ਦੋ ਸਾਲ ਹੋਵੇਗੀ ਅਹੁਦੇ ਦੀ ਮਿਆਦ; ਮੋਦੀ ਦੀ ਅਗਵਾਈ ਹੇਠਲੀ ਕਮੇਟੀ ਨੇ ਲਿਆ ਫ਼ੈਸਲਾ
ਮੱਧ ਪ੍ਰਦੇਸ਼ ਪੁਲੀਸ ਦੇ ਸਾਬਕਾ ਮੁਖੀ ਰਿਸ਼ੀ ਕੁਮਾਰ ਸ਼ੁਕਲਾ ਨੂੰ ਸੀਬੀਆਈ ਦਾ ਡਾਇਰੈਕਟਰ ਨਿਯੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਕਾਰਜਕਾਲ ਪੱਕੇ ਤੌਰ ਉੱਤੇ ਦੋ ਸਾਲ ਹੋਵੇਗਾ। ਇਸ ਸਬੰਧੀ ਪਰਸੋਨਲ ਮੰਤਰਾਲੇ ਨੇ ਅੱਜ ਹੁਕਮ ਜਾਰੀ ਕੀਤੇ ਹਨ। ਸ੍ਰੀ ਸ਼ੁਕਲਾ ਜੋ ਕਿ ਇਸ ਸਮੇਂ ਮੱਧ ਪ੍ਰਦੇਸ਼ ਦੇ ਭੋਪਾਲ ’ਚ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਚੇਅਰਮੈਨ ਹਨ, 1983 ਬੈਚ ਦੇ ਆਈਪੀਐੱਸ ਅਧਿਕਾਰੀ ਹਨ। ਉਨ੍ਹਾਂ ਦੀ ਨਿਯੁਕਤੀ ਆਲੋਕ ਕੁਮਾਰ ਵਰਮਾ ਦੀ ਥਾਂ ਕੀਤੀ ਗਈ ਹੈ। ਸ਼ੁਕਲਾ ਦੀ ਨਿਯੁਕਤੀ ਸਬੰਧੀ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕਾਇਮ ਚੋਣ ਕਮੇਟੀ ਦੀਆਂ 24 ਜਨਵਰੀ ਅਤੇ 1 ਫਰਵਰੀ ਨੂੰ ਹੋਈਆਂ ਮੀਟਿੰਗਾਂ ਤੋਂ ਬਾਅਦ ਲਿਆ ਗਿਆ ਹੈ। ਉਨ੍ਹਾਂ ਦੇ ਨਾਂਅ ਉੱਤੇ ਪਹਿਲੀ ਫਰਵਰੀ ਨੂੰ ਸਹੀ ਪਾਈ ਗਈ ਹੈ। ਇਸ ਨਿਯੁਕਤੀ ਨੂੰ ਇਸ ਕਰਕੇ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਸੁਪਰੀਮ ਕੋਰਟ ਨੇ ਸੀਬੀਆਈ ਡਾਇਰੈਕਟਰ ਦੀ ਆਰਜ਼ੀ ਨਿਯੁਕਤੀ ਕਰਨ ਉੱਤੇ ਅਤੇ ਸਰਕਾਰ ਵੱਲੋਂ ਨਿਯੁਕਤੀ ਵਿਚ ਕੀਤੀ ਜਾ ਰਹੀ ਦੇਰੀ ਉੱਤੇ ਆਪਣੀ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਸੀ ਅਤੇ ਕਿਹਾ ਸੀ ਕਿ ਸੀਬੀਆਈ ਡਾਇਰੈਕਟਰ ਦੀ ਨਿਯੁਕਤੀ ਤੁਰੰਤ ਹੋਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਵਿਚ ਕਿਹਾ ਸੀ ਕਿ ਸੀਬੀਆਈ ਡਾਇਰੈਕਟਰ ਦੀ ਆਸਾਮੀ ਅਹਿਮ ਅਤੇ ਸੰਵੇਦਨਸ਼ੀਲ ਹੈ ਤੇ ਇਹ ਚੰਗਾ ਨਹੀ ਕਿ ਸੀਬੀਆਈ ਦਾ ਲੰਬੇ ਸਮੇਂ ਲਈ ਅੰਤਰਿਮ ਡਾਇਰੈਕਟਰ ਲਾਇਆ ਜਾਵੇ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਹ ਜਾਨਣਾ ਚਾਹਿਆ ਸੀ ਕਿ ਸਰਕਾਰ ਦੱਸੇ ਕਿ ਉਸ ਨੇ ਹੁਣ ਤੱਕ ਸੀਬੀਆਈ ਡਾਇਰੈਕਟਰ ਦੀ ਨਿਯੁਕਤੀ ਕਿਉਂ ਨਹੀ ਕੀਤੀ। ਸੀਬੀਆਈ ਡਾਇਰੈਕਟਰ ਦੀ ਆਸਾਮੀ ਆਲੋਕ ਵਰਮਾ ਨੂੰ 10 ਜਨਵਰੀ ਨੂੰ ਅਹੁਦੇ ਤੋਂ ਹਟਾਉਣ ਬਾਅਦ ਖਾਲੀ ਪਈ ਸੀ। ਸਰਕਾਰ ਨੇ ਵਰਮਾ ਅਤੇ ਗੁਜਰਾਤ ਕੇਡਰ ਦੇ ਆਈਪੀਐੱਸ ਅਧਿਕਾਰੀ ਰਾਕੇਸ਼ ਅਸਥਾਨਾ ਵਿਚਕਾਰ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਆਪਸੀ ਲੜਾਈ ਛਿੜਨ ਬਾਅਦ ਵਰਮਾ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ। ਦੋਵਾਂ ਅਧਿਕਾਰੀਆਂ ਨੇ ਇੱਕ ਦੂਜੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ। ਵਰਮਾ ਤੋਂ ਬਾਅਦ ਐੱਮ ਨਾਗੇਸ਼ਵਰ ਰਾਓ ਸੀਬੀਆਈ ਦੇ ਅੰਤਰਿਮ ਮੁਖੀ ਵਜੋਂ ਅਹੁਦੇ ਉੱਤੇ ਤਾਇਨਾਤ ਹਨ। ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਿਵਾਸ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਚੱਲੀ ਮੀਟਿੰਗ ਵਿਚ ਦੇਸ਼ ਦੇ ਚੀਫ ਜਸਟਿਸ ਰੰਜਨ ਗੋਗੋਈ, ਕਾਂਗਰਸ ਦੇ ਸੰਸਦ ਮੈਂਬਰ ਮਲਿਕਾਰਜੁਨ ਖੜਗੇ, ਜੋ ਕਿ ਲੋਕ ਸਭਾ ਵਿਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੇ ਆਗੂ ਹਨ, ਸ਼ਾਮਲ ਹੋਏ।