ਨਵੀਂ ਦਿੱਲੀ: ਦੇਸ਼ ਭਰ ਵਿੱਚ ਦਿੱਤੇ ‘ਜਨਤਾ ਕਰਫਿਊ’ ਦੇ ਸੱਦੇ ਦਾ ਪਾਲਣ ਕਰਦੇ ਹੋਏ ਸ਼ਾਹੀਨ ਬਾਗ਼ ਦੀਆਂ ਪ੍ਰਦਰਸ਼ਨਕਾਰੀ ਔਰਤਾਂ ਨੇ ਅੱਜ ਧਰਨੇ ਵਾਲੀ ਥਾਂ ਰੱਖੇ ਤਖ਼ਤਪੋਸ਼ਾਂ ਉਪਰ ਆਪਣੀਆਂ ਚੱਪਲਾਂ ਧਰ ਕੇ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ। ਇਹ ਔਰਤਾਂ 15 ਦਸੰਬਰ ਤੋਂ ਸੀਏਏ ਦੇ ਵਿਰੋਧ ’ਚ ਧਰਨਾ ਲਾਈ ਬੈਠੀਆਂ ਹਨ। ਚੇਤੇ ਰਹੇ ਕਿ ਲੰਘੇ ਦਿਨ ਸ਼ਾਹੀਨ ਬਾਗ਼ ਦੀਆਂ ਦਾਦੀਆਂ ਨੇ 22 ਮਾਰਚ ਦੇ ‘ਜਨਤਾ ਕਰਫ਼ਿਊ’ ਵਿੱਚ ਸ਼ਮੂਲੀਅਤ ਤੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਕਾਲੇ ਕਾਨੂੰਨ (ਸੀਏਏ) ਨੂੰ ਵਾਪਸ ਲਏ ਜਾਣ ਤਕ ਉਥੇ ਡਟੀਆਂ ਰਹਿਣਗੀਆਂ। ਪ੍ਰਦਰਸ਼ਨਕਾਰੀ ਔਰਤਾਂ ਕਰੋਨਾਵਾਇਰਸ ਦੀ ਪ੍ਰਵਾਹ ਕੀਤੇ ਬਿਨਾਂ ਧਰਨੇ ’ਤੇ ਬੈਠਣ ਲਈ ਬਜ਼ਿੱਦ ਹਨ, ਪਰ ਦਿੱਲੀ ਸਰਕਾਰ ਵੱਲੋਂ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਉਪਰ ਲਾਈ ਪਾਬੰਦੀ ਦੇ ਮੱਦੇਨਜ਼ਰ ਅੱਜ ਦਿਨ ਵੇਲੇ ਉੱਥੇ ਇਕੱਠ ਨਹੀਂ ਕੀਤਾ ਗਿਆ। ਧਰਨੇ ਵਾਲੀ ਥਾਂ ਗੱਤੇ ’ਤੇ ਲਿਖ ਕੇ ਨੋਟਿਸ ਲਾਇਆ ਗਿਆ ਕਿ ਰਾਤ 9 ਵਜੇ ਮਗਰੋਂ ਧਰਨਾ ਮੁੜ ਦਿੱਤਾ ਜਾਵੇਗਾ। ਪ੍ਰਦਰਸ਼ਨਕਾਰੀ ਮਹਿਲਾ ਹਿਨਾ ਨੇ ਕਿਹਾ ਕਿ ਐਲਾਨੇ ਨਿਯਮ ਦਾ ਪਾਲਣ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ਇਕੱਠੇ ਨਹੀਂ ਹੋਣ ਦਿੱਤਾ ਗਿਆ। ਸੰਕੇਤਕ ਧਰਨੇ ਲਈ ਤਖ਼ਤਪੋਸ਼ਾਂ ’ਤੇ ਚੱਪਲਾਂ ਧਰੀਆਂ ਗਈਆਂ ਹਨ। ਇਹ ਤਖ਼ਤਪੋਸ਼ ਵੀ ਕਰੋਨਾ ਕਾਰਨ ਇਕ ਮੀਟਰ ਦੀ ਦੂਰੀ ਰੱਖਣ ਦੇ ਉਪਰਾਲੇ ਵਜੋਂ ਬੀਤੇ ਦਿਨਾਂ ਤੋਂ ਧਰੇ ਗਏ ਹਨ, ਜਿਨ੍ਹਾਂ ਉਪਰ ਦੋ-ਦੋ ਔਰਤਾਂ ਪ੍ਰਦਰਸ਼ਨ ਦੌਰਾਨ ਬੈਠ ਰਹੀਆਂ ਹਨ। ਧਰਨੇ ਉਪਰ ਇਕ ਵਿਅਕਤੀ ਨੂੰ 4 ਘੰਟੇ ਤਕ ਬੈਠਣ ਦੀ ਹੀ ਆਗਿਆ ਦਿੱਤੀ ਜਾ ਰਹੀ ਹੈ।
HOME ਸ਼ਾਹੀਨ ਬਾਗ਼ ਦੇ ਪ੍ਰਦਰਸ਼ਨ ਦੌਰਾਨ ‘ਜਨਤਾ ਕਰਫਿਊ’ ਦਾ ਪਾਲਣ