ਵੈਨਕੂਵਰ ਪੁਲੀਸ ਵੱਲੋਂ ਛੇ ਗੈਂਗਸਟਰਾਂ ਦੀਆਂ ਤਸਵੀਰਾਂ ਜਾਰੀ

ਵੈਨਕੂਵਰ ,ਸਮਾਜ ਵੀਕਲੀ: ਵੈਨਕੂਵਰ ਪੁਲੀਸ ਨੇ ਅੱਜ ਚਾਰ ਪੰਜਾਬੀਆਂ ਸਮੇਤ 6 ਵਿਅਕਤੀਆਂ ਨੂੰ ਗੈਂਗਸਟਰ ਦੱਸਦਿਆਂ ਉਨ੍ਹਾਂ ਦੇ ਨਾਂ ਤੇ ਫੋਟੋਆਂ ਜਾਰੀ ਕਰ ਕੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਇਨ੍ਹਾਂ ਤੋਂ ਬਚਕੇ ਰਿਹਾ ਜਾਵੇ ਤੇ ਪਤਾ ਲੱਗਣ ’ਤੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਵੇ। ਪੁਲੀਸ ਮੁਖੀ ਐਡਮ ਪਾਲਮਰ ਅਨੁਸਾਰ ਇਨ੍ਹਾਂ ਗੈਂਗਸਟਰਾਂ ਦਾ ਆਮ ਲੋਕਾਂ ਵਿੱਚ ਵਿਚਰਨਾ ਹੋਰਾਂ ਲਈ ਖ਼ਤਰੇ ਤੋਂ ਖਾਲੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਲੰਘੇ ਸਾਢੇ ਚਾਰ ਮਹੀਨਿਆਂ ਦੌਰਾਨ ਖੇਤਰ ਵਿੱਚ ਗੈਂਗਸਟਰਾਂ ਦੀ ਬਦਲਾਖੋਰੀ ਵਿੱਚ 20 ਜਣੇ ਮਾਰੇ ਗਏ ਤੇ 20 ਹੋਰ ਜ਼ਖ਼ਮੀ ਹੋਏ।

ਜਾਰੀ ਕੀਤੇ 6 ਨਾਵਾਂ ਵਿੱਚ ਹਰਜੀਤ ਦਿਓ (35) ਤੇ ਗੁਰਿੰਦਰ ਦਿਓ (38) ਸਕੇ ਭਰਾ, ਬਰਿੰਦਰ ਧਾਲੀਵਾਲ (38) ਤੇ ਮਨਿੰਦਰ ਧਾਲੀਵਾਲ (28) ਸਕੇ ਭਰਾ ਅਤੇ 21 ਤੇ 41 ਸਾਲਾ ਦੋ ਲੋਕ ਹੋਰ ਭਾਈਚਾਰਿਆਂ ’ਚੋਂ ਹਨ। ਦਿਓ ਭਰਾਵਾਂ ਦਾ ਵੱਡਾ ਭਰਾ ਪੰਜ ਸਾਲ ਪਹਿਲਾਂ ਟਰਾਂਟੋ ਵਿੱਚ ਮਾਰਿਆ ਗਿਆ ਸੀ। ਕੁਝ ਦਿਨਾਂ ਤੋਂ ਗੈਂਗਸਟਰ ਘਟਨਾਵਾਂ ਵਿੱਚ ਤੇਜ਼ੀ ਆਉਨ ਕਾਰਣ ਸਰਕਾਰ ਦੀ ਫਿਕਰਮੰਦੀ ਵਧੀ ਹੋਈ ਹੈ। ਇਸੇ ਸਬੰਧ ਵਿੱਚ ਦੋ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ।

ਦੋ ਹਫ਼ਤੇ ਪਹਿਲਾਂ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹੋਈ ਗੋਲੀਬਾਰੀ ਨੇ ਉੱਥੋਂ ਦੀ ਸੁਰੱਖਿਆ ਵਿਵਸਥਾ ਦੀ ਪੋਲ ਖੋਲ੍ਹ ਦਿੱਤੀ ਸੀ। ਬੇਸ਼ਕ ਇਸਨੂੰ ਅੰਦਰੂਨੀ ਮਾਮਲਾ ਕਹਿਕੇ ਟਾਲਾ ਵੱਟਣ ਦਾ ਯਤਨ ਕੀਤਾ ਜਾ ਰਿਹਾ ਹੈ, ਪਰ ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਪੁਲੀਸ ਨੂੰ ਸਖ਼ਤੀ ਕਰ ਕੇ ਅਪਰਾਧਾਂ ਨੂੰ ਬ੍ਰੇਕ ਲਾਉਣ ਦੀਆਂ ਹਦਾਇਤਾਂ ਆ ਚੁੱਕੀਆਂ ਹਨ। ਪੁਲੀਸ ਮੁਖੀ ਸ੍ਰੀ ਪਾਲਮਰ ਨੇ ਕਿਹਾ ਕਿ ਇਸ ਸਬੰਧੀ ਉਪ ਪੁਲੀਸ ਮੁਖੀ ਫਿਓਨਾ ਵਿਲਸਨ ਦੀ ਅਗਵਾਈ ਹੇਠ ਗਠਿਤ ਟੀਮ ਦੇ ਯਤਨਾਂ ਨੂੰ ਜਲਦੀ ਬੂਰ ਪੈ ਸਕਦਾ ਹੈ ਜਿਸ ਨਾਲ ਲੋਅਰਮੇਨਲੈਂਡ ’ਚੋਂ ਲੋਕਾਂ ਦੇ ਮਨਾਂ ਦਾ ਡਰ ਦੂਰ ਹੋ ਸਕੇਗਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ਦੇ ਭਵਿੱਖ ਲਈ ‘ਮੋਦੀ ਸਿਸਟਮ’ ਨੂੰ ਨੀਂਦ ਤੋਂ ਜਗਾਉਣਾ ਜ਼ਰੂਰੀ: ਰਾਹੁਲ
Next article‘ਕਿੰਗਫਿਸ਼ਰ’ ਤੋਂ ਕਰਜ਼ਾ ਵਸੂਲਣ ਦੇ ਨੇੜੇ ਪਹੁੰਚੀਆਂ ਭਾਰਤੀ ਬੈਂਕਾਂ