ਸ਼ਕਤੀ ਪ੍ਰਦਰਸ਼ਨ ਮਗਰੋਂ ਪਵਨ ਬਾਂਸਲ ਨੇ ਨਾਮਜ਼ਦਗੀ ਭਰੀ

ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਨੇ ਵੀ ਅੱਜ ਵਿਸ਼ਾਲ ਰੋਡ ਸ਼ੋਅ ਰਾਹੀਂ ਸ਼ਕਤੀ ਪ੍ਰਦਰਸ਼ਨ ਕੀਤਾ ਅਤੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ। ਸ੍ਰੀ ਬਾਂਸਲ ਨੇ ਸੈਕਟਰ-35 ਸਥਿਤ ਕਾਂਗਰਸ ਭਵਨ ਤੋਂ ਰੋਡ ਸ਼ੋਅ ਸ਼ੁਰੂ ਕੀਤਾ। ਰੋਡ ਸ਼ੋਅ ਸ਼ੁਰੂ ਕਰਦਿਆਂ ਹੀ ਸੈਕਟਰ-35 ਵਿਚ ਲੰਮੇਂ ਜਾਮ ਲੱਗ ਗਏ। ਵੱਖ-ਵੱਖ ਸੈਕਟਰਾਂ ਤੋਂ ਹੁੰਦਾ ਹੋਇਆ ਰੋਡ ਸ਼ੋਅ ਸੈਕਟਰ 17 ਸਥਿਤ ਡਿਪਟੀ ਕਮਿਸ਼ਨਰ ਦੇ ਦਫਤਰ ਪੁੱਜਾ, ਜਿਥੇ ਸ੍ਰੀ ਬਾਂਸਲ ਨੇ ਆਪਣੇ ਕਾਗਜ਼ ਦਾਖਲ ਕਰਵਾਏ। ਇਸ ਦੌਰਾਨ ਸੜਕਾਂ ’ਤੇ ਜਾਮ ਲੱਗਦੇ ਰਹੇ ਅਤੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੀਤੇ ਦਿਨ ਵੀ ਭਾਜਪਾ ਉਮੀਦਵਾਰ ਸੰਸਦ ਮੈਂਬਰ ਕਿਰਨ ਖੇਰ ਦੇ ਰੋਡ ਸ਼ੋਅ ਦੌਰਾਨ ਕੁਝ ਵਾਹਨ ਚਾਲਕਾਂ ਵੱਲੋਂ ਸੜਕੀ ਨਿਯਮਾਂ ਦੀ ਉਲੰਘਣਾ ਕਰਨ ’ਤੇ ਡੀਐਸਪੀ ਹਰਜੀਤ ਕੌਰ ਨੇ ਚਲਾਨ ਕੱਟੇ ਸਨ ਅਤੇ ਕਾਫੀ ਹੰਗਾਮਾ ਹੋਇਆ ਸੀ। ਇਸ ਨੂੰ ਮੁੱਖ ਰਖਦਿਆਂ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਾਂਗਰਸੀਆਂ ਨੂੰ ਹਦਾਇਤ ਕੀਤੀ ਸੀ ਕਿ ਕੋਈ ਵੀ ਸੜਕੀ ਨਿਯਮਾਂ ਦੀ ਉਲੰਘਣਾ ਨਾ ਕਰੇ। ਇਸ ਦੇ ਉਲਟ ਹਾਲੇ ਕਾਂਗਰਸ ਭਵਨ ਤੋਂ ਰੋਡ ਸ਼ੋਅ ਚਲਿਆ ਵੀ ਨਹੀਂ ਸੀ ਅਤੇ ਕੁਝ ਲੜਕੇ ਕਾਰ ਦੇ ਅੱਗੇ-ਪਿੱਛੇ ਲਟਕਦੇ ਹੋਏ ਉਥੇ ਪੁੱਜੇ। ਉਥੇ ਹੀ ਤਾਇਨਾਤ ਡੀਐਸਪੀ ਹਰਜੀਤ ਕੌਰ ਦੀ ਨਜ਼ਰੀਂ ਜਦੋਂ ਇਹ ਕਾਰ ਚੜ੍ਹੀ ਤਾਂ ਉਨ੍ਹਾਂ ਤੁਰੰਤ ਕਾਰ ਨੂੰ ਰੁਕਵਾਇਆ ਅਤੇ ਸਟਾਫ ਨੂੰ ਚਲਾਨ ਕੱਟਣ ਦੇ ਹੁਕਮ ਕੀਤੇ। ਕਾਰ ’ਤੇ ਸਵਾਰ ਲੜਕੇ ਰੋਹਬ ਨਾਲ ਸ੍ਰੀ ਬਾਂਸਲ ਦੇ ਪੁੱਤਰ ਮਨੀਸ਼ ਬਾਂਸਲ ਨੂੰ ਉਥੇ ਲੈ ਕੇ ਆਏ ਪਰ ਡੀਐਸਪੀ ਟੱਸ ਤੋਂ ਮੱਸ ਨਾ ਹੋਈ। ਸ੍ਰੀ ਬਾਂਸਲ ਦੇ ਰੋਡ ਸ਼ੋਅ ਵਿਚ ਕਿਰਨ ਖੇਰ ਵਾਂਗ ਕੋਈ ਵੀਵੀਆਈਵੀ ਨਹੀਂ ਸੀ ਅਤੇ ਸਥਾਨਕ ਲੀਡਰ ਅਤੇ ਵਰਕਰ ਹੀ ਸ਼ਾਮਲ ਸਨ ਪਰ ਗਿਣਤੀ ਪੱਖੋਂ ਪੂਰਾ ਹੰਗਾਰਾ ਮਿਲਿਆ। ਸ੍ਰੀ ਬਾਂਸਲ ਤੇ ਉਨ੍ਹਾਂ ਦੀ ਪਤਨੀ ਮਧੂ ਬਾਂਸਲ ਅਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਕਾਰ ਵਿਚ ਸਵਾਰ ਹੋ ਕੇ ਰੋਡ ਸ਼ੋਅ ਵਿਚ ਸ਼ਾਮਲ ਹੋਏ। ਇਹ ਰੋਡ ਸ਼ੋਅ ਸੈਕਟਰ 34, 21, 22, 23, 24, ਅਤੇ ਸੈਕਟਰ-16 ਸਥਿਤ ਗਾਂਧੀ ਸਮਾਰਕ ਭਵਨ ਤੋਂ ਹੁੰਦਾ ਹੋਇਆ ਸੈਕਟਰ-17 ਡੀਸੀ ਦਫਤਰ ਪੁੱਜਾ। ਇਸ ਮੌਕੇ ਸ੍ਰੀ ਬਾਂਸਲ ਨੇ ਕਿਹਾ ਕਿ ਚੰਡੀਗੜ੍ਹ ਵਿਚ ਮੋਦੀ ਲਹਿਰ ਨਹੀਂ ਹੈ ਅਤੇ ਲੋਕ ਭਾਜਪਾ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਅੱਕ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ 5 ਸਾਲ ਸ਼ਹਿਰ ਦਾ ਕੋਈ ਵਿਕਾਸ ਨਹੀਂ ਕੀਤਾ।

Previous article‘ਲੰਮੀ ਉਮਰ ਲਈ ਜੀਵਨ ਸਾਥੀ ਨੂੰ ਖ਼ੁਸ਼ ਰੱਖੋ’
Next articleਮੰਦਰ ਵਿਵਾਦ: ਸ਼ਿਵ ਸੈਨਾ ਆਗੂਆਂ ਨੇ ਵਿਰੋਧ ਦੇ ਬਾਵਜੂਦ ਸਾਧਵੀ ਨੂੰ ਗੱਦੀ ’ਤੇ ਬਿਠਾਇਆ