ਸਕੂਲ ਭੂੰਦੜ ਨੂੰ ਇਨ੍ਹਾਂ ਦੇ ਯਤਨਾਂ ਸਦਕਾ ਜ਼ਿਲ੍ਹੇ ਦਾ ਪਹਿਲਾ ਸਮਾਰਟ ਸਕੂਲ ਹੋਣ ਦਾ ਮਾਣ ਪ੍ਰਾਪਤ ਹੈ ।ਸਕੂਲ ਵਿੱਚ ਲਿਸਨਿੰਗ ਲੈਬ ਬਣੀ ਹੋਈ ਹੈ ਜਿਸ ਨਾਲ ਬੱਚੇ ਬੜੀ ਰੌਚਕਤਾ ਅਤੇ ਸਰਲ ਤਰੀਕੇ ਨਾਲ ਸਿੱਖਦੇ ਹਨ ।ਬੱਚਿਆਂ ਲਈ ਐਜੂਕੇਸ਼ਨ ਪਾਰਕ ਵੀ ਬਣਾਇਆ ਗਿਆ ਹੈ ਜਿਸ ਵਿੱਚ ਮੈਥ, ਸਾਇੰਸ ਵਿਸ਼ਿਆਂ ਨਾਲ ਸਬੰਧਿਤ ਮਾਡਲ ਤਿਆਰ ਕੀਤੇ ਗਏ ਹਨ, ਜੋ ਕਿ ਨਿਰਭੈ ਸਿੰਘ ਨੇ ਬੜੀ ਮਿਹਨਤ ਨਾਲ ਤਿਆਰ ਕੀਤੇ ਹਨ ।

ਸਕੂਲ ਨੂੰ ਬਹੁਤ ਹੀ ਵਧੀਆ ਰੰਗ ਕੀਤਾ ਹੋਇਆ ਹੈ ਅਤੇ ਸਾਰੀਆਂ ਕੰਧਾਂ ਉੱਪਰ ਬਾਲਾ ਵਰਕ ਸਿਲੇਬਸ ਦੇ ਮੁਤਾਬਿਕ ਕੀਤਾ ਗਿਆ ਹੈ ,ਕੋਈ ਵੀ ਕੰਧ ਸਕੂਲ ਦੇ ਅੰਦਰੋਂ ਜਾਂ ਬਾਹਰੋਂ ਬਾਲਾ ਵਰਕ ਤੋਂ ਬਿਨਾਂ ਨਹੀਂ ਹੈ ਸਕੂਲ ਦਾ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦਾ ਰਿਜ਼ਲਟ ਸੌ ਪ੍ਰਤੀਸ਼ਤ ਹੈ । ਸਿੱਖਿਆ ਸਕੱਤਰ ਮਾਨਯੋਗ ਕ੍ਰਿਸ਼ਨ ਕੁਮਾਰ ਜੀ ਨੇ ਭੂੰਦੜ ਸਕੂਲ ਵਿੱਚ ਆਪਣੇ ਦੌਰੇ ਦੌਰਾਨ ਸਕੂਲ ਦੀ ਰੱਜ ਕੇ ਤਾਰੀਫ ਕੀਤੀ ਅਤੇ ਬਾਕੀਆਂ ਨੂੰ ਵੀ ਇਸ ਸਕੂਲ ਤੋਂ ਸੇਧ ਲੈਣ ਲਈ ਕਿਹਾ ਅਤੇ ਨਾਲ ਹੀ ਨਿਰਭੈ ਸਿੰਘ (ਸਹਾਇਕ ਜ਼ਿਲ੍ਹਾ ਕੁਆਰਡੀਨੇਟਰ ਸਮਾਰਟ ਸਕੂਲ )ਦੇ ਕੰਮ ਦੀ ਵੀ ਬਹੁਤ ਤਰੀਫ਼ ਕੀਤੀ।

ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਦੇ ਤੌਰ ਤੇ ਨਿਰਭੈ ਸਿੰਘ ਨੇ ਇੱਕ ਪ੍ਰਤਿਭਾਸ਼ਾਲੀ ਮੋਟੀਵੇਟਰ ਵਜੋਂ ਕੰਮ ਕੀਤਾ ਹੈ । ਇਨ੍ਹਾਂ ਨੇ ਆਪਣੀ ਪ੍ਰੇਰਨਾ ਸਦਕਾ ਵੱਖ ਵੱਖ ਸਕੂਲਾਂ ਵਿਚ ਜਾ ਕੇ ਅਧਿਆਪਕਾਂ , ਮਾਪਿਆਂ, ਪਿੰਡ ਵਾਸੀਆਂ ਨੂੰ ਪ੍ਰੇਰਿਤ ਕਰਕੇ ਸਕੂਲਾਂ ਨੂੰ ਸਮਾਰਟ ਸਕੂਲ ਦਾ ਦਰਜਾ ਦਿੱਤਾ ਹੈ। ਇਨ੍ਹਾਂ ਦੀ ਪ੍ਰੇਰਨਾ ਸਦਕਾ ਜ਼ਿਲ੍ਹੇ ਵਿੱਚ ਦਾਨੀ ਪੁਰਸ਼ਾਂ ਦੀ ਮਦਦ ਨਾਲ ਸਕੂਲ ਸਮਾਰਟ ਬਣ ਚੁੱਕੇ ਹਨ । ਨਿਰਭੈ ਸਿੰਘ ਨੇ ਜਿੱਥੇ ਆਪਣੇ ਸਕੂਲ ਵਿੱਚ ਬੜੀ ਮਿਹਨਤ ਅਤੇ ਸ਼ਿੱਦਤ ਨਾਲ ਤਨੋ, ਮਨੋ ,ਧਨੋ ਕੰਮ ਕੀਤਾ ਹੈ ਉੱਥੇ ਜ਼ਿਲ੍ਹੇ
ਦੇ ਸਕੂਲਾਂ ਲਈ ਵੀ ਸਿਰ ਤੋੜ ਯਤਨ ਕਰ ਰਹੇ ਹਨ ।

ਸਕੂਲ ਵਿੱਚ ਆਪਣੇ ਵੱਲੋਂ ਇਨ੍ਹਾਂ ਨੇ ਆਰ.ਓ , ਵਾਟਰ ਕੂਲਰ ਦੀ ਸੇਵਾ ਕੀਤੀ ਹੈ ਅਤੇ ਦਾਨੀ ਪੁਰਸ਼ਾਂ ਪਾਸੋਂ ਵੱਡਾ ਜਰਨੇਟਰ, ਇਨਵਰਟਰ, ਵਾਟਰ ਕੂਲਰ ,ਫਰਿੱਜ ,ਪ੍ਰੋਜੈਕਟਰ, ਕਮਰੇ ਸਟੇਜ ,ਗੇਟ ਆਦਿ ਆਪਣੀ ਮਿਹਨਤ ਨਾਲ ਦਾਨ ਵਿੱਚੋਂ ਲਏ ਹਨ । ਕਰੋਨਾ ਮਹਾਂਮਾਰੀ ਕਾਰਨ ਲਾਕ ਡਾਉਨ ਦੌਰਾਨ ਆਨਲਾਈਨ ਕਲਾਸਾਂ ਬੱਚਿਆਂ ਦੇ ਮਾਪਿਆਂ ਨੂੰ ਰਾਸ਼ਨ ਮੁਹੱਈਆ ਅਤੇ ਗਰੀਨ ਮਿਸ਼ਨ ਸੰਸਥਾ ਨਾਲ ਜੁੜ ਕੇ 8000ਪੌਦੇ ਲਗਾਏ ਹਨ ਜੋ ਕਿ ਸਮਾਜ ਸੇਵੀ ਦੇ ਤੌਰ ਤੇ ਵੀ ਵਡਮੁੱਲਾ ਯੋਗਦਾਨ ਪਾ ਰਹੇ ਹਨ ।
(ਨਿਰਭੈ ਸਿੰਘ ,ਹੈੱਡ ਟੀਚਰ ,ਸਰਕਾਰੀ ਪ੍ਰਾਇਮਰੀ ਸਕੂਲ ਭੂੰਦੜ ਜ਼ਿਲ੍ਹਾ ਬਠਿੰਡਾ ) 9417195339

ਜਤਿੰਦਰ ਸ਼ਰਮਾ
9501475400

Previous articleਉਮੀਦ
Next articleਵਿਆਹ ਦੀ ਮੁਬਾਰਕਬਾਦ