ਸ਼ਾਹੀਨ ਬਾਗ਼: ਮਨਜ਼ੂਰੀ ਨਾ ਮਿਲਣ ਕਰਕੇ ਅਮਿਤ ਸ਼ਾਹ ਦੀ ਰਿਹਾਇਸ਼ ਵੱਲ ਮਾਰਚ ਰੱਦ

ਨਾਗਰਿਕਤਾ ਕਾਨੂੰਨ ਖ਼ਿਲਾਫ਼ ਸ਼ਾਹੀਨ ਬਾਗ਼ ’ਚ ਬੈਠੇ ਪ੍ਰਦਰਸ਼ਨਕਾਰੀਆਂ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ ਵੱਲ ਮਾਰਚ ਕੱਢਣਾ ਸ਼ੁਰੂ ਕੀਤਾ ਪਰ ਇਜਾਜ਼ਤ ਨਾ ਲਏ ਜਾਣ ਕਰਕੇ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਨਾ ਵਧਣ ਦਿੱਤਾ। ਪ੍ਰਬੰਧਕਾਂ ਨੇ ਕਿਹਾ ਕਿ ਹੁਣ ਅਧਿਕਾਰੀਆਂ ਤੋਂ ਇਜਾਜ਼ਤ ਲੈ ਕੇ ਸ੍ਰੀ ਸ਼ਾਹ ਦੀ ਰਿਹਾਇਸ਼ ਵੱਲ ਮਾਰਚ ਕੱਢਿਆ ਜਾਵੇਗਾ ਅਤੇ ਅੱਜ ਦੇ ਮਾਰਚ ਨੂੰ ਰੱਦ ਕਰ ਦਿੱਤਾ ਹੈ। ਪ੍ਰਸਤਾਵਿਤ ਮਾਰਚ ਨੂੰ ਦੇਖਦਿਆਂ ਇਲਾਕੇ ’ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਧਰਨੇ ਵਾਲੀ ਥਾਂ ’ਤੇ ਬੈਰੀਕੇਡ ਲਗਾਏ ਗਏ ਸਨ ਅਤੇ ਪ੍ਰਦਰਸ਼ਨਕਾਰੀਆਂ ਨੂੰ ਕੁਝ ਦੂਰੀ ’ਤੇ ਹੀ ਰੋਕ ਦਿੱਤਾ ਗਿਆ।
ਸ਼ਾਹੀਨ ਬਾਗ਼ ਦੀਆਂ ਦਾਦੀਆਂ ਸਮੇਤ ਅੱਠ ਮੈਂਬਰੀ ਵਫ਼ਦ ਨੇ ਪੁਲੀਸ ਕੋਲ ਪਹੁੰਚ ਕਰਕੇ ਸ਼ਾਹ ਨਾਲ ਮੁਲਾਕਾਤ ਦੀ ਇਜਾਜ਼ਤ ਮੰਗੀ ਅਤੇ ਕਿਹਾ ਕਿ ਉਹ ਸ਼ਾਂਤਮਈ ਢੰਗ ਨਾਲ ਮਾਰਚ ਕਢਣਗੇ। ਪ੍ਰਦਰਸ਼ਨਕਾਰੀ ਸਰਿਤਾ ਵਿਹਾਰ ਹੁੰਦੇ ਹੋਏ ਆਸ਼ਰਮ ਤੇ ਫਿਰ ਅਮਿਤ ਸ਼ਾਹ ਦੀ ਸਰਕਾਰੀ ਰਿਹਾਇਸ਼ ਤੱਕ ਜਾਣਾ ਚਾਹੁੰਦੇ ਸਨ ਪਰ ਦਿੱਲੀ ਪੁਲੀਸ ਨੇ ਅਜਿਹਾ ਨਾ ਕਰਨ ਦਿੱਤਾ ਜਿਸ ਕਰਕੇ ਧਰਨਾਕਾਰੀ ਪਰਤ ਗਏ। ਇਕ ਪ੍ਰਦਰਸ਼ਨਕਾਰੀ ਜਾਵੇਦ ਖ਼ਾਨ ਨੇ ਕਿਹਾ,‘‘ਪੁਲੀਸ ਮੁਤਾਬਕ ਗ੍ਰਹਿ ਮੰਤਰੀ ਨਾਲ ਸਾਡੀ ਮੁਲਾਕਾਤ ਦੀ ਬੇਨਤੀ ਉਨ੍ਹਾਂ ਅੱਗੇ ਭੇਜ ਦਿੱਤੀ ਹੈ ਅਤੇ ਇਸ ਨੂੰ ਤੈਅ ਕਰਨ ’ਚ ਅਜੇ ਕੁਝ ਸਮਾਂ ਲੱਗੇਗਾ।’’ ਉਸ ਨੇ ਕਿਹਾ ਕਿ ਪੁਲੀਸ ਤੋਂ ਮਨਜ਼ੂਰੀ ਮਿਲਣ ਮਗਰੋਂ ਮੁੜ ਮਾਰਚ ਦੀ ਯੋਜਨਾ ਬਣਾਈ ਜਾਵੇਗੀ। ਲੋੜੀਂਦੀ ਇਜਾਜ਼ਤ ਨਾਲ ਮਿਲਣ ’ਤੇ ਸੀਏਏ ਵਿਰੋਧੀ ਪ੍ਰਦਰਸ਼ਨਕਾਰੀ ਧਰਨੇ ਵਾਲੀ ਥਾਂ ’ਤੇ ਪਰਤ ਆਏ। ਡੀਸੀਪੀ (ਦੱਖਣ-ਪੂਰਬ) ਆਰ ਪੀ ਮੀਣਾ, ਵਧੀਕ ਡੀਸੀਪੀ ਕੁਮਾਰ ਗਿਆਨੇਸ਼ ਅਤੇ ਸ਼ਾਹੀਨ ਬਾਗ਼ ਦੇ ਐੱਸਐੱਚਓ ਨੇ ਪ੍ਰਦਰਸ਼ਨਕਾਰੀਆਂ ਦੇ ਗੁੱਟ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਅਰਜ਼ੀ ਸਬੰਧਤ ਅਧਿਕਾਰੀਆਂ ਕੋਲ ਪਹੁੰਚਾ ਦਿੱਤੀ ਗਈ ਹੈ। ਡੀਸੀਪੀ ਮੀਣਾ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਦੀ ਅਰਜ਼ੀ ਨਵੀਂ ਦਿੱਲੀ ਦੇ ਡੀਸੀਪੀ ਨੂੰ ਦੇ ਦਿੱਤੀ ਗਈ ਹੈ ਅਤੇ ਇਹ ਅੰਤਿਮ ਪ੍ਰਵਾਨਗੀ ਲਈ ਪੁਲੀਸ ਹੈੱਡਕੁਆਰਟਰ ਭੇਜੀ ਜਾਵੇਗੀ।
ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਅਮਿਤ ਸ਼ਾਹ ਨੇ ਕਿਹਾ ਸੀ ਕਿ ਤਿੰਨ ਦਿਨਾਂ ਦੇ ਅੰਦਰ ਉਹ ਸੀਏਏ ਬਾਰੇ ਵਿਚਾਰ ਵਟਾਂਦਰੇ ਲਈ ਕਿਸੇ ਨਾਲ ਵੀ ਮਿਲਣ ਲਈ ਤਿਆਰ ਹਨ।

Previous articleਮਹਿਬੂਬਾ ’ਤੇ ਪੀਐੱਸਏ ਲਾਉਣ ਪਿੱਛੇ ‘ਡੈਡੀ’ਜ਼ ਗਰਲ’ ਦਾ ਹਵਾਲਾ
Next articleਆਸਟਰੇਲੀਆ ’ਚ ਦਿਨ-ਰਾਤ ਦਾ ਟੈਸਟ ਮੈਚ ਖੇਡੇਗਾ ਭਾਰਤ