ਵਿਸ਼ਵ ਕੱਪ ਜੇਤੂ ਕਪਤਾਨ ਅਰਜੁਨ ਰਾਣਾਤੁੰਗਾ ਨੂੰ ਅੱਜ ਸ੍ਰੀਲੰਕਾ ਦੇ ਕੌਮੀ ਕ੍ਰਿਕਟ ਬੋਰਡ ਦੀਆਂ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਉਨ੍ਹਾਂ ਦੀਆਂ ਖੇਡ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੀਆਂ ਆਸਾਂ ਨੂੰ ਝਟਕਾ ਲੱਗਿਆ। 55 ਸਾਲਾ ਰਾਣਾਤੁੰਗਾ ਨੇ ਦੋ ਵਿੱਚੋਂ ਇਕ ਮੀਤ ਪ੍ਰਧਾਨ ਲਈ ਚੋਣ ਲੜਨ ਦਾ ਫ਼ੈਸਲਾ ਲਿਆ ਸੀ ਪਰ ਵੋਟਾਂ ਤੋਂ ਬਾਅਦ ਉਹ ਤੀਜੇ ਸਥਾਨ ’ਤੇ ਰਿਹਾ। ਉਨ੍ਹਾਂ ਦੇ ਭਰਾ ਨਿਸ਼ਾਂਤ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨੂੰ ਸਕੱਤਰ ਲਈ ਨਾਮਜ਼ਦ ਕੀਤਾ ਗਿਆ ਸੀ। ਸਾਲ 1996 ਵਿਸ਼ਵ ਕੱਪ ’ਚ ਸ੍ਰੀਲੰਕਾ ਦੀ ਅਗਵਾਈ ਕਰ ਕੇ ਟੀਮ ਨੂੰ ਖ਼ਿਤਾਬ ਦਿਵਾਉਣ ਵਾਲਾ ਰਣਤੁੰਗਾ ਬੋਰਡ ਤੋਂ ਭ੍ਰਿਸ਼ਟਚਾਰ ਖ਼ਤਮ ਕਰਨ ਦੀ ਕੋਸ਼ਿਸ਼ ’ਚ ਚੋਣਾਂ ’ਚ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ’ਚ ਜੁੱਟੇ ਸਨ। ਕੌਮਾਂਤਰੀ ਕ੍ਰਿਕਟ ਕੌਂਸਲ ਨੇ ਹਾਲ ਹੀ ’ਚ ਸ੍ਰੀਲੰਕਾ ਕ੍ਰਿਕਟ ਬੋਰਡ ਨੂੰ ਖੇਡ ਦੀ ਸਭ ਤੋਂ ਭ੍ਰਿਸ਼ਟ ਸੰਸਥਾ ਕਰਾਰ ਦਿੱਤਾ ਸੀ। ਸਾਬਕਾ ਕਪਤਾਨ ਰਾਣਾਤੁੰਗਾ ਸਰਕਾਰ ’ਚ ਮੰਤਰੀ ਵੀ ਹੈ ਅਤੇ ਉਹ 30 ਮਈ ਤੋਂ ਇੰਗਲੈਂਡ ’ਚ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਸ੍ਰੀਲੰਕਾ ਕ੍ਰਿਕਟ ਬੋਰਡ ’ਚ ਆਉਣ ਦੀ ਆਸ ਲਾਈ ਬੈਠਾ ਸੀ। ਰਣਾਤੁੰਗਾ ਦਾ ਸਹਿਯੋਗੀ ਜੈਯੰਤ ਧਰਮਦਾਸ ਵੀ ਸ੍ਰੀਲੰਕਾ ਕ੍ਰਿਕਟ ਪ੍ਰਧਾਨ ਬਣਨ ਦੀ ਮੁਹਿੰਮ ਵਿੱਚ ਅਸਫ਼ਲ ਰਿਹਾ। ਉਹ ਰਾਣਾਤੁੰਗਾ ਦੇ ਰਵਾਇਤੀ ਵਿਰੋਧੀ ਤੇ ਐਸਐਲਸੀ ਦੇ ਸਾਬਕਾ ਮੁਖੀ ਤਿਲੰਗਾ ਸਮਤੀਪਾਲਾ ਦੇ ਵਫ਼ਾਦਾਰ ਸ਼ੰਮੀ ਸਿਲਵਾ ਤੋਂ ਹਾਰ ਗਿਆ। ਸਮੁਤੀਪਾਲਾ ਦੋ ਸਾਲ ਤੋਂ ਜ਼ਿਆਦਾ ਸਮੇਂ ਤੱਕ ਇਸ ਅਹੁਦੇ ’ਤੇ ਕਾਬਜ਼ ਰਿਹਾ ਪਰ 2018 ਦੇ ਸ਼ੁਰੂ ਵਿੱਚ ਹਟਣ ਤੋਂ ਬਾਅਦ ਉਨ੍ਹਾਂ ਨੇ ਮੁੜ ਚੋਣਾਂ ਨਾ ਲੜਨ ਦਾ ਫ਼ੈਸਲਾ ਲਿਆ। –ਏਐਫਪੀ
Sports ਸ਼ੰਮੀ ਸਿਲਵਾ ਬਣੇ ਸ੍ਰੀਲੰਕਾ ਕ੍ਰਿਕਟ ਬੋਰਡ ਦੇ ਨਵੇਂ ਪ੍ਰਧਾਨ