ਮੰਦਰ ਵਿਵਾਦ: ਸ਼ਿਵ ਸੈਨਾ ਆਗੂਆਂ ਨੇ ਵਿਰੋਧ ਦੇ ਬਾਵਜੂਦ ਸਾਧਵੀ ਨੂੰ ਗੱਦੀ ’ਤੇ ਬਿਠਾਇਆ

ਪਿੰਡ ਕੋਲੀਆਂ ਦੇ ਸ਼ਿਵ ਮੰਦਿਰ ਵਿੱਚ ਗੱਦੀ ਨੂੰ ਲੈ ਕੇ ਚੱਲ ਰਹੇ ਵਿਵਾਦ ਉਸ ਵੇਲੇ ਭਖ ਗਿਆ ਜਦੋਂ ਸ਼ਿਵ ਸੈਨਾ ਦੀਆਂ ਕੁਝ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਾਧਵੀ ਜਯੋਤੀ ਪੁਰੀ ਨੂੰ ਧਾਰਮਿਕ ਰਸਮਾਂ ਨਾਲ ਗੁਰਗੱਦੀ ’ਤੇ ਬਿਠਾ ਦੇਣ ਤੋਂ ਭੜਕੇ ਲੋਕਾਂ ਵਲੋਂ ਪੁਲੀਸ ਤੇ ਹਿੰਦੂ ਜਥੇਬੰਦੀਆਂ ਦੇ ਆਗੂਆਂ ’ਤੇ ਪਥਰਾਅ ਕੀਤਾ ਗਿਆ। ਪੈਦਾ ਹੋਏੇ ਤਣਾਅ ਨੂੰ ਦੇਖਦਿਆਂ ਮੌਕੇ ’ਤੇ ਪੁੱਜੇ ਐਸਡੀਐਮ ਅਦਿੱਤਿਆ ਉੱਪਲ ਨੇ ਦੇਰ ਸ਼ਾਮ ਧਾਰਾ 145 ਦੀ ਕਾਰਵਾਈ ਸ਼ੁਰੂ ਕਰਕੇ ਮੰਦਿਰ ਦੀ ਸੁਰੱਖਿਆ ਲਈ ਪੁਲੀਸ ਤਾਇਨਾਤ ਕਰ ਦਿੱਤੀ ਹੈ। ਪਿੰਡ ਦੇ ਲੋਕ ਹਾਲੇ ਵੀ ਮੰਦਿਰ ਦੇ ਬਾਹਰ ਸਾਧਵੀ ਨੂੰ ਮੰਦਿਰ ’ਚੋਂ ਬਾਹਰ ਕੱਢ ਦੇਣ ਦੀ ਮੰਗ ਨੂੰ ਲੈ ਕੇ ਡਟੇ ਹੋਏ ਹਨ।
ਦੱਸਣਯੋਗ ਹੈ ਕਿ ਪਿਛਲੇ ਦਿਨੀ ਪਿੰਡ ਕੋਲੀਆਂ ਵਿਚਲੇ ਸ਼ਿਵ ਮੰਦਿਰ ਦੇ ਮੁਖੀ ਪ੍ਰਗਟ ਪੁਰੀ ਦੇ ਸਰੀਰ ਛੱਡ ਜਾਣ ਉਪਰੰਤ ਮੰਦਿਰ ਦੀ ਗੱਦੀ ਨੂੰ ਲੈ ਕੇ ਦੋ ਧਿਰਾਂ ਵਿੱਚ ਵਿਵਾਦ ਖੜ੍ਹਾ ਹੋ ਗਿਆ ਸੀ। ਮੰਦਰ ਮੁਖੀ ਦੀ ਚੇਲੀ ਜਯੋਤੀ ਪੁਰੀ ਨੇ ਮੰਦਰ ਦੇ ਮੁਖੀ ਵਲੋਂ ਕਰੀਬ 17 ਸਾਲ ਪਹਿਲਾਂ ਚੇਲੀ ਨਾਮ ਕੀਤੀ ਵਸੀਅਤ ਦੇ ਅਧਾਰ ’ਤੇ ਗੱਦੀ ’ਤੇ ਆਪਣਾ ਦਾਅਵਾ ਜਤਾਇਆ ਸੀ। ਪਰ ਪਿੰਡ ਵਾਲਿਆਂ ਵਲੋਂ ਵਿਰੋਧ ਕਰਨ ’ਤੇ ਪ੍ਰਸ਼ਾਸਨ ਦੇ ਦਖ਼ਲ ਨਾਲ ਸਮਝੌਤਾ ਹੋਇਆ ਕਿ ਕਰੀਬ 1 ਸਾਲ ਮੰਦਰ ਦੇ ਮੁਖੀ ਦੀ ਚੇਲੀ ਜਯੋਤੀ ਪੁਰੀ ਤੇ ਪਿੰਡ ਵਾਲਿਆਂ ਦੇ ਭਰੋਸੇਯੋਗ ਕੈਲਾਸ਼ ਪੁਰੀ ਮੰਦਿਰ ਵਿੱਚ ਸੇਵਾ ਕਰਨਗੇ ਅਤੇ ਦੋਹਾਂ ਦੀ ਕਾਰਗੁਜ਼ਾਰੀ ਦੇ ਅਧਾਰ ’ਤੇ ਹੀ ਅਗਲਾ ਮੁਖੀ ਬਣਾਇਆ ਜਾਵੇਗਾ।
ਅੱਜ ਸ਼ਿਵ ਸੈਨਾ ਪੰਜਾਬ ਦੇ ਆਗੂਆਂ ਵਲੋਂ ਟਾਂਡਾ ਤੋਂ ਮੁਕੇਰੀਆਂ ਦੇ ਸ਼ੀਤਲਾ ਮਾਤਾ ਮੰਦਿਰ ਮੁਕੇਰੀਆਂ ਤੱਕ ਖਾਲਿਸਤਾਨ ਪੱਖੀ ਸਜ਼ਾਵਾਂ ਕੱਟ ਰਹੇ ਆਗੂਆਂ ਨੂੰ ਫਾਂਸੀ ਦੀ ਮੰਗ ਲਈ ਮਾਰਚ ਕੱਢਿਆ ਗਿਆ ਸੀ। ਅਚਾਨਕ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਸੰਜੀਵ ਘਨੌਲੀ ਦੀ ਅਗਵਾਈ ਵਿੱਚ ਇਹ ਮਾਰਚ ਕੋਲੀਆਂ ਦੇ ਸ਼ਿਵ ਮੰਦਿਰ ਚਲਾ ਗਿਆ ਅਤੇ ਪੁਲੀਸ ਦੇ ਮੌਜੂਦ ਹੋਣ ਦੇ ਬਾਵਜੂਦ ਅੰਦਰ ਜਾ ਕੇ ਸਮਝੌਤੇ ਨੂੰ ਤੋੜਦਿਆਂ ਸਾਧਵੀ ਜਯੋਤੀ ਪੁਰੀ ਨੂੰ ਧਾਰਮਿਕ ਰਸਮਾਂ ਨਾਲ ਗੱਦੀ ’ਤੇ ਬਿਠਾ ਦਿੱਤਾ। ਪੁਲੀਸ ਦੀ ਹਾਜ਼ਰੀ ਵਿੱਚ ਅਜਿਹਾ ਹੋਣ ਬਾਰੇ ਪਿੰਡ ਵਾਲਿਆਂ ਨੂੰ ਪਤਾ ਲੱਗਣ ’ਤੇ ਲੋਕ ਗੁੱਸੇ ਵਿੱਚ ਮੰਦਰ ਆ ਪੁੱਜੇ। ਲੋਕਾਂ ਨੂੰ ਦੇਖ ਸ਼ਿਵ ਸੈਨਾ ਦੇ ਆਗੂ ਗੱਡੀਆਂ ਵਿੱਚ ਰਫੂ ਚੱਕਰ ਹੋ ਗਏ, ਪਰ ਭੜਕੇ ਪਿੰਡ ਵਾਲਿਆਂ ਨੇ ਉਨ੍ਹਾਂ ਦੀਆਂ ਗੱਡੀਆਂ ’ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਪਥਰਾਅ ਦੌਰਾਨ ਇੱਕ ਪੱਥਰ ਡੀਐਸਪੀ ਮੁਕੇਰੀਆਂ ਰਵਿੰਦਰ ਸਿੰਘ ਦੇ ਨੱਕ ’ਤੇ ਲੱਗਾ, ਜਿਸ ਉਪਰੰਤ ਪਿੰਡ ਵਾਲਿਆਂ ਨੂੰ ਖਿੰਡਾਉਣ ਲਈ ਪੁਲੀਸ ਨੂੰ ਲਾਠੀਚਾਰਜ ਕਰਨਾ ਪਿਆ। ਮੌਕੇ ’ਤੇ ਪੁੱਜੇ ਐੇਸਡੀਐਮ ਅਦਿੱਤਿਆ ਉੱਪਲ ਨੇ ਦੋਹਾਂ ਧਿਰਾਂ ਨਾਲ ਗੱਲਬਾਤ ਕੀਤੀ, ਜਿਸ ਦੌਰਾਨ ਪਿੰਡ ਦੇ ਸਰਪੰਚ ਅਸ਼ਵਨੀ ਕੁਮਾਰ ਤੇ ਹੋਰਾਂ ਨੇ ਕਿਹਾ ਕਿ ਸਾਧਵੀ ਜਯੋਤੀ ਪੁਰੀ ਨੇ ਧੱਕੇ ਨਾਲ ਹਿੰਦੂ ਜਥੇਬੰਦੀਆਂ ਦੀ ਮਦਦ ਨਾਲ ਆਪਣੇ ਪਰਿਵਾਰ ਸਮੇਤ ਮੰਦਿਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਧਿਕਾਰੀ ਨੇ ਦੋਹਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਨਾ ਮੰਨਣ ’ਤੇ ਐਸਡੀਐਮ ਨੇ ਝਗੜੇ ਦੇ ਨਿਪਟਾਰੇ ਲਈ ਧਾਰਾ 145 ਅਧੀਨ ਕਾਰਵਾਈ ਅਰੰਭ ਦਿੱਤੀ ਹੈ ਅਤੇ ਮੰਦਰ ਦੇ ਬਾਹਰ ਸੁਰੱਖਿਆ ਲਈ ਪੁਲੀਸ ਤਾਇਨਾਤ ਕਰ ਦਿੱਤੀ ਹੈ।

Previous articleਸ਼ਕਤੀ ਪ੍ਰਦਰਸ਼ਨ ਮਗਰੋਂ ਪਵਨ ਬਾਂਸਲ ਨੇ ਨਾਮਜ਼ਦਗੀ ਭਰੀ
Next articleਏਸ਼ਿਆਈ ਮੁੱਕੇਬਾਜ਼ੀ: ਪੰਘਾਲ ਤੇ ਪੂਜਾ ਨੇ ਜਿੱਤੇ ਸੋਨ ਤਗ਼ਮੇ