ਪਠਲਾਵਾ ਮਗਰੋਂ ਝਿੱਕਾ ਤੇ ਸੁੱਜੋਂ ਪਿੰਡ ਵੀ ਸੀਲ

ਬੰਗਾ ਨੇੜਲੇ ਪਿੰਡਾਂ ’ਚ ਸੱਤ ਹੋਰ ਕੇਸ ਪਾਜ਼ੇਟਿਵ ਆਉਣ ਕਾਰਨ ਚਿੰਤਾ ਵਧੀ

ਬੰਗਾ– ਕਰੋਨਾਵਾਇਰਸ ਦੀ ਮਾਰ ਹੇਠ ਆਏ ਪਿੰਡ ਪਠਲਾਵਾ ਤੋਂ ਬਾਅਦ ਹੁਣ ਨੇੜਲੇ ਪਿੰਡ ਸੁੱਜੋਂ ਤੇ ਝਿੱਕਾ ਲਧਾਣਾ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਪਿੰਡਾਂ ’ਚ ਅੱਜ ਸੱਤ ਨਵੇਂ ਕੇਸ ਪਾਜ਼ੇਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਇਹ ਕਾਰਵਾਈ ਕੀਤੀ ਗਈ ਹੈ। ਪਿੰਡ ਪਠਲਾਵਾ ਵਾਸੀ ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਉਸ ਨਾਲ ਸੰਪਰਕ ’ਚ ਆਉਣ ਵਾਲੇ ਨੇੜਲੇ ਸਾਕ-ਸਬੰਧੀਆਂ ’ਚ ਪਹਿਲਾਂ ਛੇ ਜਣਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਹੁਣ ਨਵੇਂ ਸੱਤ ਜਣਿਆਂ ’ਚ ਪਿੰਡ ਪਠਲਾਵਾ ਦੇ ਧਾਰਮਿਕ ਅਸਥਾਨ ਦੇ ਮੁਖੀ ਗੁਰਬਚਨ ਸਿੰਘ, ਪਿੰਡ ਸੁੱਜੋਂ ਵਾਸੀ ਦਲਜਿੰਦਰ ਸਿੰਘ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਇਹ ਤਿੰਨੋਂ ਜਣੇ ਕੁਝ ਦਿਨ ਪਹਿਲਾਂ ਇਕੱਠੇ ਹੀ ਇਟਲੀ ਤੋਂ ਜਰਮਨੀ ਰਾਹੀਂ ਵਤਨ ਵਰਤੇ ਸਨ। ਅੱਜ ਪਾਜ਼ੇਟਿਵ ਪਾਏ ਗਏ ਕੇਸਾਂ ’ਚ ਪਿੰਡ ਪਠਲਾਵਾ ਦੇ ਸਰਪੰਚ ਹਰਪਾਲ ਸਿੰਘ ਵੀ ਸ਼ਾਮਲ ਹਨ। ਪਠਲਾਵਾ ਵਿਚੋਂ 32 ਜਣਿਆਂ ਦੀ ਜਾਂਚ ਕਰਨ ਲਈ ਸੂਚੀ ਦਿੱਤੀ ਗਈ ਸੀ ਜਿਨ੍ਹਾਂ ’ਚੋਂ ਅੱਜ ਚਾਰ ਹੋਰਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਪਿੰਡ ਪਠਲਾਵਾ ’ਚ ਪਤਵੰਤਿਆਂ ਵਲੋਂ ਸਾਂਝੇ ਰੂਪ ’ਚ ਕੈਂਪ ਲਾ ਕੇ ਲੋਕਾਂ ਨੂੰ ਲੋੜੀਂਦੀਆਂ ਵਸਤੂਆਂ ਮੁਹੱਈਆ ਕਰਨ ਦਾ ਕਾਰਜ ਨਿਰੰਤਰ ਜਾਰੀ ਹੈ। ਦੱਸਣਯੋਗ ਹੈ ਕਿ ਪਿੰਡ ਪਠਲਾਵਾ ’ਚ ਸਥਾਪਿਤ ਧਾਰਮਿਕ ਅਸਥਾਨ ’ਚ ਇਨ੍ਹਾਂ ਪਿੰਡਾਂ ਵਾਲਿਆਂ ਦਾ ਆਉਣ-ਜਾਣ ਬਣਿਆ ਰਹਿੰਦਾ ਹੈ। ਇਲਾਕੇ ’ਚ ਸਹਿਮ ਵਧਦਾ ਜਾ ਰਿਹਾ ਹੈ। ਕਿਸੇ ਵੀ ਕਿਸਮ ਦੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਜ਼ਿਲ੍ਹੇ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ’ਚ ‘ਵੱਖਰੇ ਵਾਰਡ’ ਬਣਾਏ ਗਏ ਹਨ। ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ’ਚ ਤਾਇਨਾਤ ਕੀਤੇ ਗਏ ਵੱਖ-ਵੱਖ ਵਿਸ਼ੇਸ਼ ਕਾਰਜਕਾਰੀ ਮੈਜਿਸਟ੍ਰੇਟ 24 ਘੰਟੇ ਡਿਊਟੀ ’ਤੇ ਹਾਜ਼ਰ ਰਹਿਣਗੇ ਅਤੇ ਪ੍ਰਭਾਵਿਤ ਪਿੰਡਾਂ ’ਚ ਰਾਸ਼ਨ, ਬਿਜਲੀ ਅਤੇ ਪਾਣੀ ਦੀ ਸਪਲਾਈ ’ਚ ਮਦਦ ਕਰਨਗੇ

Previous articleਸ਼ਾਹੀਨ ਬਾਗ਼ ਦੇ ਪ੍ਰਦਰਸ਼ਨ ਦੌਰਾਨ ‘ਜਨਤਾ ਕਰਫਿਊ’ ਦਾ ਪਾਲਣ
Next articleਗੁਰੂ ਕੀ ਗੋਲਕ ਦੇ ਮੂੰਹ ਖੋਲ੍ਹੇ ਜਾਣ: ਜਥੇਦਾਰ