ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰ ਸਰਕਾਰ ਵਲੋਂ ਸਕੂਲਾਂ ਨੂੰ ਮੁੜ ਖੋਲ੍ਹਣ ਦੀ ਆਗਿਆ ਦਿੱਤੇ ਜਾਣ ਮਗਰੋਂ ਦਿੱਲੀ, ਕਰਨਾਟਕ ਅਤੇ ਛੱਤੀਸਗੜ੍ਹ ਨੇ ਇਸ ਵਿਰੁਧ ਫ਼ੈਸਲਾ ਲਿਆ ਹੈ ਜਦਕਿ ਹਰਿਆਣਾ, ਮੇਘਾਲਿਆ ਵਰਗੇ ਸੂਬਿਆਂ ਨੇ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਹੈ ਅਤੇ ਕੋਵਿਡ-19 ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਸਥਿਤੀ ਵਾਚੀ ਜਾ ਰਹੀ ਹੈ। ਕਰੋਨਾਵਾਇਰਸ ਮਹਾਮਾਰੀ ਫੈਲਣ ਤੋਂ ਰੋਕਣ ਲਈ 16 ਮਾਰਚ ਤੋਂ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਸਨ।
ਬਾਕੀ ਪਾਬੰਦੀਆਂ ਹੌਲੀ-ਹੌਲੀ ਪੜਾਅਵਾਰ ਹਟਾਈਆਂ ਜਾ ਰਹੀਆਂ ਹਨ ਪ੍ਰੰਤੂ ਵਿਦਿਅਕ ਅਦਾਰੇ ਹਾਲੇ ਤੱਕ ਬੰਦ ਰੱਖੇ ਗਏ ਸਨ। ਤਾਜ਼ਾ ਅਨਲੌਕ ਨਿਰਦੇਸ਼ਾਂ ਰਾਹੀਂ ਕੇਂਦਰ ਨੇ ਸੂਬਿਆਂ ਨੂੰ 15 ਅਕਤੂਬਰ ਤੋਂ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਪੈਂਦੇ ਵਿਦਿਅਕ ਅਦਾਰੇ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ ਪ੍ਰੰਤੂ ਅੰਤਿਮ ਫ਼ੈਸਲਾ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ’ਤੇ ਛੱਡ ਦਿੱਤਾ ਹੈ। ਊੱਤਰ ਪ੍ਰਦੇਸ਼ ਸਰਕਾਰ ਨੇ 19 ਅਕਤੂਬਰ ਤੋਂ ਕੰਟੇਨਮੈਂਟ ਜ਼ੋਨਾਂ ਦੇ ਬਾਹਰ ਨੌਂਵੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹਣ ਦੀ ਆਗਿਆ ਦਿੱਤੀ ਹੈ। ਕਰਨਾਟਕ ਸਰਕਾਰ ਨੇ ਕਿਹਾ ਹੈ ਕਿ ਊਨ੍ਹਾਂ ਨੂੰ ਸਕੂਲ ਖੋਲ੍ਹਣ ਦੀ ਕੋਈ ਕਾਹਲ ਨਹੀਂ ਹੈ।
ਮਹਾਰਾਸ਼ਟਰ ਸਰਕਾਰ ਦਾ ਕਹਿਣਾ ਹੈ ਕਿ ਦੀਵਾਲੀ ਤੋਂ ਬਾਅਦ ਕੋਵਿਡ-19 ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਊਦੋਂ ਤੱਕ ਸਕੂਲ ਬੰਦ ਰੱਖੇ ਜਾਣਗੇ। ਗੁਜਰਾਤ ਸਰਕਾਰ ਨੇ ਵੀ ਦੀਵਾਲੀ ਮਗਰੋਂ ਸਕੂਲ ਮੁੜ ਖੋਲ੍ਹਣ ਦਾ ਮਾਮਲਾ ਵਿਚਾਰਨ ਦੀ ਗੱਲ ਆਖੀ ਹੈ। ਪੱਛਮੀ ਬੰਗਾਲ ਸਰਕਾਰ ਨੇ ਕਿਹਾ ਹੈ ਕਿ ਮੱਧ ਨਵੰਬਰ ਮਗਰੋਂ ਹੀ ਸਕੂਲਾਂ ਬਾਰੇ ਕੋਈ ਫ਼ੈਸਲਾ ਲਿਆ ਜਾਵੇਗਾ।