*ਭੁਗਤਾਨ ਨਾ ਕਰਨ ਤੇ ਅੱਠ ਮਹੀਨੇ ਹੋਰ ਜੇਲ ਭੁਗਤਣ ਦੀ ਚੇਤਾਵਨੀ
ਲੰਡਨ – (ਰਾਜਵੀਰ ਸਮਰਾ) ਸ਼ਰਾਬ ਦੀ ਤਸਕਰੀ ਸਬੰਧੀ ਅਦਾਲਤ ਵਿਚ ਚੱਲੇ ਕੇਸ ਦੌਰਾਨ ਦੱਸਿਆ ਗਿਆ ਕਿ ਬਿਲਡਰ ਦਿਲਬਾਗ ਸਿੰਘ (39), ਹੇਜ ਐਂਡ ਡਰਾਈਵ, ਹੇਜ, ਲੰਡਨ ਵਾਸੀ ਨੇ ਸ਼ਰਾਬ ਦੀ ਤਸਕਰੀ ਕਰਕੇ 60,000 ਪੌਂਡ ਟੈਕਸ ਦੀ ਚੋਰੀ ਕੀਤੀ ਸੀ| ਉਸ ਨੇ ਇਹ ਸ਼ਰਾਬ ਦੀ ਖੇਪ ਆਪਣੇ ਸਾਥੀ ਸਰਤਾਜ ਸਿੰਘ ਗਿੱਲ (33) ਮਾਰਲੋ ਰੋਡ ਹਾਈਵਿਕਮ ਵਾਸੀ ਦੇ ਹੰਸਲੋ ਵਿਖੇ ਇਕ ਇੰਡਸਟਰੀਅਲ ਯੂਨਿਟ ਵਿਚ ਰੱਖੀ ਹੋਈ ਸੀ| ਐਚ ਐਮ ਰੇਵੇਨਿਊ ਐਂਡ ਕਸਟਮਜ਼ ਮਹਿਕਮੇ ਦੇ ਅਧਿਕਾਰੀਆਂ ਨੇ 15 ਸਤੰਬਰ 2016 ਨੂੰ ਉੱਥੇ ਛਾਪਾ ਮਾਰਿਆ ਤਾ ਗੋਦਾਮ ਸ਼ਰਾਬ ਦੀਆ ਪੇਟੀਆ ਨਾਲ ਭਰਿਆ ਹੋਇਆ ਸੀ| ਉੱਥੋਂ ਇਕ ਅਜਿਹੀ ਡਾਇਰੀ ਵੀ ਬਰਾਮਦ ਹੋਈ ਜਿਸ ਵਿਚ ਸ਼ਰਾਬ ਦੇ ਆਰਡਰ ਅਤੇ ਭੁਗਤਾਨ ਬਾਰੇ ਵਿਸਥਾਰਿਤ ਜਾਣਕਾਰੀ ਲਿਖੀ ਹੋਈ ਸੀ|
ਜਾਂਚ ਦੌਰਾਨ ਢਿੱਲੋਂ ਨੇ ਮੰਨਿਆ ਕਿ ਇਹ ਡਾਇਰੀ ਉਸੇ ਦੀ ਸੀ ਪਰ ਇਸ ਵਿਚ ਲਿਖੀ ਗਈ ਜਾਣਕਾਰੀ ਕਿਸੇ ਹੋਰ ਨੇ ਭਰੀ ਸੀ| ਪਰ ਲਿਖਤ ਮਾਹਿਰਾਂ ਨੇ ਜਾਂਚ ਪਿੱਛੋਂ ਦੱਸਿਆ ਕਿ ਡਾਇਰੀ ਵਿਚਲੀ ਲਿਖਤ ਢਿੱਲੋਂ ਦੀ ਹੀ ਸੀ| ਗਿੱਲ ਨੇ ਆਪਣੇ ਦੋਸਤ ਢਿੱਲੋਂ ਦੇ ਅਪਰਾਧ ਨੂੰ ਛਪਾਉਣ ਲਈ ਜਾਂਚ ਅਧਿਕਾਰੀਆਂ ਸਾਹਮਣੇ ਝੂਠ ਬੋਲਿਆ| ਉਸ ਨੇ ਦੱਸਿਆ ਕਿ ਜਿਸ ਯੂਨਿਟ ਵਿਚ ਸ਼ਰਾਬ ਰੱਖੀ ਹੋਈ ਸੀ , ਉਹ ਕਿਸੇ ਹੋਰ ਕਿਰਾਏਦਾਰ ਦਾ ਸੀ| ਪਰ ਜਾਂਚ ਅੱਗੇ ਵਧੀ ਤਾ ਗਿੱਲ ਨੇ ਆਪਣੀ ਗਲਤੀ ਮੰਨ ਲਈ ਕਿ ਉਸ ਨੇ ਆਪਣੇ ਦੋਸਤ ਨੂੰ ਬਚਾਉਣ ਲਈ ਗਲਤ ਬਿਆਨ ਦਿੱਤਾ ਸੀ| ਫਰਾਡ ਇਨਵੇਸਟੀਗੇਸਨ ਸਰਵਿਸ ਦੇ ਅਸਿਸਟੈਂਟ ਡਾਇਰੈਕਟਰ ਸਾਈਮਨ ਕਿਫਰ ਮੁਤਾਬਿਕ ਢਿੱਲੋਂ ਟੈਕਸ ਭਰਨ ਵਾਲੀ ਜਨਤਾ ਦੇ ਪੈਸੇ ਚੋਰੀ ਕਰਕੇ ਕਾਨੂੰਨੀ ਕਾਰੋਬਾਰੀਆਂ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਸੀ | ਜਿਹੜਾ ਪੈਸੇ ਲਾਜਮੀ ਜਨਤਕ ਸੇਵਾਵਾਂ ਨੂੰ ਜਾਣਾ ਚਾਹੀਦਾ ਸੀ ਉਹ ਉਸ ਦੀ ਜੇਬ ਚ ਜਾ ਰਿਹਾ ਸੀ | ਗਿੱਲ ਨੇ ਝੂਠ ਬੋਲਿਆ ਅਤੇ ਇਨਸਾਫ ਦੇ ਰਾਹ ਚ ਰੁਕਾਵਟਾਂ ਪਾਈਆ | ਬੀਤੇ ਸ਼ੁਕਰਵਾਰ ਨੂੰ ਸਾਊਥਾਰਕ ਕਰਾਊਨ ਕੋਰਟ ਨੇ ਦਿਲਬਾਗ ਸਿੰਘ ਢਿੱਲੋਂ ਨੂੰ 46 ,318 ਲੀਟਰ ਗੈਰਕਨੂੰਨੀ ਸ਼ਰਾਬ ਵਿੱਚੋ ਕਮਾਏ ਗਏ 53 ,937 ਪੌਂਡ ਵਾਪਸ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਤਿੰਨ ਮਹੀਨੇ ਵਿਚ ਅਦਾਇਗੀ ਕਰਨ ਤੋਂ ਅਯੋਗ ਰਹਿਣ ਤੇ 8 ਮਹੀਨੇ ਹੋਰ ਸਜਾ ਭੁਗਤਣ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਗਈ |