ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲੇ ਵਿੱਚ ਇਕ ਵਾਹਨ ਦੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਤਿੰਨ ਜੋੜਿਆਂ ਸਮੇਤ 13 ਜਣੇ ਮਾਰੇ ਗਏ। ਸ਼ਿਮਲਾ ਦੇ ਐਸਪੀ ਓਮਾਪਤੀ ਜਾਮਵਾਲ ਨੇ ਦੱਸਿਆ ਕਿ ਹਾਦਸਾ ਕੁੱਡੂ ਤੋਂ ਤਿੰਨ ਕਿਲੋਮੀਟਰ ਦੂਰ ਤਿਊਨੀ ਰੋਡ ’ਤੇ ਸਨੇਲ ’ਚ ਵਾਪਰਿਆ। ਇਹ ਮੰਦਭਾਗੀ ਟ੍ਰੈਕਸ ਗੱਡੀ (ਐਚਪੀ 02 0695) ਤਿਊਨੀ ਤੋਂ ਸਵਾਰਾ ਜਾ ਰਹੀ ਸੀ। ਵਾਹਨ ਵਿੱਚ ਸਵਾਰ ਸਾਰੇ 13 ਜਣੇ ਮਾਰੇ ਗਏ। ਸ੍ਰੀ ਜਾਮਵਾਲ ਨੇ ਦੱਸਿਆ ਕਿ ਦਸ ਮੌਤਾਂ ਥਾਂ ’ਤੇ ਹੀ ਹੋ ਗਈਆਂ ਜਦਕਿ ਤਿੰਨ ਜਣੇ ਰੋਹੜੂ ਹਸਪਤਾਲ ਪਹੁੰਚ ਕੇ ਦਮ ਤੋੜ ਗਏ। ਮਰਨ ਵਾਲਿਆਂ ਦੀ ਪਛਾਣ ਮਤਵਰ ਸਿੰਘ (48) ਤੇ ਉਸ ਦੀ ਪਤਨੀ ਬਸੰਤੀ ਦੇਵੀ (44), ਉਨ੍ਹਾਂ ਦਾ ਪੁੱਤਰ ਮੁਨੀਸ਼ (24), ਪ੍ਰੇਮ ਸਿੰਘ (38) ਤੇ ਉਸ ਦੀ ਪਤਨੀ ਪੂਨਮ (30) ਤੇ ਉਨ੍ਹਾਂ ਦੀ ਧੀ ਰਿਧਿਮਾ (6), ਅਤਰ ਸਿੰਘ (44), ਉਸ ਦੀ ਪਤਨੀ ਮੁੰਨਾ ਦੇਵੀ (40) , ਬਿੱਟੂ (42) , ਬਾਂਦੀ ਦੇਵੀ (48) , ਨਰ ਸਿੰਘ (35) , ਮਨੋਜ (35) ਤੇ ਅਨਿਲ (28) ਵਜੋਂ ਹੋਈ ਹੈ। ਐਸਪੀ ਨੇ ਦੱਸਿਆ ਕਿ ਜਬਾਲ ਦੇ ਐਸਐਚਓ ਤੇ ਸਵਾਰਾ ਪੁਲੀਸ ਚੌਕੀ ਦੇ ਇੰਚਾਰਜ ਦੀ ਅਗਵਾਈ ਹੇਠ ਇਕ ਪੁਲੀਸ ਟੀਮ ਹਾਦਸੇ ਦੀ ਇਤਲਾਹ ਮਿਲਣ ਤੋਂ ਥੋੜ੍ਹੀ ਦੇਰ ਬਾਅਦ ਮੌਕੇ ’ਤੇ ਪਹੁੰਚ ਗਈ ਸੀ। ਟੀਮ ਨੇ ਤਿੰਨ ਜ਼ਖ਼ਮੀਆਂ ਨੂੰ ਰੋਹੜੂ ਹਸਪਤਾਲ ਭਿਜਵਾਇਆ ਪਰ ਉਹ ਬਚ ਨਾ ਸਕੇ।