ਜੰਮੂ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਵਿੱਚ ਸੁਰੱਖਿਆ ਬਲਾਂ ਵੱਲੋਂ ਹਿਜ਼ਬੁਲ ਦੇ ਇੱਕ ਸਿਖ਼ਰਲੇ ਕਮਾਂਡਰ ਸਣੇ ਦੋ ਅਤਿਵਾਦੀ ਮਾਰਨ ਤੋਂ ਕੁੱਝ ਘੰਟਿਆਂ ਬਾਅਦ ਹੀ ਅਤਿਵਾਦੀਆਂ ਨੇ ਚਾਰ ਪੁਲੀਸ ਜਵਾਨਾਂ ਨੂੰ ਸ਼ੋਪੀਆਂ ਵਿੱਚ ਅੰਨ੍ਹੇਵਾਹ ਗੋਲੀਆਂ ਮਾਰ ਕੇ ਮਾਰ ਦਿੱਤਾ ਹੈ।
ਸ਼ੋਪੀਆਂ ਜ਼ਿਲ੍ਹੇ ਦੇ ਅਰਹਾਮਾ ਵਿੱਚ ਬਾਅਦ ਦੁਪਹਿਰ ਅਤਿਵਾਦੀਆਂ ਨੇ ਪੁਲੀਸ ਮੁਲਾਜ਼ਮਾਂ ਉੱਤੇ ਉਦੋਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਦੋਂ ਉਹ ਸੜਕ ਤੋਂ ਲੰਘ ਰਹੇ ਸਨ। ਇਸ ਘਟਨਾ ਵਿੱਚ ਗੰਭੀਰ ਜ਼ਖ਼ਮੀ ਚਾਰ ਪੁਲੀਸ ਜਵਾਨਾਂ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਏ।
ਪੁਲੀਸ ਸੂਤਰਾਂ ਅਨੁਸਾਰ ਸ਼ਹੀਦ ਹੋਏ ਜਵਾਨਾਂ ਵਿੱਚ ਇਸ਼ਫਾਕ ਅਹਿਮਦ ਮੀਰ, ਜਾਵੇਦ ਅਹਿਮਦ ਭੱਟ, ਮੁਹੰਮਦ ਇਕਬਾਲ ਮੀਰ (ਤਿੰਨੇ ਸਿਪਾਹੀ) ਅਤੇ ਐੱਸਪੀਓ ਆਦਿਲ ਮਨਜ਼ੂਰ ਭੱਟ ਸ਼ਾਮਲ ਹਨ। ਚਾਰੇ ਇੱਕ ਪੁਲੀਸ ਅਧਿਕਾਰੀ ਦੀ ਸੁਰੱਖਿਆ ਲਈ ਤਾਇਨਾਤ ਸਨ ਤੇ ਮੁਰੰਮਤ ਲਈ ਦਿੱਤੀ ਇੱਕ ਗੱਡੀ ਲੈਣ ਜਾ ਰਹੇ ਸਨ। ਇਸ ਘਟਨਾ ਤੋਂ ਕੁੱਝ ਘੰਟੇ ਪਹਿਲਾਂ ਹੀ ਸੁਰੱਖਿਆ ਬਲਾਂ ਨੇ ਹਿਜ਼ਬੁਲ ਮੁਜ਼ਾਹਿਦੀਨ ਦੇ ਸਿਖ਼ਰਲੇ ਕਮਾਂਡਰ ਅਲਤਾਫ਼ ਅਹਿਮਦ ਡਾਰ ਉਰਫ ਕਚਰੂ ਸਮੇਤ ਦੋ ਅਤਿਵਾਦੀਆਂ ਨੂੰ ਅਨੰਤਨਾਗ ਦੇ ਖਾਨੇਬਲ ਇਲਾਕੇ ਦੇ ਪਿੰਡ ਮੁੰਨੀਵਾਰਡ ਵਿੱਚ ਮਾਰ ਦਿੱਤਾ ਸੀ। ਪੁਲੀਸ ਸੂਤਰਾਂ ਅਨੁਸਾਰ ਕਚਰੂ ਸਾਲ 2007 ਤੋਂ ਅਤਿਵਾਦੀ ਗਤੀਵਿਧੀਆਂ ਵਿੱਚ ਸਰਗਰਮ ਸੀ।ਇਸ ਮੁਕਾਬਲੇ ਵਿੱਚ ਕਚਰੂ ਦੇ ਨਾਲ ਮਾਰੇ ਗਏ ਅਤਿਵਾਦੀ ਦਾ ਨਾਂ ਉਮਰ ਰਾਸ਼ੀਦ ਵਾਨੀ ਹੈ। ਉਹ ਪਿਛਲੇ ਸਾਲ ਤੋਂ ਭਗੌੜਾ ਸੀ।
INDIA ਸ਼ੋਪੀਆਂ ’ਚ ਅਤਿਵਾਦੀਆਂ ਵੱਲੋਂ ਚਾਰ ਪੁਲੀਸ ਮੁਲਾਜ਼ਮ ਸ਼ਹੀਦ