(ਸਮਾਜ ਵੀਕਲੀ)
ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਦਾ ਦਿਨ ਮਨਾਇਆ ਜਾਣਾ ਸੀ।ਬਹੁਤ ਦੂਰੋਂ ਦੂਰੋਂ ਅਫ਼ਸਰਾਂ ਨੂੰ ਬੁਲਾਇਆ। ਕੋਰੀਓਗ੍ਰਾਫੀ, ਭਗਤ ਸਿੰਘ ਸਬੰਧੀ ਗੀਤ, ਸਕਿੱਟ, ਕਵਿਤਾ ਤੇ ਭਾਸ਼ਣ ਇਹ ਸਭ ਉਸ ਦਾ ਅੰਗ ਸੀ।ਮੈਂ ਬਹੁਤ ਖੁਸ਼ ਸੀ ਕਿ ਅੱਜ ਦੇਸ਼ ਭਗਤ ਇਕੱਠੇ ਹੋ ਕੇ ਭਗਤ ਸਿੰਘ ਦੀ ਸੋਚ ਨੂੰ ਅਪਣਾਉਣਗੇ।ਮੇਰੇ ਮਨ ਅੰਦਰ ਬਹੁਤ ਵਿਚਾਰ ਉਮੜ ਰਹੇ ਸੀ।ਮੈਨੂੰ ਵੀ ਭਾਸ਼ਣ ਦੇਣ ਲਈ ਸੱਦਾ ਦਿੱਤਾ ਗਿਆ।ਮੈਂ ਉੱਥੇ ਗਈ ਅਤੇ ਸਾਥੀਆਂ ਨੂੰ ਦੇਖ ਕੇ ਬਹੁਤ ਖ਼ੁਸ਼ ਹੋਈ।ਮੈਂ ਸਾਰੇ ਦੇਸ਼ ਭਗਤਾਂ ਨੂੰ ਤੱਕ ਰਹੀ ਸੀ ਕਿ ਕਿੰਨੇ ਉਤਸ਼ਾਹ ਨਾਲ ਇਹ ਸਭ ਇੱਥੇ ਆਏ ਹਨ।ਅਜੇ ਮੈਂ ਇਹ ਸਭ ਬਾਰੇ ਆਪਣੀਆਂ ਸੋਚਾਂ ਵਿੱਚ ਡੁੱਬੀ ਹੋਈ ਸੀ ਕਿ ਅਚਾਨਕ ਮੈਨੂੰ ਕਿਹਾ ਗਿਆ ਕਿ ਜੋ ਮੈਂ ਬੋਲਣਾ ਹੈ ਮੇਰੇ ਉਸ ਭਾਸ਼ਣ ਨੂੰ ਪੇਜ ਤੇ ਲਿਖ ਕੇ ਸਰ ਨੂੰ ਦਿਖਾਇਆ ਜਾਵੇ।
ਮੈਂ ਮੇਰੇ ਭਾਸ਼ਣ ਦੀ ਕਾਪੀ ਖ਼ੁਸ਼ੀ ਨਾਲ ਸਰ ਨੂੰ ਦਿਖਾਉਣ ਚਲੀ ਗਈ। ਉੱਥੇ ਜਾ ਕੇ ਮੈਂ ਦੇਖਿਆ ਕਿ ਸਾਰੇ ਹੀ ਆਪਣੀ ਵਾਰੀ ਦੀ ਉਡੀਕ ਕਰ ਰਹੇ ਸੀ, ਜੋ ਰਚਨਾਵਾਂ ਮੰਚ ਸੰਚਾਲਨ ਨੂੰ ਸਮਾਗਮ ਅਨੁਕੂਲ ਨਹੀਂ ਲੱਗੀਆਂ, ਉਸ ਨੂੰ ਹਟਾ ਦਿੱਤਾ ਗਿਆ ਕਈ ਬੜੇ ਮਾਯੂਸ ਹੋ ਕੇ ਉਥੋਂ ਜਾ ਰਹੇ ਸਨ।ਏਨੇ ਨੂੰ ਸਰ ਨੇ ਮੈਨੂੰ ਬੁਲਾਇਆ। ਮੈਂ ਉਨ੍ਹਾਂ ਕੋਲ ਗਈ ਤੇ ਮੇਰੇ ਭਾਸ਼ਣ ਦੀ ਕਾਪੀ ਉਨ੍ਹਾਂ ਨੂੰ ਦਿੱਤੀ। ਉਨ੍ਹਾਂ ਨੇ ਪੜ੍ਹਨਾ ਸ਼ੁਰੂ ਕੀਤਾ। ਉਹ ਭਾਸ਼ਣ ਪੜ੍ਹਦੇ ਵਾਰੀ- ਵਾਰੀ ਮੇਰੇ ਵੱਲ ਗਹੁ ਨਾਲ ਤੱਕਣ ਲੱਗੇ।ਮੈਨੂੰ ਇਉਂ ਲੱਗ ਰਿਹਾ ਸੀ ਜਿਵੇਂ ਉਹ ਸੋਚ ਰਹੇ ਹੋਣ ਹਾਂ ਕਹਿਣਗੇ ਕਿ ਨਾ ਮੇਰੇ ਮਨ ਨੂੰ ਧੁੱੜਕੂ ਲੱਗਿਆ ਹੋਇਆ ਸੀ!ਭਾਸ਼ਣ ਨੂੰ ਪੜ੍ਹਨ ਤੋਂ ਬਾਅਦ ਸਰ ਮੈਨੂੰ ਕਹਿਣ ਲੱਗੇ,” ਇਸ ਭਾਸ਼ਣ ਵਿਚ ਕੁਝ ਗੱਲਾਂ ਸਟੇਜ ਤੇ ਬੋਲਣ ਯੋਗ ਨਹੀਂ ਹਨ।”
ਮੈਂ ਬੜੀ ਹੈਰਾਨ ਹੋ ਗਈ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ? ਮੈਂ ਤਾਂ ਕੋਈ ਝੂਠ ਨਹੀਂ ਲਿਖਿਆ ਅਤੇ ਨਾ ਹੀ ਮੇਰੇ ਵਿਚਾਰ ਕਿਸੇ ਦਾ ਗਲਾ ਘੁੱਟਣ ਵਾਲੇ ਹਨ।
ਜਦੋਂ ਮੈਂ ਪੁੱਛਿਆ ਤਾਂ ਉਹ ਸਰ ਚਾਹ ਪੀਂਦੇ ਹੋਏ ਬੋਲੇ,” ਜੇਕਰ ਤੁਸੀਂ ਇਸ ਭਾਸ਼ਣ ਦੀਆਂ ਲਾਈਨਾਂ ਸਰਕਾਰ ਦੇ ਹੱਕ ਵਿਚ ਲਿਖਦੇ ਤਾਂ ਬਹੁਤ ਵਧੀਆ ਲੱਗਦਾ, ਪਰ ਨਹੀਂ ਤੁਸੀਂ ਤਾਂ ਸਰਕਾਰ ਦੇ ਵਿਰੋਧ ਵਿਚ ਲਿਖਦੇ ਹੋ।ਸਾਡਾ ਸਮਾਗਮ ਸਰਕਾਰ ਵੱਲੋਂ ਉਲੀਕਿਆ ਗਿਆ ਹੈ।ਇਸ ਲਈ ਅਸੀਂ ਸਰਕਾਰ ਦੇ ਵਿਰੁੱਧ ਕੁਝ ਨਹੀਂ ਬੋਲਣਾ।”ਮੈਨੂੰ ਸੁਣ ਕੇ ਬੜੀ ਨਿਰਾਸ਼ਾ ਹੋਈ ਸਰ ਨੇ ਮੈਨੂੰ ਸਾਫ਼ ਕਹਿ ਦਿੱਤਾ,”ਇਸ ਵਿੱਚ ਬਦਲਾਅ ਕਰੋ ਨਹੀਂ ਤਾਂ ਤੁਹਾਡਾ ਨਾਂ ਸਟੇਜ ਤੇ ਨਹੀਂ ਬੋਲਿਆ ਜਾਵੇਗਾ।”
ਮੈਂ ਸੋਚ ਰਹੀ ਸੀ ਕਿ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਸੀ ਜੋ ਮੈਨੂੰ ਬੋਲਣ ਤੋਂ ਵਰਜਿਆ ਜਾਵੇ। ਮੈਂ ਤਾਂ ਇਹੀ ਲਿਖਿਆ ਸੀ,” ਮੇਰੇ ਵੀਰ ਭਗਤ ਸਿੰਘ!ਅੱਜ ਲੋਡ਼ ਹੈ ਸਾਨੂੰ ਤੇਰੀ।ਤੁਸੀਂ ਆਪਣੇ ਜੀਵਨ ਦੀ ਕੁਰਬਾਨੀ ਦਿੱਤੀ ਸਿਰਫ਼ ਦੇਸ਼ ਦੇ ਲਈ। ਬ੍ਰਿਟਿਸ਼ ਸਰਕਾਰ ਨੇ ਤੁਹਾਡੇ ਤੇ ਇੰਨੇ ਜ਼ੁਲਮ ਕੀਤੇ, ਪਰ ਤੁਸੀਂ ਸਹਿੰਦੇ ਰਹੇ,ਸਿਰਫ਼ ਇਸ ਕੌਮ ਲਈ। ਤੁਸੀਂ ਸਾਡੀ ਆਜ਼ਾਦੀ ਲਈ ਸ਼ਹੀਦ ਹੋ ਗਏ, ਪਰ ਅੱਜ ਅਸੀਂ ਆਜ਼ਾਦ ਹੋ ਕੇ ਵੀ ਆਜ਼ਾਦ ਨਹੀਂ ਹਾਂ।ਇਸ ਸਰਕਾਰ ਨੇ ਸਾਡੇ ਨੌਜਵਾਨਾਂ, ਬੱਚਿਆਂ, ਔਰਤਾਂ, ਬਜ਼ੁਰਗਾਂ,ਨੂੰ ਸੜਕਾਂ ਤੇ ਬੈਠਣ ਲਈ ਮਜਬੂਰ ਕਰ ਦਿੱਤਾ।ਕੋਈ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਜਾਣ ਦੇ ਰਿਹਾ,ਕੋਈ ਰੁਜ਼ਗਾਰ ਨਾ ਮਿਲਣ ਕਰ ਕੇ ਜਾਨ ਦੇ ਰਿਹਾ ਹੈ,ਅੱਜ ਸਾਡੀਆਂ ਧੀਆਂ, ਭੈਣਾਂ ਦਾ ਘਰੋਂ ਬਾਹਰ ਨਿਕਲਣਾ ਸੁਰੱਖਿਅਤ ਨਹੀਂ ਰਿਹਾ,ਕਿਸੇ ਨੂੰ ਨਿਆਂ ਨਹੀਂ ਮਿਲ ਰਿਹਾ। ਹੇ ਮੇਰੇ ਵੀਰ! ਤੁਸੀਂ ਸਾਡੇ ਲਈ ਜਿਊਂਦੇ ਸੀ, ਜਿਊਂਦੇ ਹੋ ਅਤੇ ਹਮੇਸ਼ਾ ਜਿਊਂਦੇ ਰਹੋਗੇ।”
ਹੁਣ ਤੁਸੀਂ ਦੱਸੋ ਕਿ ਮੈਂ ਇਸ ਵਿੱਚ ਗ਼ਲਤ ਕੀ ਲਿਖਿਆ? ਮੈਂ ਸਰ ਨੂੰ ਕਿਹਾ,” ਮੈਂ ਬਦਲਾਅ ਨਹੀਂ ਕਰਨਾ ਚਾਹੁੰਦੀ ਸਰ।”ਉਹ ਮੈਨੂੰ ਕਹਿਣ ਲੱਗੇ,”ਤੇਰਾ ਨਾਮ ਨਹੀਂ ਬੋਲਿਆ ਜਾਣਾ ਤੂੰ ਇਥੋ ਚਲੀ ਜਾ।”
ਇਹ ਸੁਣ ਮੇਰਾ ਖ਼ੂਨ ਖੌਲ ਗਿਆ ਮੈਂ ਕਿਹਾ,”ਸਰ ਤੁਸੀਂ ਨਹੀਂ ਮੇਰਾ ਨਾਮ ਬੋਲਣਾ ਸਟੇਜ ਤੇ ਤਾਂ ਨਾ ਬੋਲੋ।ਮੈਨੂੰ ਵੀ ਪਸੰਦ ਨਹੀਂ ਕਿ ਮੈਂ ਉੱਥੇ ਬੋਲਾਂ ਜਿੱਥੇ ਮੇਰੇ ਵਿਚਾਰ ਨੂੰ ਬੰਨ੍ਹਿਆ ਜਾ ਰਿਹਾ ਹੋਵੇ,ਮੈਂ ਸੋਚ ਰਹੀ ਸੀ ਕਿ ਇੱਥੇ ਸਭ ਭਗਤ ਸਿੰਘ ਦੀ ਸੋਚ ਨੂੰ ਉਜਾਗਰ ਕਰਨ ਵਾਲੇ ਹਨ, ਪਰ ਮੈਨੂੰ ਨਹੀਂ ਸੀ ਪਤਾ ਕਿ ਇਹ ਸਮਾਗਮ ਸਿਰਫ ਉਨ੍ਹਾਂ ਦੇ ਨਾਮ ਤੇ ਹੈ,ਉਨ੍ਹਾਂ ਦੀ ਸੋਚ ਤੋਂ ਕਿਤੇ ਦੂਰ।”
ਇਹ ਕਹਿ ਮੈਂ ਉਸ ਹਾਲ ਤੋਂ ਬਾਹਰ ਆ ਗਈ ਤੇ ਉਥੇ ਰੁਕਣਾ ਵੀ ਮੈਂ ਠੀਕ ਨਹੀਂ ਸਮਝਿਆ ਕਿਉਂਕਿ ਉੱਥੇ ਸਭ ਇੱਕ ਦੂਸਰੇ ਦੇ ਹੱਥ ਦੀ ਕਠਪੁਤਲੀ ਸਨ ਤੇ ਮੈਂ ਇਨ੍ਹਾਂ ਕਠਪੁਤਲੀਆਂ ਦਾ ਨਾਚ ਨਹੀਂ ਦੇਖਣਾ ਚਾਹੁੰਦੀ ਸੀ।
ਨਮਨਪ੍ਰੀਤ ਕੌਰ
ਬੀ. ਏ.ਭਾਗ ਦੂਜਾ
ਸਰਕਾਰੀ ਕਾਲਜ ਮਲੇਰਕੋਟਲਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly