ਕਾਂਗਰਸ ਦੀ 10 ਸਾਲਾਂ ਬਾਅਦ ਝੰਡੀ

ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰਾਂ ਦੀ ਹੂੰਝਾਫੇਰ ਜਿੱਤ ਹੋਈ ਹੈ। ਵੋਟਾਂ ਦੇ ਗਿਣਤੀ ਕੇਂਦਰਾਂ ਤੋਂ ਦੇਰ ਰਾਤ ਤੱਕ ਮਿਲੇ ਰੁਝਾਨਾਂ ਮੁਤਾਬਕ ਸੂਬੇ ਦੀਆਂ ਸਾਰੀਆਂ 22 ਜ਼ਿਲ੍ਹਾ ਪਰਿਸ਼ਦਾਂ ’ਤੇ ਕਾਂਗਰਸ ਨੇ ਕਬਜ਼ਾ ਕਰ ਲਿਆ ਹੈ। ਇਸੇ ਤਰ੍ਹਾਂ 150 ਪੰਚਾਇਤ ਸਮਿਤੀਆਂ ਵਿੱਚੋਂ ਵੀ 145 ਤੋਂ ਵੱਧ ’ਤੇ ਕਾਂਗਰਸ ਨੂੰ ਬਹੁਮਤ ਮਿਲ ਰਿਹਾ ਹੈ। ਪੰਚਾਇਤ ਸਮਿਤੀਆਂ ਵਿੱਚ ਮਜੀਠਾ ਬਲਾਕ ਨੇ ਸ਼੍ਰੋਮਣੀ ਅਕਾਲੀ ਦਲ ਦੀ ਲਾਜ ਰੱਖੀ ਹੈ ਜਿੱਥੇ ਸਪੱਸ਼ਟ ਬਹੁਮਤ ਮਿਲਿਆ ਹੈ। ਪੰਜਾਬ ਵਿੱਚ ਡੇਢ ਕੁ ਸਾਲ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਵਿਰੋਧੀ ਧਿਰ ਦੇ ਰੂਪ ਵਿੱਚ ਉਭਰੀ ਆਮ ਆਦਮੀ ਪਾਰਟੀ (ਆਪ) ਦੇ ਪੱਲੇ ਭਾਰੀ ਨਿਰਾਸ਼ਾ ਪਈ ਹੈ। ਇਸ ਪਾਰਟੀ ਦਾ ਕੁਝ ਕੁ ਸਮਿਤੀਆਂ ’ਤੇ ਮਹਿਜ਼ ਖਾਤਾ ਹੀ ਖੁੱਲ੍ਹ ਸਕਿਆ ਹੈ। ਸੂਬੇ ਵਿੱਚ 19 ਸਤੰਬਰ ਨੂੰ ਇਨ੍ਹਾਂ ਸੰਸਥਾਵਾਂ ਲਈ ਵੋਟਾਂ ਪਈਆਂ ਸਨ ਅਤੇ ਅੱਜ ਸਵੇਰੇ ਅੱਠ ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਵੋਟਾਂ ਦੀ ਗਿਣਤੀ ਆਰੰਭ ਹੋਣ ਸਮੇਂ ਮੋਗਾ ਅਤੇ ਹੋਰਨਾਂ ਕੁਝ ਥਾਵਾਂ ’ਤੇ ਤਣਾਅ ਦੀਆਂ ਖ਼ਬਰਾਂ ਆਈਆਂ ਸਨ ਪਰ ਸੂਬਾ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਵੱਲੋਂ ਦਿੱਤੀਆਂ ਹਦਾਇਤਾਂ ਤੋਂ ਬਾਅਦ ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲੀਸ ਮੁਖੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ। ਵਿਧਾਨ ਸਭਾ ਹਲਕਾ ਗੁਰੂ ਹਰਸਹਾਏ ਵਿੱਚ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੋਂ ਬਾਅਦ ਨਤੀਜਾ ਐਲਾਨਣ ਨੂੰ ਲੈ ਕੇ ਕਾਂਗਰਸੀਆਂ ਤੇ ਅਕਾਲੀਆਂ ਦਰਮਿਆਨ ਟਕਰਾਅ ਦੀ ਸਥਿਤੀ ਬਣੀ ਸੀ ਤੇ ਮਾਮੂਲੀ ਹਿੰਸਾ ਦੀਆਂ ਰਿਪੋਰਟਾਂ ਵੀ ਮਿਲੀਆਂ ਹਨ। ਇਨ੍ਹਾਂ ਪੰਚਾਇਤੀ ਰਾਜ ਸੰਸਥਾਵਾਂ ’ਤੇ ਕਾਂਰਗਸ ਪਾਰਟੀ ਦਾ ਝੰਡਾ ਪੂਰੇ ਦਸ ਸਾਲਾਂ ਬਾਅਦ ਝੁੱਲਿਆ ਹੈ। 2008 ਅਤੇ 2013 ਵਿੱਚ ਹੋਈਆਂ ਚੋਣਾਂ ਦੌਰਾਨ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੀ ਜੇਤੂ ਰਹੇ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਪਣੇ ਜੱਦੀ ਗੜ੍ਹ ਮੁਕਸਤਰ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ ਅਤੇ ਮਾਨਸਾ ਵਿੱਚ ਵੀ ਕਾਂਗਰਸ ਦੀ ਫਤਿਹ ਅਕਾਲੀ ਦਲ ਲਈ ਵੱਡਾ ਝਟਕਾ ਹੈ। ਲੰਬੀ ਪੰਚਾਿੲਤ ਸਮਿਤੀ ਦਾ ਨਤੀਜਾ ਐਲਾਨਿਆ ਨਹੀਂ ਗਿਆ। ਜਦੋਂ ਕਿ ਜਲਾਲਾਬਾਦ ਵਿੱਚ ਕਾਂਗਰਸ ਨੂੰ ਬਹੁਮਤ ਮਿਲ ਗਿਆ ਹੈ। ਹਾਲਾਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਨੇ ਅਕਾਲੀ ਵਰਕਾਰਾਂ ਦਾ ਮਨੋਬਲ ਚੁੱਕਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਸੀ ਤੇ ਖੁਦ ਚੋਣਾਂ ਵਾਲੇ ਦਿਨ ਮੈਦਾਨ ਵਿੱਚ ਨਿੱਤਰੇ ਸਨ। ਚੋਣਾਂ ਦੌਰਾਨ ਖਾਸ ਕਰਕੇ ਮਾਲਵਾ ਖਿੱਤੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਪੁਲੀਸ ਗੋਲੀ ਕਾਂਡ ਦਾ ਮੁੱਦਾ ਭਾਰੂ ਰਿਹਾ। ਸ਼੍ਰੋਮਣੀ ਅਕਾਲੀ ਦਲ ਨੇ ਬੇਅਦਬੀ ਕਾਂਡ ’ਤੇ ਹੋਈ ਬਹਿਸ ਤੋਂ ਬਾਅਦ ਬਦਨਾਮੀ ਦੇ ਦਾਗ ਧੋਣ ਲਈ ਚੋਣਾਂ ਨੂੰ ਲੁਕਵਾਂ ਨਿਸ਼ਾਨਾ ਬਣਾ ਕੇ ਮਾਲਵਾ ਖੇਤਰ ਵਿੱਚ ਖੁੱਸਿਆ ਵੱਕਾਰ ਬਹਾਲ ਕਰਨ ਲਈ ਅਬੋਹਰ ਅਤੇ ਫ਼ਰੀਦਕੋਟ ਵਿੱਚ ਰੈਲੀਆਂ ਵੀ ਕੀਤੀਆਂ। ਅਬੋਹਰ ਇਲਾਕੇ ਵਿੱਚ ਤਾਂ ਅਕਾਲੀ ਦਲ ਅਤੇ ਭਾਜਪਾ ਖਾਤਾ ਖੋਲ੍ਹਣ ਵਿੱਚ ਕਾਮਯਾਬ ਰਹੇ ਜਦੋਂ ਕਿ ਫਰੀਦਕੋਟ ਜ਼ਿਲ੍ਹੇ ’ਚ ਪੰਥਕ ਪਾਰਟੀ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਚੋਣਾਂ ਨਾਲ ਅਕਾਲੀਆਂ ਦਾ ਦਿਹਾਤੀ ਵੋਟ ਬੈਂਕ ਖਿਸਕਦਾ ਵੀ ਦਿਖਾਈ ਦੇ ਰਿਹਾ ਹੈ। ਸੂਬੇ ਦੇ ਕਈ ਸਿਆਸਤਦਾਨਾਂ ਨੇ ਆਪਣੇ ਧੀਆਂ-ਪੁੱਤਾਂ ਨੂੰ ਵੀ ਇਨ੍ਹਾਂ ਚੋਣਾਂ ਦੌਰਾਨ ਸਾਹਮਣੇ ਲਿਆਂਦਾ ਸੀ ਅਤੇ ਕੁਝ ਸਿਆਸਤਦਾਨਾਂ ਨੂੰ ਇਸ ਵਿੱਚ ਕਾਮਯਾਬੀ ਵੀ ਮਿਲੀ ਹੈ। ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਪੁੱਤਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਲੜਕੀ ਜਿੱਤਣ ਵਿੱਚ ਕਾਮਯਾਬ ਰਹੇ। ਮਾਝੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਅੰਦਰ ਅਕਾਲੀਆਂ ਨੂੰ ਨਮੋਸ਼ੀ ਝੱਲਣੀ ਪਈ। ਮਾਲਵੇ ਵਿੱਚ ਪਟਿਆਲਾ ਸਮੇਤ ਕਈ ਹੋਰ ਜ਼ਿਲ੍ਹੇ ਵੀ ਅਕਾਲੀਆਂ ਲਈ ਨਿਰਾਸ਼ਾਜਨਕ ਰਹੇ। ਇਨ੍ਹਾਂ ਚੋਣਾਂ ਨੂੰ ਅਕਾਲੀ ਦਲ ਨੇ ਵੱਕਾਰੀ ਬਣਾਉਂਦਿਆਂ ਵਿਧਾਨ ਸਭਾ ਚੋਣਾਂ ਦੀ ਨਮੋਸ਼ੀ ਖ਼ਤਮ ਕਰਨ ਦਾ ਰਾਹ ਲੱਭਿਆ ਸੀ ਪਰ ਅਕਾਲੀ ਦਲ ਨੂੰ ਇਸ ਵਿੱਚ ਕਾਮਯਾਬੀ ਨਹੀਂ ਮਿਲੀ। ਮਾਝੇ ਵਿੱਚ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਕਾਂਗਰਸ ਨੂੰ ਸ਼ਾਨਦਾਰ ਜਿੱਤ ਮਿਲੀ। ਮਾਲਵੇ ਵਿੱਚ ਵੀ ਜ਼ਿਲ੍ਹਾ ਪਰਿਸ਼ਦਾਂ ’ਤੇ ਕਾਂਗਰਸ ਕਾਬਜ਼ ਹੋਈ ਹੈ ਪਰ ਪੰਚਾਇਤ ਸਮਿਤੀਆਂ ਵਿੱਚ ਜ਼ਰੂਰ ਅਕਾਲੀਆਂ ਤੇ ‘ਆਪ’ ਨੂੰ ਸੀਟਾਂ ਮਿਲੀਆਂ ਹਨ।
ਮਜੀਠੀਆ ਦੀ ਝੰਡੀ ਪਰ ਬਾਦਲ ਮੁਰਝਾਏ: ਸ਼੍ਰੋਮਣੀ ਅਕਾਲੀ ਦਲ ਦੇ ਚਰਚਿਤ ਨੇਤਾ ਵਜੋਂ ਜਾਣੇ ਜਾਂਦੇ ਬਿਕਰਮ ਸਿੰਘ ਮਜੀਠੀਆ ਦੇ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਪੰਚਾਇਤ ਸਮਿਤੀ ’ਤੇ ਅਕਾਲੀ ਦਲ ਦਾ ਕਬਜ਼ਾ ਹੀ ਬਰਕਰਾਰ ਨਹੀਂ ਰਿਹਾ ਸਗੋਂ ਇਸ ਹਲਕੇ ਵਿੱਚ ਜ਼ਿਲ੍ਹਾ ਪਰਿਸ਼ਦ ਦੇ ਪੈਂਦੇ ਚਾਰੇ ਜ਼ੋਨਾਂ ’ਤੇ ਵੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ। ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਜੱਦੀ ਵਿਧਾਨ ਸਭਾ ਹਲਕਿਆਂ ਲੰਬੀ ਅਤੇ ਜਲਾਲਬਾਦ ਤੋਂ ਬਿਨਾਂ ਅਕਾਲੀ ਦਲ ਦਾ ਮਾਲਵੇ ਵਿੱਚ ਸਫਾਇਆ ਹੋ ਗਿਆ।

Previous articleਸ਼ਿਮਲਾ ਨੇੜੇ ਟ੍ਰੈਕਸ ਖੱਡ ਵਿੱਚ ਡਿੱਗੀ; 13 ਮੌਤਾਂ
Next articleਇਮਰਾਨ ਨੇ ਭਾਰਤ ਦੇ ਇਨਕਾਰ ਨੂੰ ‘ਹੰਕਾਰ’ ਦੱਸਿਆ