ਭਾਰਤੀ ਬੱਲੇਬਾਜ਼ ਸ਼ਿਖਰ ਧਵਨ ਅੰਗੂਠੇ ਦੇ ਫਰੈਕਚਰ ਕਾਰਨ ਅੱਜ ਮੌਜੂਦਾ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਅਤੇ ਉਸ ਦੀ ਥਾਂ ਨੌਜਵਾਨ ਵਿਕਟਕੀਪਰ ਤੇ ਬੱਲੇਬਾਜ਼ ਰਿਸ਼ਭ ਪੰਤ ਨੂੰ ਟੀਮ ਵਿੱਚ ਥਾਂ ਦਿੱਤੀ ਗਈ ਹੈ। ਉਸ ਦੇ ਅੰਗੂਠੇ ਵਿੱਚ ਫਰੈਕਚਰ ਦੀ ਜਾਂਚ ਕੀਤੀ ਗਈ, ਜਿਸ ਤੋਂ ਪਤਾ ਚੱਲਿਆ ਕਿ ਇਸ ਵਿੱਚ ਜ਼ਿਆਦਾ ਸੁਧਾਰ ਨਹੀਂ ਹੋਇਆ। ਆਸਟਰੇਲੀਆ ਖ਼ਿਲਾਫ਼ ਨੌਂ ਜੂਨ ਨੂੰ ਲੰਡਨ ਵਿੱਚ ਹੋਏ ਮੈਚ ਦੌਰਾਨ ਧਵਨ ਦੇ ਖੱਬੇ ਹੱਥ ਦੇ ਅੰਗੂਠੇ ’ਤੇ ਸੱਟ ਲੱਗੀ ਸੀ। ਇਸ ਲਈ ਪਾਕਿਸਤਾਨ (16 ਜੂਨ), ਅਫਗਾਨਿਸਤਾਨ (22 ਜੂਨ) ਅਤੇ ਵੈਸਟ ਇੰਡੀਜ਼ (27 ਜੂਨ) ਖ਼ਿਲਾਫ਼ ਹੋਣ ਵਾਲੇ ਮੈਚਾਂ ਵਿੱਚ ਚੋਣ ਲਈ ਉਹ ਉਪਲਬਧ ਨਹੀਂ ਸੀ। ਟੀਮ ਦੇ ਪ੍ਰਸ਼ਾਸਨਿਕ ਪ੍ਰਬੰਧਕ ਸੁਨੀਲ ਸੁਬਰਮਣੀਅਮ ਨੇ ਪੱਤਰਕਾਰਾਂ ਨੂੰ ਕਿਹਾ, ‘‘ਸ਼ਿਖਰ ਧਵਨ ਦੇ ਖੱਬੇ ਹੱਥ ਦੇ ਅੰਗੂਠੇ ਵਿੱਚ ਫਰੈਕਚਰ ਹੈ। ਜੁਲਾਈ ਦੇ ਅੱਧ ਤੱਕ ਉਸ ਦੇ ਹੱਥ ’ਤੇ ਪਲਾਸਟਰ ਲੱਗਿਆ ਰਹੇਗਾ, ਜਿਸ ਕਾਰਨ ਉਹ ਆਈਸੀਸੀ 2019 ਵਿਸ਼ਵ ਕੱਪ ਤੋਂ ਬਾਹਰ ਹੋ ਗਿਆ।’’ ਉਸ ਨੇ ਕਿਹਾ, ‘‘ਅਸੀਂ ਆਈਸੀਸੀ ਨੂੰ ਉਸ ਦੀ ਥਾਂ ਰਿਸ਼ਭ ਪੰਤ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ।’’ ਪੰਤ ਨੂੰ ਪੰਜ ਇੱਕ ਰੋਜ਼ਾ ਮੈਚਾਂ ਦਾ ਤਜ਼ਰਬਾ ਹੈ, ਪਰ ਦਬਾਅ ਵਿੱਚ ਨਾ ਆਉਣ ਕਾਰਨ ਉਸ ’ਤੇ ਇਹ ਦਾਅ ਖੇਡਿਆ ਗਿਆ ਹੈ। ਉਹ ਅੰਬਾਤੀ ਰਾਇਡੂ ਨਾਲ ਅਧਿਕਾਰਤ ਬਦਲਵੇਂ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਸੀ। ਪਤਾ ਚੱਲਿਆ ਹੈ ਕਿ ਧਵਨ ਆਸਟਰੇਲੀਆ ਖ਼ਿਲਾਫ਼ ਆਪਣੀ ਇਸ ਸੱਟ ਦੇ ਬਾਵਜੂਦ ਖੇਡਿਆ ਸੀ ਅਤੇ ਸੈਂਕੜਾ ਮਾਰਿਆ ਸੀ।ਇੱਕ ਸੂਤਰ ਨੇ ਦੱਸਿਆ, ‘‘ਧਵਨ ਸਮੇਂ ਸਿਰ ਫਿੱਟ ਨਹੀਂ ਹੋ ਸਕਦਾ ਸੀ। ਟੀਮ ਪ੍ਰਬੰਧਨ ਉਸ ਦੀ ਥਾਂ ਖਿਡਾਰੀ ਨੂੰ ਸ਼ਾਮਲ ਨਹੀਂ ਕਰਨਾ ਚਾਹੁੰਦਾ ਸੀ, ਜਦਕਿ ਚੋਣਕਾਰ ਧਵਨ ਦੀ ਸੱਟ ਦਾ ਪਤਾ ਚੱਲਣ ਮਗਰੋਂ ਉਸ ਦੀ ਥਾਂ ਬਦਲਵੇਂ ਖਿਡਾਰੀ ਦਾ ਅਧਿਕਾਰਤ ਐਲਾਨ ਕਰਨਾ ਚਾਹੁੰਦੇ ਸਨ।’’ ਹਾਲਾਂਕਿ ਪੰਤ ਨੂੰ ਉਸ ਦੇ ਕਵਰ ਦੇ ਤੌਰ ’ਤੇ ਬੁਲਾਇਆ ਗਿਆ ਸੀ, ਪਰ ਟੀਮ ਪ੍ਰਬੰਧਨ ਨੇ ਧਵਨ ਦੇ ਉਭਰਨ ਦੀ ਉਡੀਕ ਕਰਨ ਦਾ ਫ਼ੈਸਲਾ ਕੀਤਾ। ਹੁਣ ਇਸ ਹਫ਼ਤੇ ਸੱਟ ਦਾ ਮੁਲਾਂਕਣ ਕੀਤਾ ਗਿਆ, ਜਿਸ ਵਿੱਚ ਨਤੀਜੇ ਹਾਂ ਪੱਖੀ ਨਹੀਂ ਆਏ। 21 ਸਾਲ ਦੇ ਪੰਤ ਨੂੰ ਬੀਤੇ ਇੱਕ ਸਾਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਬਾਵਜੂਦ ਜਦੋਂ 15 ਮੈਂਬਰੀ ਟੀਮ ਵਿੱਚ ਨਹੀਂ ਚੁਣਿਆ ਗਿਆ ਤਾਂ ਕਾਫ਼ੀ ਵਿਵਾਦ ਹੋਇਆ ਸੀ। ਸਾਬਕਾ ਕ੍ਰਿਕਟ ਖਿਡਾਰੀ ਸੁਨੀਲ ਗਾਵਸਕਰ ਨੇ ਪੰਤ ਨੂੰ ਟੀਮ ਵਿੱਚ ਸ਼ਾਮਲ ਕਰਨ ਦਾ ਸਮਰਥਨ ਕੀਤਾ ਸੀ। ਉਸ ਨੇ ਕਿਹਾ ਸੀ ਕਿ ਧਵਨ ਦੇ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋਣ ਦੀ ਸੂਰਤ ਵਿੱਚ ਦਿੱਲੀ ਦਾ ਇਹ ਖਿਡਾਰੀ ਟੀਮ ਵਿੱਚ ਸ਼ਾਮਲ ਹੋਣ ਦਾ ਹੱਕਦਾਰ ਹੈ।ਪੰਤ ਨੇ ਇੰਗਲੈਂਡ ਅਤੇ ਆਸਟਰੇਲੀਆ ਖ਼ਿਲਾਫ਼ ਟੈਸਟ ਦੌਰੇ ਦੌਰਾਨ ਸੈਂਕੜੇ ਜੜੇ ਸਨ। ਬੀਤੇ ਮਹੀਨੇ ਆਈਪੀਐਲ ਵਿੱਚ ਵੀ ਉਸ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ, ਜਿਸ ਵਿੱਚ ਉਸ ਨੇ 160 ਤੋਂ ਵੱਧ ਦੇ ਸਟਰਾਈਕ ਰੇਟ ਨਾਲ 488 ਦੌੜਾਂ ਬਣਾਈਆਂ ਸਨ। ਟੀਮ ਪ੍ਰਬੰਧਨ ਨੂੰ ਸ਼ਾਇਦ ਇਸ ਲਈ ਧਵਨ ਦੀ ਸੱਟ ਦਾ ਐਲਾਨ ਕਰਨ ਲਈ ਮਜ਼ਬੂਰ ਹੋਣਾ ਪਿਆ ਕਿਉਂਕਿ ਭੁਵਨੇਸ਼ਵਰ ਵੀ ਜ਼ਖ਼ਮੀ ਹੈ। ਜੇਕਰ ਪੰਤ ਨੂੰ ਧਵਨ ਦੀ ਥਾਂ ਸ਼ਾਮਲ ਨਾ ਕੀਤਾ ਗਿਆ ਹੁੰਦਾ ਤਾਂ ਭਾਰਤ ਕੋਲ 22 ਜੂਨ ਨੂੰ ਅਫ਼ਗਾਨਿਸਤਾਨ ਖ਼ਿਲਾਫ਼ ਮੈਚ ਦੀ ਚੋਣ ਲਈ ਸਿਰਫ਼ 13 ਖਿਡਾਰੀ ਹੀ ਹੁੰਦੇ। ਭੁਵਨੇਸ਼ਵਰ ਕੁਮਾਰ ਮੋਚ ਕਾਰਨ ਤਿੰਨ ਮੈਚਾਂ ਲਈ ਬਾਹਰ ਹੈ।
Sports ਸ਼ਿਖਰ ਧਵਨ ਵਿਸ਼ਵ ਕੱਪ ’ਚੋਂ ਬਾਹਰ