ਏਕਤਾ ਨੇ ਭਾਰਤ ਨੂੰ ਦਿਵਾਈ ਇੰਗਲੈਂਡ ਉੱਤੇ ਵੱਡੀ ਜਿੱਤ

ਖੱਬੂ ਸਪਿੰਨਰ ਏਕਤਾ ਬਿਸ਼ਟ ਦੀ ਅਗਵਾਈ ਵਿਚ ਭਾਰਤੀ ਗੇਂਦਬਾਜ਼ਾਂ ਵੱਲੋਂ ਕੀਤੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤੀ ਮਹਿਲਾ ਟੀਮ ਨੇ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਦੇ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਸ਼ੁੱਕਰਵਾਰ ਨੂੰ ਇੱਥੇ ਇੰਗਲੈਂਡ ਨੂੰ 66 ਦੌੜਾਂ ਦੀ ਕਰਾਰੀ ਹਾਰ ਦਿੱਤੀ ਹੈ। ਬਿਸ਼ਟ ਨੇ 25 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇਸ ਨਾਲ ਭਾਰਤੀ ਟੀਮ 202 ਦੌੜਾਂ ਦੇ ਆਪਣੇ ਸਕੋਰ ਦਾ ਸਨਮਾਨਜਨਕ ਬਚਾਅ ਕਰਨ ਵਿੱਚ ਸਫਲ ਰਹੀ। ਇੰਗਲੈਂਡ ਦੀ ਟੀਮ 41 ਓਵਰਾਂ ਵਿੱਚ 136 ਦੌੜਾਂ ਉੱਤੇ ਸਿਮਟ ਗਈ ਅਤੇ ਇਸ ਤਰ੍ਹਾਂ ਭਾਰਤ ਨੇ ਤਿੰਨ ਮੈਚਾਂ ਦੀ ਲੜੀ ਵਿਚ 1-0 ਦੀ ਲੀਡ ਲੈ ਲਈ ਹੈ। ਬਿਸ਼ਟ ਨੂੰ ਸ਼ਿਖ਼ਾ ਪਾਂਡੇ ਅਤੇ ਦੀਪਤੀ ਸ਼ਰਮਾ ਦਾ ਵਧੀਆ ਸਾਥ ਮਿਲਿਆ ਅਤੇ ਦੋਵਾਂ ਨੇ ਹੀ ਦੋ ਦੋ ਵਿਕਟਾਂ ਲਈਆਂ। ਇਨ੍ਹਾਂ ਤੋਂ ਇਲਾਵਾ ਝੂਲਨ ਗੋਸਵਾਮੀ ਵੀ ਇੱਕ ਵਿਕਟ ਲੈਣ ਵਿੱਚ ਕਾਮਯਾਬ ਰਹੀ। ਇਸ ਨਾਲ ਭਾਰਤ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਦੇ ਵਿੱਚ ਆਸਾਨੀ ਨਾਲ ਦੋ ਅੰਕ ਹਾਸਲ ਕਰਨ ਵਿੱਚ ਕਾਮਯਾਬ ਰਿਹਾ।ਇੰਗਲੈਂਡ ਦੀ ਤਰਫੋਂ ਨਤਾਲੀ ਸਾਈਵਰ ਨੇ 66 ਗੇਂਦਾਂ ਉੱਤੇ 44 ਦੌੜਾਂ ਬਣਾਈਆਂ। ਕਪਤਾਨ ਹੀਥਰ ਨਾਈਟ 39 ਦੌੜਾਂ ਬਣਾ ਕੇ ਨਾਬਾਦ ਰਹੀ। ਇਸ ਤੋਂ ਪਹਿਲਾਂ ਭਾਰਤ ਨੇ ਸਲਾਮੀ ਬੱਲੇਬਾਜ਼ ਜੈਮੀਮਾ ਰੌਡਰਿਗਜ਼ (48), ਕਪਤਾਨ ਮਿਤਾਲੀ ਰਾਜ (44) ਅਤੇ ਝੂਲਨ ਗੋਸਵਾਮੀ ਦੀਆਂ ਚੰਗੀਆਂ ਪਾਰੀਆਂ ਦੇ ਨਾਲ 49.4 ਓਵਰਾਂ ਦੇ ਵਿਚ 202 ਦੌੜਾਂ ਬਣਾਈਆਂ ਸਨ। ਇੰਗਲੈਂਡ ਦੇ ਸਾਹਮਣੇ ਵੱਡਾ ਟੀਚਾ ਨਹੀਂ ਸੀ ਅਤੇ 30ਵੇਂ ਓਵਰ ਦੀ ਸਮਾਪਤੀ ਉੱਤੇ ਉਹ ਤਿੰਨ ਵਿਕਟਾਂ ਉੱਤੇ 111 ਦੌੜਾਂ ਬਣਾ ਕੇ ਚੰਗੀ ਸਥਿਤੀ ਵਿਚ ਸੀ ਪਰ ਇਸ ਤੋਂ ਬਾਅਦ ਉਸਦੀ ਪਾਰੀ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਖਿੰਡ ਗਈ। ਇੰਗਲੈਂਡ ਨੇ 25 ਦੌੜਾਂ ਬਣਾਉਂਦਿਆਂ ਆਪਣੀਆਂ ਸੱਤ ਵਿਕਟਾਂ ਗਵਾ ਦਿੱਤੀਆਂ। ਬਿਸ਼ਟ ਨੇ 41ਵੇਂ ਓਵਰ ਵਿੱਚ ਪੰਜ ਗੇਂਦਾਂ ਅੰਦਰ ਤਿੰਨ ਵਿਕਟਾਂ ਲੈ ਕੇ ਭਾਰਤ ਦੀ ਜਿੱਤ ਨਿਸਚਿਤ ਕੀਤੀ। ਇਸ ਤੋਂ ਪਹਿਲਾਂ ਸਮ੍ਰਿਤੀ ਮੰਧਾਨਾ (24) ਅਤੇ ਰੌਡਰਿਗਜ਼ ਨੇ ਪਹਿਲੇ ਵਿਕਟ ਲਈ 69 ਦੌੜਾਂ ਜੋੜ ਕੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ ਪਰ ਟੀਮ ਨੇ ਵਿਚਲੇ ਓਵਰਾਂ ਵਿੱਚ ਚਾਰ ਵਿਕਟਾਂ ਸਿਰਫ 10 ਦੌੜਾਂ ਵਿੱਚ ਗਵਾ ਦਿੱਤੀਆਂ। ਇਸ ਦੇ ਨਾਲ ਟੀਮ ਦਾ ਸਕੋਰ ਪੰਜ ਵਿਕਟਾਂ ਉੱਤੇ 95 ਦੌੜਾਂ ਹੋ ਗਿਆ। ਬਾਅਦ ਵਿੱਚ ਅਨੁਭਵੀ ਖਿਡਾਰਨ ਮਿਤਾਲੀ ਰਾਜ ਅਤੇ ਵਿਕਟ ਕੀਪਰ ਤਾਨੀਆ ਭਾਟੀਆ (25) ਨੇ ਪਾਰੀ ਨੂੰ ਸੰਭਲਣ ਦੀ ਕੋਸ਼ਿਸ਼ ਕੀਤੀ ਅਤੇ ਛੇਵੀਂ ਵਿਕਟ ਲਈ 54 ਦੌੜਾਂ ਦੀ ਭਾਈਵਾਲੀ ਨਿਭਾਈ। ਮਿਤਾਲੀ ਦੇ ਆਊਟ ਹੋਣ ਬਾਅਦ ਝੂਲਨ ਨੇ ਦ੍ਰਿੜ ਕੀਤਾ ਕਿ ਮੇਜ਼ਬਾਨ ਟੀਮ 200 ਦੋੜਾਂ ਨੂੰ ਪਾਰ ਕਰ ਜਾਵੇ। ਇੰਗਲੈਂਡ ਦੀ ਤਰਫੋਂ ਤੇਜ ਗੇਂਦਬਾਜ਼ ਸਾਈਵਰ ਨੇ 29 ਦੌੜਾਂ ਦੇ ਕੇ ਦੋ ਵਿਕਟਾਂ, ਸਪਿੰਨਰ ਸੋਫੀ ਐਕਲੇਸਟੋਨ ਨੇ 27 ਦੌੜਾਂ ਦੇ ਕੇ ਦੋ ਅਤੇ ਜਾਰਜੀਆ ਐਲਵਿਸ ਨੇ 45 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਦੀ ਟੀਮ ਨੂੰ ਆਪਣੀ ਬੇਹਤਰੀਨ ਫੀਲਡਿੰਗ ਦਾ ਵੀ ਮੌਕਾ ਮਿਲਿਆ ਅਤੇ ਭਾਰਤ ਦੇ ਤਿੰਨ ਬੱਲੇਬਾਜ਼ਾਂ ਨੂੰ ਰਨਆਊਟ ਵੀ ਕੀਤਾ।

Previous articleਆਪਣੇ ਪ੍ਰਤੀ ਖੇਡ ਪੰਡਤਾਂ ਦੀ ਰਾਏ ਬਦਲਣ ਲਈ ਯਤਨਸ਼ੀਲ ਹੈ ਵਿਹਾਰੀ
Next articleਸ਼ੰਮੀ ਸਿਲਵਾ ਬਣੇ ਸ੍ਰੀਲੰਕਾ ਕ੍ਰਿਕਟ ਬੋਰਡ ਦੇ ਨਵੇਂ ਪ੍ਰਧਾਨ