ਨਵੀਂ ਦਿੱਲੀ (ਸਮਾਜਵੀਕਲੀ) : ਕੌਮੀ ਰਾਜਧਾਨੀ ਵਿੱਚ ਕਰੋਨਾ ਦੇ ਵਧਦੇ ਕੇਸਾਂ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਆਪਣੇ ਮੰਤਰਾਲੇ ਵਿੱਚ ਸਰਬ ਪਾਰਟੀ ਮੀਟਿੰਗ ਕੀਤੀ। ਮੀਟਿੰਗ ਵਿੱਚ ਆਮ ਆਦਮੀ ਪਾਰਟੀ (ਆਪ), ਭਾਜਪਾ, ਕਾਂਗਰਸ ਤੇ ਬਸਪਾ ਦੇ ਸੂਬਾ ਪੱਧਰੀ ਆਗੂ ਮੌਜੂਦ ਸਨ।
ਸ਼ਾਹ ਨੇ ਸਾਰੇ ਆਗੂਆਂ ਨੂੰ ਰਾਜਧਾਨੀ ਵਿੱਚ ਕਰੋਨਾ ਦੇ ਫੈਲਾਅ ਨੂੰ ਠੱਲ੍ਹਣ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਤਫਸੀਲ ’ਚ ਜਾਣਕਾਰੀ ਦਿੱਤੀ। ਸ੍ਰੀ ਸ਼ਾਹ ਨੇ ਇਸ ਲੜਾਈ ਨੂੰ ਹੋਰ ਬਿਹਤਰ ਢੰਗ ਨਾਲ ਲੜਨ ਲਈ ਪਾਰਟੀਆਂ ਦੇ ਆਗੂਆਂ ਤੋਂ ਸੁਝਾਅ ਵੀ ਮੰਗੇ। ਸੂਤਰਾਂ ਮੁਤਾਬਕ ਸਰਬ ਪਾਰਟੀ ਮੀਟਿੰਗ ਦੌਰਾਨ ਕਾਂਗਰਸ ਨੇ ਟੈਸਟਿੰਗ ਸਾਰਿਆਂ ਲਈ ਲਾਜ਼ਮੀ ਕੀਤੇ ਜਾਣ ਦੀ ਮੰਗ ਰੱਖੀ। ਕਾਂਗਰਸ ਨੇ ਕਿਹਾ ਕਿ ਇਹ ਹਰ ਕਿਸੇ ਦਾ ਅਧਿਕਾਰ ਹੈ।
ਪਾਰਟੀ ਨੇ ਕਰੋਨਾ ਪੀੜਤ ਮਰੀਜ਼ ਦੇ ਪਰਿਵਾਰ ਨੂੰ ਦਸ ਹਜ਼ਾਰ ਰੁਪਏ ਦੀ ਵਿੱਤੀ ਮਦਦ ਦਿੱਤੇ ਜਾਣ ਦੀ ਮੰਗ ਵੀ ਰੱਖੀ। ਇਸ ਤੋਂ ਇਲਾਵਾ ਕੰਟੇਨਮੈਂਟ ਜ਼ੋਨ ਵਿੱਚ ਰਹਿਣ ਵਾਲੇ ਹਰ ਪਰਿਵਾਰ ਨੂੰ ਇੰਨੀ ਹੀ ਰਕਮ ਮਿਲੇ। ਮੀਟਿੰਗ ’ਚ ਡਾਕਟਰਾਂ ਦੀ ਗਿਣਤੀ ਵਧਾਉਣ ’ਤੇ ਵੀ ਵਿਚਾਰ ਕਰਨ ਲਈ ਆਖਿਆ ਗਿਆ। ਇਸ ਮੌਕੇ ‘ਆਪ’ ਵੱਲੋਂ ਰਾਜ ਸਭਾ ਮੈਂਬਰ ਸੰਜੈ ਸਿੰਘ ਤੇ ਦਿੱਲੀ ਕਾਂਗਰਸ ਦੇ ਪ੍ਰਧਾਨ ਅਨਿਲ ਕੁਮਾਰ ਚੌਧਰੀ ਮੌਜੂਦ ਸਨ।