ਸ਼ੇਫਾਲੀ ਤੇ ਮੰਧਾਨਾ ਨੂੰ ਗੇਂਦਬਾਜ਼ੀ ਨਹੀਂ ਕਰਨਾ ਚਾਹੁੰਦੀ ਮੇਗਨ

ਆਸਟਰੇਲੀਆ ਦੀ ਮੇਗ਼ਨ ਸਕੱਟ ਦੀ ਗੇਂਦਬਾਜ਼ੀ ’ਤੇ ਹਾਲ ਹੀ ਵਿਚ ਸ਼ੇਫਾਲੀ ਵਰਮਾ ਤੇ ਸਮ੍ਰਿਤੀ ਮੰਧਾਨਾ ਨੇ ਜ਼ਬਰਦਸਤ ਬੱਲੇਬਾਜ਼ੀ ਕੀਤੀ ਹੈ, ਸ਼ਾਇਦ ਇਸੇ ਲਈ ਇਹ ਆਸਟਰੇਲਿਆਈ ਤੇਜ਼ ਗੇਂਦਬਾਜ਼ ਐਤਵਾਰ ਨੂੰ ਹੋਣ ਵਾਲੇ ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ ਦੇ ਫਾਈਨਲ ਵਿਚ ਪਾਵਰ ਪਲੇਅ ਦੌਰਾਨ ਇਸ ਹਮਲਾਵਰ ਸਲਾਮੀ ਜੋੜੀ ਨੂੰ ਗੇਂਦਬਾਜ਼ੀ ਨਹੀਂ ਕਰਨਾ ਚਾਹੁੰਦੀ।
ਦੱਖਣੀ ਅਫ਼ਰੀਕਾ ਖ਼ਿਲਾਫ਼ ਵੀਰਵਾਰ ਮੀਂਹ ਨਾਲ ਪ੍ਰਭਾਵਿਤ ਮੈਚ ਵਿਚ ਆਸਟਰੇਲੀਆ ਦੀ ਪੰਜ ਦੌੜਾਂ ਨਾਲ ਜਿੱਤ ’ਚ 17 ਦੌੜਾਂ ਦੇ ਕੇ ਦੋ ਵਿਕਟਾਂ ਲੈਣ ਵਾਲੀ ਸਕੱਟ ਹੁਣ ਵੀ ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਸ਼ੇਫਾਲੀ ਦੀ ਹਮਲਾਵਰ ਬੱਲੇਬਾਜ਼ੀ ਨੂੰ ਭੁੱਲੀ ਨਹੀਂ ਹੈ। ਸ਼ੇਫਾਲੀ ਨੇ ਉਨ੍ਹਾਂ ਦੇ ਪਹਿਲੇ ਓਵਰ ਵਿਚ ਹੀ ਚਾਰ ਚੌਕੇ ਲਾਏ ਸਨ ਤੇ ਸਕੱਟ ਨੇ ਸਵੀਕਾਰ ਕੀਤਾ ਕਿ ਉਹ ਭਾਰਤੀ ਸਲਾਮੀ ਬੱਲੇਬਾਜ਼ ਨੂੰ ਗੇਂਦਬਾਜ਼ੀ ਕਰਨ ਬਾਰੇ ਫ਼ਿਕਰਮੰਦ ਹੈ। ਆਈਸੀਸੀ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਸਕੱਟ ਨੇ ਕਿਹਾ ‘ਮੈਨੂੰ ਭਾਰਤ ਨਾਲ ਖੇਡਣਾ ਪਸੰਦ ਨਹੀਂ ਹੈ। ਉਹ ਮੇਰੇ ’ਤੇ ਹਾਵੀ ਹੋ ਜਾਂਦੇ ਹਨ। ਸ਼ੇਫਾਲੀ ਤੇ ਸਮ੍ਰਿਤੀ ਨੇ ਮੇਰੀਆਂ ਗੇਂਦਾਂ ਆਸਾਨੀ ਨਾਲ ਖੇਡੀਆਂ ਹਨ।’ ਸਕੱਟ ਨੇ ਮੰਨਿਆ ਕਿ ਤਿੰਨ ਦੇਸ਼ਾਂ ਦੀ ਲੜੀ ਵਿਚ ਸ਼ੇਫਾਲੀ ਨੇ ਜਿਹੜਾ ਛੱਕਾ ਉਸ ਦੀ ਗੇਂਦ ’ਤੇ ਲਾਇਆ ਸੀ ਉਹ ਸ਼ਾਇਦ ਉਸ ਦੀ ਕਿਸੇ ਗੇਂਦ ’ਤੇ ਲਾਇਆ ਸਭ ਤੋਂ ਵੱਡਾ ਛੱਕਾ ਸੀ। ਸਕੱਟ ਨੇ ਕਿਹਾ ਕਿ ਉਸ ਲਈ ਯਕੀਨੀ ਤੌਰ ’ਤੇ ਰਣਨੀਤੀ ਬਣਾਈ ਜਾਂਦੀ ਹੋਵੇਗੀ ਤਾਂ ਹੀ ਉਹ ਆਸਾਨੀ ਨਾਲ ਉਸ ਨੂੰ ਖੇਡ ਲੈਂਦੀਆਂ ਹਨ। ਪਿਛਲੇ ਮਹੀਨੇ ਤਿੰਨ ਦੇਸ਼ਾਂ ਦੀ ਲੜੀ ਵਿਚ ਸ਼ੇਫਾਲੀ ਤੇ ਸਮ੍ਰਿਤੀ ਨੇ ਮੇਗਨ ਸਕੱਟ ਦੀਆਂ ਗੇਂਦਾਂ ’ਤੇ ਚੰਗਾ ਸ਼ਾਟ ਜੜੇ ਸਨ। ਦੋਵੇਂ ਟੀਮਾਂ ਹੁਣ ਐਤਵਾਰ ਨੂੰ ਆਹਮੋ-ਸਾਹਮਣੇ ਹੋਣਗੀਆਂ।
ਭਾਰਤ ਤੇ ਆਸਟਰੇਲੀਆ ਵਿਚਾਲੇ ਐਤਵਾਰ ਨੂੰ ਹੋਣ ਵਾਲੇ ਫਾਈਨਲ ਮੁਕਾਬਲੇ ’ਚ ਨਿਊਜ਼ੀਲੈਂਡ ਦੀ ਕਿਮ ਕੌਟਨ ਤੇ ਪਾਕਿਸਤਾਨ ਦੇ ਅਹਿਸਾਨ ਰਜ਼ਾ ਮੈਦਾਨੀ ਅੰਪਾਇਰ ਹੋਣਗੇ। ਭਾਰਤ ਪਹਿਲੀ ਵਾਰ ਖ਼ਿਤਾਬ ਜਿੱਤਣ ’ਤੇ ਨਜ਼ਰਾਂ ਲਾਈ ਬੈਠਾ ਹੈ। ਇਨ੍ਹਾਂ ਮੈਦਾਨੀ ਅੰਪਾਇਰਾਂ ਦੀ ਮਦਦ ਲਈ ਵੈਸਟ ਇੰਡੀਜ਼ ਦੇ ਗ੍ਰੇਗਰੀ ਬ੍ਰੈਥਵੇਟ ਟੀਵੀ ਅੰਪਾਇਰ ਹੋਣਗੇ। ਜ਼ਿੰਬਾਬਵੇ ਦੇ ਲੈਂਗਟਨ ਰੂਸਰੇ ਚੌਥੇ ਅੰਪਾਇਰ ਤੇ ਇੰਗਲੈਂਡ ਦੇ ਕ੍ਰਿਸ ਬਰਾਡ ਮੈਚ ਰੈਫ਼ਰੀ ਹੋਣਗੇ।

Previous articleਸ਼ਤਰੰਜ ਓਲੰਪਿਆਡ: ਭਾਰਤ ਦੀ ਅਗਵਾਈ ਕਰਨਗੇ ਆਨੰਦ ਤੇ ਹੰਪੀ
Next articleਜਾਅਲੀ ਪਾਸਪੋਰਟ ਮਾਮਲੇ ’ਚ ਰੋਨਾਲਡਿਨ੍ਹੋ ਦਾ ਬਚਾਅ