ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਬਰਗਾੜੀ ਤੇ ਹੋਰਨਾਂ ਬੇਅਦਬੀਆਂ ਕਾਰਨ ਕਾਲੀ ਦੀਵਾਲੀ ਮਨਾਉਣ ਦੀ ਅਪੀਲ ਤੋਂ ਬਾਅਦ ਹਿੰਦੂ ਸੰਗਠਨਾਂ ਵਿੱਚ ਰੋਸ ਹੈ। ਇਸ ਸਬੰਧ ਵਿੱਚ ਅੱਜ ਸ਼ਿਵਾ ਸੈਨਾ ਪੰਜਾਬ ਵੱਲੋਂ ਪਾਰਟੀ ਦੇ ਹਲਕਾ ਕੇਂਦਰੀ ਦੇ ਇੰਚਾਰਜ ਵਿਪਨ ਸੂਦ ਕਾਕਾ ਦੇ ਘਰ ਦੇ ਬਾਹਰ ਘਿਰਾਓ ਕੀਤਾ। ਇਸ ਦੌਰਾਨ ਸ਼ਿਵ ਸੈਨਾ ਦੇ ਮੈਂਬਰਾਂ ਤੇ ਪੁਲੀਸ ਦੀ ਤਲਖੀ ਵੀ ਹੋਈ।
ਸ਼ਿਵ ਸੈਨਾ ਪੰਜਾਬ ਦੇ ਕੌਮੀ ਚੇਅਰਮੈਨ ਰਾਜੀਵ ਟੰਡਨ ਦੀ ਅਗਵਾਈ ਵਿੱਚ ਸ਼ਿਵ ਸੈਨਾ ਦੇ ਆਗੂ ਫੀਲਡ ਗੰਜ ਸਥਿਤ ਵਿਪਨ ਸੂਦ ਕਾਕਾ ਦੇ ਦਫ਼ਤਰ ਪੁੱਜੇ। ਉਨ੍ਹਾਂ ਨੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕਰਨ ਵਾਲਿਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ, ਲੋਕ ਇਨਸਾਫ਼ ਪਾਰਟੀ ਦੇ ਆਗੂ ਵਿਪਨ ਸੂਦ ਨੇ ਵੀ ਆਪਣੇ ਦਫ਼ਤਰ ਵਿੱਚ ਸਮਰੱਥਕ ਬਿਠਾਏ ਹੋਏ ਸਨ। ਉਨ੍ਹਾਂ ਨੇ ਸ਼ਿਵ ਸੈਨਾ ਵੱਲੋਂ ਨਾਅਰੇਬਾਜ਼ੀ ਹੋਣ ਕਾਰਨ ਵਿਪਨ ਸੂਦ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਮੌਕੇ ’ਤੇ ਪੱਜੇ, ਜਿਨ੍ਹਾਂ ਨੇ ਦੋਵਾਂ ਪੱਖਾਂ ਦੀ ਨਾਅਰੇਬਾਜ਼ੀ ਨੂੰ ਬੰਦ ਕਰਵਾਇਆ।
ਇਸ ਦੌਰਾਨ ਸ਼ਿਵ ਸੈਨਾ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਵਿਪਨ ਸੂਦ ਕਾਕਾ ਨੇ ਕਿਹਾ ਕਿ ਉਹ ਹਿੰਦੂ ਪਰਿਵਾਰ ਤੋਂ ਹੈ ਤੇ ਆਪਣੇ ਧਰਮ ਦੇ ਅਨੁਸਾਰ ਦੀਵਾਲੀ ਮਨਾਉਣਗੇ। ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਬੇਅਦਬੀ ਮਾਮਲੇ ਕਾਰਨ ਇਹ ਕਿਹਾ ਸੀ ਉਹ ਕਾਲੀ ਦੀਵਾਲੀ ਮਨਾਉਣਗੇ ਤੇ ਲੋਕਾਂ ਨੂੰ ਉਸ ਵਿੱਚ ਸਾਥ ਦੇਣ ਦੀ ਅਪੀਲ ਕੀਤੀ ਸੀ, ਪਰ ਉਨ੍ਹਾਂ ਨੇ ਅਜਿਹਾ ਕੋਈ ਫੈਸਲਾ ਲੋਕਾਂ ’ਤੇ ਜਾ ਪਾਰਟੀ ਵਰਕਰਾਂ ’ਤੇ ਥਾਪਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਆਪਣੇ ਧਰਮ ਦੇ ਮੁਤਾਬਕ ਦੀਵਾਲੀ ਮਨਾਉਣਗੇ।
ਇਸ ਮੌਕੇ ’ਤੇ ਸੌਰਭ ਅਰੌੜਾ, ਅਮਿਤ ਕੌਂਡਲ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਉਹ ਸਿੱਖ ਭਾਈਚਾਰੇ ਦੇ ਨਾਲ ਹਨ। ਪਰ ਕੁਝ ਲੋਕ ਸਿਆਸੀ ਲਾਹਾ ਲੈਣ ਲਈ ਤਿਉਹਾਰਾਂ ਨੂੰ ਖ਼ਰਾਬ ਕਰ ਰਹੇ ਹਨ।
INDIA ਸ਼ਿਵ ਸੈਨਿਕਾਂ ਨੇ ਲੋਕ ਇਨਸਾਫ਼ ਪਾਰਟੀ ਦੇ ਆਗੂ ਦਾ ਘਰ ਘੇਰਿਆ