ਟੋਕੀਓ (ਸਮਾਜ ਵੀਕਲੀ) : ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਦੇ ਕਾਫ਼ੀ ਸਮੇਂ ਤੋਂ ਵਫ਼ਾਦਾਰ ਸਹਾਇਕ ਰਹੇ ਮੁੱਖ ਕੈਬਨਿਟ ਸਕੱਤਰ ਯੋਸ਼ਿਹਦੇ ਸੁਗਾ ਉਨ੍ਹਾਂ ਦੇ ਉੱਤਰਾਧਿਕਾਰੀ ਵਜੋਂ ਥਾਂ ਲੈ ਸਕਦੇ ਹਨ। ਸੱਤਾਧਾਰੀ ਲਿਬਰਲ ਡੈਮੋਕਰੈਟਿਕ ਪਾਰਟੀ ਦੇ ਮੈਂਬਰ ਯੋਸ਼ਿਦੇ ਸੁਗਾ ਨਾਲ ਦੂਜੇ ਪਾਰਟੀ ਵਿੰਗਾਂ ਦੇ ਆਗੂਆਂ ਵੱਲੋਂ ਵੀ ਗੱਲਬਾਤ ਕੀਤੀ ਗਈ ਹੈ, ਕਿਉਂਕਿ ਉਨ੍ਹਾਂ ਮੁਤਾਬਕ ਉਹ ਸ੍ਰੀ ਐਬੇ ਦੀਆਂ ਨੀਤੀਆਂ ਨੂੰ ਅੱਗੇ ਵੀ ਜਾਰੀ ਰੱਖਣ ਦੇ ਸਮਰੱਥ ਹਨ, ਜਿਸ ’ਚ ਜਪਾਨ ਤੇ ਅਮਰੀਕਾ ਦਾ ਸੁਰੱਖਿਆ ਸਮਝੌਤਾ, ਕਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਦੇ ਢੰਗ ਤੇ ਅਰਥਵਿਵਸਥਾ ਨੂੰ ਅੱਗੇ ਲਿਜਾਣ ਦੇ ਤਰੀਕੇ ਸ਼ਾਮਲ ਹਨ। ਸ੍ਰੀ ਸੁਗਾ ਜਲਦੀ ਹੀ ਆਪਣੀ ਉਮੀਦਵਾਰੀ ਤੇ ਨੀਤੀਆਂ ਬਾਰੇ ਗੱਲਬਾਤ ਕਰ ਸਕਦੇ ਹਨ। ਜਪਾਨ ਦੇ ਸਭ ਤੋਂ ਲੰਮਾ ਸਮਾਂ ਮੁੱਖ ਕੈਬਨਿਟ ਸਕੱਤਰ ਵਜੋਂ ਕੰਮ ਕਰਨ ਵਾਲੇ ਸ੍ਰੀ ਸੁਗਾ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਦੇ ਮੁੱਖ ਕੋਆਰਡੀਨੇਟਰ ਤੇ ਸਲਾਹਕਾਰ ਰਹੇ ਹਨ।