ਚੰਡੀਗੜ੍ਹ ਨਗਰ ਨਿਗਮ ਵੱਲੋਂ ਵੈਂਡਿੰਗ ਜ਼ੋਨ ’ਚ ਵੈਂਡਰਾਂ ਨੂੰ ਸ਼ਿਫਟ ਕਰਨ ਨੂੰ ਲੈ ਕੇ ਸ਼ਹਿਰ ’ਚ ਬੈਠੇ ਰੇਹੜੀ ਫੜ੍ਹੀ ਵਾਲਿਆਂ ਨੇ ਲਾਮਬੰਦ ਹੋ ਕੇ ਨਗਰ ਨਿਗਮ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਇਥੇ ਸੈਕਟਰ-19 ਸਥਿਤ ਸਦਰ ਬਾਜ਼ਾਰ ਦੀ ਪਾਰਕਿੰਗ ’ਚ ਸੈਕਟਰ-15,17, 19 ਤੇ ਸੈਕਟਰ-22 ਦੇ ਸਟਰੀਟ ਵੈਂਡਰਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਤੇ ਨਗਰ ਨਿਗਮ ਖ਼ਿਲਾਫ਼ ਮੂੰਹ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰ ਰਹੇ ਸਟਰੀਟ ਵੈਂਡਰਾਂ ਨੇ ਦੋਸ਼ ਲਾਇਆ ਕਿ ਨਗਰ ਨਿਗਮ ਵੱਲੋਂ ਵੈਂਡਰ ਐਕਟ ਅਧੀਨ ਰਜਿਸਟਰਡ ਵੈਂਡਰਾਂ ਦੇ ਮੁੜ ਵਸੇਬੇ ਲਈ ਬਣਾਈ ਟਾਊਨ ਵੈਂਡਿੰਗ ਕਮੇਟੀ ’ਚ ਬੇਨਿਯਮੀਆਂ ਹੋਈਆਂ ਹਨ। ਇਸ ਬਾਰੇ ਉਨ੍ਹਾਂ ਵੱਲੋਂ ਨਿਗਮ ਤੋਂ ਪੂਰਾ ਰਿਕਾਰਡ ਮੰਗਿਆ ਗਿਆ ਹੈ ਤੇ ਨਿਗਮ ਤੇ ਪ੍ਰਸ਼ਾਸਨ ਦੀ ਇਸ ਕਥਿਤ ਧਾਂਧਲੀ ਖ਼ਿਲਾਫ਼ ਸਟਰੀਟ ਵੈਂਡਰਾਂ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਸਣੇ ਪ੍ਰਸ਼ਾਸਕ ਦੇ ਸਲਾਹਕਾਰ, ਗ੍ਰਹਿ ਸਕੱਤਰ, ਸੰਸਦ ਮੈਂਬਰ. ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਨ ਤੇ ਨਗਰ ਨਿਗਮ ਵੱਲੋਂ ਉਨ੍ਹਾਂ ਨੂੰ ਸ਼ਿਫਟ ਕਰਕੇ ਉਨ੍ਹਾਂ ਦੀ ਰੋਜ਼ੀ ਰੋਟੀ ’ਤੇ ਲੱਤ ਮਾਰੀ ਜਾ ਰਹੀ ਹੈ। ਇਸੇ ਤਰ੍ਹਾਂ ਮੌਲੀ ਜਗਰਾਂ ਕਲੋਨੀ ਸਣੇ ਰਾਮ ਦਰਬਾਰ ਦੇ ਵੈਂਡਰਾਂ ਵੱਲੋਂ ਸ਼ਿਫਟ ਨਾ ਹੋਣ ਨੂੰ ਲੈ ਕੇ ਕਈ ਦਿਨਾਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਫੜ੍ਹੀ ਵਰਕਰਜ਼ ਯੂਨੀਅਨ ਵੱਲੋਂ ਵੀ 5 ਦਸੰਬਰ ਨੂੰ ਸਵੇਰੇ ਦਸ ਵਜੇ ਸੈਕਟਰ-20 ਸਥਿਤ ਮੱਠ ਮੰਦਰ ਵਾਲੇ ਗਰਾਉਂਡ ’ਚ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਫੜ੍ਹੀ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰਾਮ ਮਿਲਣ ਗੌੜ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਰੇਹੜੀ ਫੜ੍ਹੀ ਵਾਲਿਆਂ ਨਾਲ ਵੈਂਡਰ ਐਕਟ ਨੂੰ ਲੈ ਕੇ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੇਹੜੀ ਫੜ੍ਹੀ ਵਰਕਰਜ਼ 30 ਦਸੰਬਰ ਨੂੰ ਪਰਿਵਾਰ ਸਣੇ ਪ੍ਰਦਰਸ਼ਨ ਕਰਕੇ ਗ੍ਰਿਫ਼ਤਾਰੀਆਂ ਦੇਣਗੇ। ਉਧਰ, ਨਗਰ ਨਿਗਮ ਨੇ ਅੱਜ ਵੈਂਡਿੰਗ ਜ਼ੋਨ ’ਚ ਥਾਂ ਅਲਾਟ ਕਰਨ ਲਈ ਬਾਕੀ ਬਚੇ 1029 ਰਜਿਸਟਰਡ ਵੈਂਡਰਾਂ ਲਈ ਡਰਾਅ ਕੱਢੇ। ਇਸ ਤੋਂ ਪਹਿਲਾਂ ਨਗਰ ਨਿਗਮ ਵਲੋਂ 3300 ਰਜਿਸਟਰਡ ਵੈਂਡਰਾਂ ਨੂੰ ਡਰਾਅ ਕੱਢ ਕੇ ਉਨ੍ਹਾਂ ਨੂੰ ਵੈਂਡਿੰਗ ਜ਼ੋਨ ’ਚ ਥਾਂ ਅਲਾਟ ਕੀਤੀ ਜਾ ਚੁੱਕੀ ਹੈ। ਬਾਕੀ ਬਚੇ ਵੈਂਡਰ ਜੋ ਜ਼ਰੂਰੀ ਸੇਵਾਂਵਾਂ ਦੀ ਸ਼੍ਰੇਣੀ ’ਚ ਰੱਖੇ ਗਏ ਹਨ, ਵਿੱਚ ਨਾਈ, ਧੋਬੀ, ਮੋਚੀ ਤੇ ਚਾਹ ਵਾਲੇ ਸ਼ਾਮਲ ਹਨ, ਨੂੰ ਸ਼ਿਫਟ ਨਹੀਂ ਕੀਤਾ ਜਾਵੇਗਾ। ਨਗਰ ਨਿਗਮ ਵਲੋਂ ਰਜਿਸਟਰਡ ਵੈਂਡਰਾਂ ਨੂੰ 5 ਦਸੰਬਰ ਤੱਕ ਅਲਾਟ ਕੀਤੀ ਗਈ ਥਾਂ ’ਤੇ ਸ਼ਿਫਟ ਹੋਣ ਦਾ ਸਮਾਂ ਦਿੱਤਾ ਗਿਆ ਹੈ। ਅਜਿਹਾ ਨਾ ਕਰਨ ਦੀ ਸੂਰਤ ’ਚ ਨਿਗਮ ਵੱਲੋਂ 6 ਦਸੰਬਰ ਤੋਂ ਅਜਿਹੇ ਵੈਂਡਰਾਂ ਨੂੰ ਸ਼ਿਫਟ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਜੋ ਤਿੰਨ ਦਿਨ ਤੱਕ ਜਾਰੀ ਰਹੇਗੀ। ਇਸ ਬਾਰੇ ਨਿਗਮ ਵੱਲੋਂ ਰਜਿਸਟਰਡ ਵੈਂਡਰਾਂ ਨੂੰ ਵੈਂਡਰ ਜ਼ੋਨ ’ਚ ਸ਼ਿਫਟ ਹੋਣ ਦੀ 5 ਦਸੰਬਰ ਤੱਕ ਦਿੱਤੀ ਮਿਆਦ ਦੌਰਾਨ ਸ਼ਿਫਟ ਨਾ ਹੋਣ ਵਾਲੇ ਵੈਂਡਰਾਂ ਨੂੰ ਖਦੇੜਨ ਲਈ 6 ਦਸੰਬਰ ਤੋਂ ਸ਼ੁਰੂ ਕੀਤੀ ਜਾਣ ਵਾਲੀ ਮੁਹਿੰਮ ਦੌਰਾਨ ਚੁੱਕੇ ਜਾਣ ਵਾਲੇ ਕਦਮਾਂ ਨੂੰ ਲੈ ਕੇ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਦੀ ਪ੍ਰਧਾਨਗੀ ਹੇਠ ਨਿਗਮ ਭਵਨ ’ਚ ਮੀਟਿੰਗ ਹੋਈ। ਮੀਟਿੰਗ ਦੌਰਾਨ ਚੰਡੀਗੜ੍ਹ ਦੀ ਡਿਪਟੀ ਕਮਿਸ਼ਰਨ ਮਨਦੀਪ ਸਿੰਘ ਬਰਾੜ, ਚੰਡੀਗੜ੍ਹ ਪੁਲੀਸ ਦੇ ਐੱਸਐੱਸਪੀ ਨੀਲਾਂਬਰੀ ਜਗਦਾਲੇ ਸਣੇ ਚੰਡੀਗੜ੍ਹ ਪ੍ਰਸ਼ਾਸਨ, ਨਗਰ ਨਿਗਮ ਤੇ ਪੁਲੀਸ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ ਤੇ ਇਸ ਮੁਹਿੰਮ ਦੌਰਾਨ ਕੀਤੀ ਜਾਣ ਵਾਲੀ ਵਿਉਂਤਬੰਦੀ ਨੂੰ ਲੈਕੇ ਚਰਚਾ ਕੀਤੀ ਗਈ।
INDIA ਸ਼ਿਫਟ ਕਰਨ ਦੇ ਮਾਮਲੇ ’ਚ ਵੈਂਡਰ ਤੇ ਨਗਰ ਨਿਗਮ ਆਹਮੋ-ਸਾਹਮਣੇ