ਨਵੀਂ ਦਿੱਲੀ (ਸਮਾਜ ਵੀਕਲੀ) : ਡਾ. ਰੈੱਡੀਜ਼ ਲੈਬਾਰਟਰੀਜ਼ ਨੇ ਅੱਜ ਦੱਸਿਆ ਕਿ ਉਸ ਨੂੰ ਡਰੱਗ ਕੰਟਰੋਲ ਜਨਰਲ ਆਫ ਇੰਡੀਆ (ਡੀਸੀਜੀਆਈ) ਵੱਲੋਂ ਰੂਸੀ ਡਾਇਰੈਕਟ ਫੰਡ ਇਨਵੈਸਟਮੈਂਟ (ਆਰਡੀਆਈਐੱਫ) ਨਾਲ ਮਿਲ ਕੇ ਭਾਰਤ ’ਚ ਕੋਵਿਡ-19 ਵੈਕਸੀਨ ਸਪੁਤਨਿਕ-5 ਦੀ ਮਨੁੱਖਾਂ ’ਤੇ ਦੂਜੇ ਤੇ ਤੀਜੇ ਪੜਾਅ ਦੀ ਕਲੀਨੀਕਲ ਪਰਖ ਦੀ ਪ੍ਰਵਾਨਗੀ ਮਿਲ ਗਈ ਹੈ। ਹੈਦਰਾਬਾਦ ’ਚ ਮੁੱਖ ਦਫ਼ਤਰ ਵਾਲੀ ਦਵਾਈ ਨਿਰਮਾਤਾ ਕੰਪਨੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਇਹ ਬਹੁ-ਕੇਂਦਰੀ ਅਤੇ ਰੈਂਡਮ ਕੰਟਰੋਲਡ ਸਟੱਡੀ ਹੋਵੇਗੀ ਜਿਸ ਵਿੱਚ ਸੁਰੱਖਿਆ ਤੇ ਰੋਗ ਪ੍ਰਤੀਰੋਧੀ ਸਮਰੱਥਾ ਦੀ ਪਰਖ ਸ਼ਾਮਲ ਹੈ।
ਡਾ. ਰੈੱਡੀਜ਼ ਲੈਬਾਰਟਰੀਜ਼ ਦੇ ਸਹਿ-ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਜੀ.ਵੀ. ਪ੍ਰਸਾਦ ਨੇ ਕਿਹਾ, ‘ਇਹ ਇੱਕ ਮਹੱਤਵਪੂਰਨ ਕਦਮ ਹੈ ਕਿ ਸਾਨੂੰ ਭਾਰਤ ’ਚ ਕਲੀਨੀਕਲ ਟਰਾਇਲ ਦੀ ਆਗਿਆ ਮਿਲੀ ਗਈ ਅਤੇ ਅਸੀਂ ਕਰੋਨਾ ਨਾਲ ਨਜਿੱਠਣ ਲਈ ਸੁਰੱਖਿਅਤ ਅਤੇ ਅਸਰਦਾਰ ਵੈਕਸੀਨ ਲਿਆਉਣ ਵਚਨਬੱਧ ਹਾਂ।’ ਆਰਡੀਆਈਐੱਫ ਦੇ ਸੀਈਓ ਕਿਰਿਲ ਦਿਮਿਤ੍ਰੀਵ ਨੇ ਕਿਹਾ ਕਿ, ‘ਅਸੀਂ ਸੁਰੱਖਿਆ ਅਤੇ ਰੋਗ ਪ੍ਰਤੀਰੋਧੀ ਸਮਰੱਥਾ ਸਬੰਧੀ ਰੂਸ ਵਿੱਚ ਹੋਏ ਤੀਜੇ ਪੜਾਅ ਦੇ ਕਲੀਨੀਕਲ ਟਰਾਇਲ ਦੇ ਅੰਕੜੇ ਭਾਰਤੀ ਕਲੀਨੀਕਲ ਟਰਾਇਲ ਲਈ ਮੁਹੱਈਆ ਕਰਾਵਾਂਗੇ। ਇਹ ਅੰਕੜੇ ਸਪੁਤਨਿਕ-5 ਵੈਕਸੀਨ ਦੇ ਭਾਰਤ ’ਚ ਕਲੀਨੀਕਲ ਟਰਾਇਲਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨਗੇ।’