ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਇੱਕ ਸ਼ੱਕੀ ਭਾਰਤੀ ਸੱਟੇਬਾਜ਼ ਵੱਲੋਂ ਆਈਪੀਐੱਲ ਸਣੇ ਤਿੰਨ ਵਾਰ ਪੇਸ਼ਕਸ਼ ਕਰਨ ਦੀ ਜਾਣਕਾਰੀ ਨਾ ਦੇਣ ਕਾਰਨ ਬੰਗਲਾਦੇਸ਼ ਕ੍ਰਿਕਟ ਟੀਮ ਦੇ ਕਪਤਾਨ ਸ਼ਾਕਿਬ ਅਲ ਹਸਨ ’ਤੇ ਦੋ ਸਾਲ ਦੀ ਪਾਬੰਦੀ ਲਾ ਦਿੱਤੀ ਹੈ। ਇਸ ਤਰ੍ਹਾਂ ਸਟਾਰ ਹਰਫ਼ਨਮੌਲਾ ਕ੍ਰਿਕਟਰ ਤਿੰਨ ਨਵੰਬਰ ਤੋਂ ਸ਼ੁਰੂ ਹੋ ਰਹੇ ਭਾਰਤ ਦੌਰੇ ’ਤੇ ਨਹੀਂ ਜਾ ਸਕੇਗਾ। ਸ਼ਾਕਿਬ ’ਤੇ ਪੂਰੇ ਇੱਕ ਸਾਲ ਦੀ ਪਾਬੰਦੀ ਰਹੇਗੀ, ਜਦੋਂਕਿ 12 ਮਹੀਨਿਆਂ ਦੀ ਮਿਆਦ ਮੁਅੱਤਲੀ ਦੀ ਸਜ਼ਾ ਹੈ, ਜੋ ਸ਼ਾਕਿਬ ’ਤੇ ਤਦ ਹੀ ਲਾਗੂ ਹੋਵੇਗੀ ਜੇਕਰ ਉਹ ਆਲਮੀ ਸੰਸਥਾ ਦੇ ਭ੍ਰਿਸ਼ਟਾਚਾਰ ਰੋਕੂ ਨਿਯਮ ਦੀ ਪਾਲਣਾ ਕਰਨ ਵਿਚ ਅਸਫਲ ਰਹਿੰਦਾ ਹੈ। ਉਹ ਅਗਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ ਅਤੇ ਆਸਟਰੇਲੀਆ ਵਿੱਚ 18 ਅਕਤੂਬਰ ਤੋਂ 15 ਨਵੰਬਰ 2020 ਤੱਕ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਨਹੀਂ ਖੇਡ ਸਕੇਗਾ। ਆਈਸੀਸੀ ਦੇ ਨਿਰਦੇਸ਼ਾਂ ’ਤੇ ਉਸ ਨੂੰ ਟੀਮ ਦੇ ਅਭਿਆਸ ਤੋਂ ਵੀ ਦੂਰ ਰੱਖਿਆ ਗਿਆ। ਬੰਗਲਾਦੇਸ਼ ਨੇ ਆਪਣੇ ਦੌਰੇ ਦੌਰਾਨ ਭਾਰਤ ਖ਼ਿਲਾਫ਼ ਤਿੰਨ ਟੀ-20 ਅਤੇ ਦੋ ਟੈਸਟ ਮੈਚ ਖੇਡਣੇ ਹਨ।
ਸ਼ਾਕਿਬ ਨੇ ਆਈਸੀਸੀ ਦੇ ਬਿਆਨ ਵਿੱਚ ਕਿਹਾ, ‘‘ਜਿਸ ਖੇਡ ਨਾਲ ਮੈਨੂੰ ਪਿਆਰ ਹੈ, ਉਸ ਤੋਂ ਮੁਅੱਤਲ ਕੀਤੇ ਜਾਣ ਤੋਂ ਮੈਂ ਕਾਫ਼ੀ ਦੁਖੀ ਹਾਂ ਪਰ ਮੈਂ ਆਪਣੀ ਸਜ਼ਾ ਕਬੂਲ ਕਰਦਾ ਹਾਂ। ਆਈਸੀਸੀ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਵਿੱਚ ਖਿਡਾਰੀਆਂ ’ਤੇ ਕਾਫ਼ੀ ਨਿਰਭਰ ਹੈ। ਮੈਂ ਸੱਟੇਬਾਜ਼ ਦੀ ਪੇਸ਼ਕਸ਼ ਦੀ ਜਾਣਕਾਰੀ ਨਾ ਦੇ ਕੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ।’’ ਆਈਸੀਸੀ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਨੇ ਜਨਵਰੀ ਅਤੇ ਅਗਸਤ ਵਿੱਚ ਸ਼ਾਕਿਬ ਨਾਲ ਗੱਲ ਕੀਤੀ ਸੀ। ਉਸ ਨੇ ਦੀਪਕ ਅਗਰਵਾਲ ਵੱਲੋਂ ਉਨ੍ਹਾਂ ਨਾਲ ਸੰਪਰਕ ਕਰਨ ਬਾਰੇ ਜਾਣਕਾਰੀ ਆਈਸੀਸੀ ਨੂੰ ਨਹੀਂ ਦਿੱਤੀ ਸੀ। ਆਈਸੀਸੀ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਇਸ ਵਿਅਕਤੀ ਨੂੰ ਜਾਣਦੀ ਹੈ ਅਤੇ ਉਸ ’ਤੇ ਕ੍ਰਿਕਟ ਵਿੱਚ ਭ੍ਰਿਸ਼ਟਾਚਾਰ ਵਿੱਚ ਸ਼ਮੂਲੀਅਤ ਕਰਨ ਦਾ ਸ਼ੱਕ ਹੈ। ਆਈਸੀਸੀ ਨੇ ਕਿਹਾ ਕਿ ਅਗਰਵਾਲ ਨੇ ਤਿੰਨ ਵੱਖ-ਵੱਖ ਮੌਕਿਆਂ ’ਤੇ ਸ਼ਾਕਿਬ ਨੂੰ ਟੀਮ ਦੀ ਬਣਤਰ ਅਤੇ ਰਣਨੀਤੀ ਬਾਰੇ ਜਾਣਕਾਰੀ ਦੇਣ ਨੂੰ ਕਿਹਾ ਸੀ।
ਇਨ੍ਹਾਂ ਵਿੱਚੋਂ ਇੱਕ ਵਾਰ 26 ਅਪਰੈਲ 2018 ਨੂੰ ਸੰਪਰਕ ਕੀਤਾ ਗਿਆ, ਜਦੋਂ ਸ਼ਾਕਿਬ ਦੀ ਆਈਪੀਐੱਲ ਟੀਮ ਸਨਰਾਈਜ਼ਰਜ਼ ਹੈਦਰਾਬਾਦ ਨੇ ਕਿੰਗਜ਼ ਇਲੈਵਨ ਪੰਜਾਬ ਨਾਲ ਖੇਡਣਾ ਸੀ। ਹੈਦਰਾਬਾਦ ਨੇ 13 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਆਈਸੀਸੀ ਨੇ ਕਿਹਾ, ‘‘26 ਅਪਰੈਲ 2018 ਦੇ ਕਈ ਮੈਸੇਜ਼ ਵਿੱਚ ਡਿਲੀਟ ਕੀਤੇ ਗਏ ਮੈਸੇਜ਼ ਵੀ ਹਨ। ਉਸ ਨੇ ਸਵੀਕਾਰ ਕੀਤਾ ਕਿ ਡਿਲੀਟ ਕੀਤੇ ਗਏ ਇਹ ਮੈਸੇਜ਼ ਅੰਦਰੂਨੀ ਜਾਣਕਾਰੀ ਦੇਣ ਦੇ ਅਗਰਵਾਲ ਦੀ ਅਪੀਲ ਦੇ ਸਨ।’’ ਅਗਰਵਾਲ ਨੇ ਬੰਗਲਾਦੇਸ਼ ਪ੍ਰੀਮੀਅਰ ਲੀਗ ਦੌਰਾਨ ਵੀ ਉਸ ਨਾਲ ਸੰਪਰਕ ਕੀਤਾ ਸੀ, ਜਦੋਂ ਸ਼ਾਕਿਬ 2017 ਵਿੱਚ ਢਾਕਾ ਡਾਈਨਾਮਾਈਟਸ ਲਈ ਖੇਡ ਰਿਹਾ ਸੀ। ਇਸ ਮਗਰੋਂ ਜਨਵਰੀ 2018 ਵਿੱਚ ਸ੍ਰੀਲੰਕਾ ਅਤੇ ਜ਼ਿੰਬਾਬਵੇ ਨਾਲ ਤਿਕੋਣੀ ਲੜੀ ਦੌਰਾਨ ਉਸ ਨਾਲ ਸੰਪਰਕ ਕੀਤਾ ਗਿਆ। ਆਈਸੀਸੀ ਨੇ ਕਿਹਾ ਕਿ ਅਗਰਵਾਲ ਸ਼ਾਕਿਬ ਨੂੰ ਮਿਲਣਾ ਚਾਹੁੰਦਾ ਸੀ, ਪਰ ਉਸ ਨੇ ਇਨਕਾਰ ਕਰ ਦਿੱਤਾ। ਗੱਲਬਾਤ ਮਗਰੋਂ ਉਸ ਨੂੰ ਅਹਿਸਾਸ ਹੋਇਆ ਕਿ ਅਗਰਵਾਲ ਸੱਟੇਬਾਜ਼ ਹੈ। ਸ਼ਾਕਿਬ ਵੱਧ ਤੋਂ ਵੱਧ ਪੰਜ ਸਾਲ ਦੀ ਪਾਬੰਦੀ ਤੋਂ ਬਚ ਗਿਆ, ਪਰ ਉਸ ਨੂੰ ਇਸ ਫ਼ੈਸਲੇ ਖ਼ਿਲਾਫ਼ ਅਪੀਲ ਦਾ ਅਧਿਕਾਰ ਨਹੀਂ ਮਿਲੇਗਾ ਕਿਉਂਕਿ ਉਸ ਨੇ ਸਜ਼ਾ ਕਬੂਲ ਕੀਤੀ ਹੈ। ਸ਼ਾਕਿਬ ਦੀ ਗ਼ੈਰ-ਮੌਜੂਦਗੀ ਵਿੱਚ ਮੁਸ਼ਫਿਕੁਰ ਰਹੀਮ ਟੈਸਟ ਵਿੱਚ ਅਤੇ ਮਹਿਮੂਦੁੱਲ੍ਹਾ ਰਿਆਦ ਮੁਸਦਕ ਟੀ-20 ਵਿੱਚ ਟੀਮ ਦੀ ਕਪਤਾਨੀ ਕਰ ਸਕਦੇ ਹਨ। ਸ਼ਾਕਿਬ ਨੇ ਹਾਲ ਹੀ ਵਿੱਚ ਖਿਡਾਰੀਆਂ ਦੀ ਹੜਤਾਲ ਦੀ ਅਗਵਾਈ ਕੀਤੀ ਸੀ, ਪਰ ਬੀਸੀਬੀ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਸਨ, ਜਿਸ ਮਗਰੋਂ ਹੜਤਾਲ ਵਾਪਸ ਲਈ ਗਈ।
ਬੰਗਲਾਦੇਸ਼ ਦੇ ਸਰਵੋਤਮ ਕ੍ਰਿਕਟਰਾਂ ਵਿੱਚ ਸ਼ੁਮਾਰ ਸ਼ਾਕਿਬ ਦੀਆਂ ਕ੍ਰਿਕਟ ਵਿੱਚ ਕੁੱਲ 11000 ਤੋਂ ਵੱਧ ਦੌੜਾਂ ਅਤੇ 500 ਤੋਂ ਵੱਧ ਵਿਕਟਾਂ ਹਨ। ਆਈਸੀਸੀ ਨੇ ਕਿਹਾ, ‘‘ਸ਼ਾਕਿਬ ਅਲ ਹਸਨ ਮਾਹਿਰ ਕੌਮਾਂਤਰੀ ਕ੍ਰਿਕਟਰ ਹੈ, ਜੋ ਭ੍ਰਿਸ਼ਟਾਚਾਰ ਰੋਕੂ ਕਈ ਸੈਸ਼ਨਾਂ ਵਿੱਚ ਹਿੱਸਾ ਲੈ ਚੁੱਕਿਆ ਹੈ। ਉਸ ਨੂੰ ਜ਼ਾਬਤੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਬਖ਼ੂਬੀ ਪਤਾ ਹੈ।’’
Sports ਸ਼ਾਕਿਬ ’ਤੇ ਦੋ ਸਾਲ ਦੀ ਪਾਬੰਦੀ