ਕਰੋਨਾ ਨਾਲ ਜੰਗ ’ਚ ਢਿੱਲ ਨਾ ਵਰਤੀ ਜਾਵੇ: ਮੋਦੀ

ਨਵੀਂ ਦਿੱਲੀ (ਸਮਾਜ ਵੀਕਲੀ) : ਹਰੇਕ ਨਾਗਰਿਕ ਲਈ ਟੀਕਿਆਂ ਦੀ ਫੌਰੀ ਪਹੁੰਚ ਯਕੀਨੀ ਬਣਾਉਣ ਲਈ ਪੂਰੀ ਤਿਆਰੀ ਰੱਖਣ ਦਾ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਂ ਦੇ ਪ੍ਰਬੰਧ ਵਾਂਗ ਟੀਕੇ ਦੀ ਵੰਡ ਸਬੰਧੀ ਅਜਿਹੀ ਪ੍ਰਣਾਲੀ ਵਿਕਸਤ ਕਰਨ ਦਾ ਸੁਝਾਅ ਦਿੱਤਾ ਹੈ ਜਿਸ ’ਚ ਸਰਕਾਰੀ ਅਤੇ ਜਨਤਕ ਗਰੁੱਪਾਂ ਦੀ ਹਰੇਕ ਪੱਧਰ ’ਤੇ ਭਾਈਵਾਲੀ ਹੋੋਵੇ। ਕਰੋਨਾ ਮਹਾਮਾਰੀ ਦੇ ਹਾਲਾਤ, ਟੀਕਿਆਂ ਦੀ ਡਿਲੀਵਰੀ, ਵੰਡ ਅਤੇ ਪ੍ਰਸ਼ਾਸਕੀ ਤਿਆਰੀਆਂ ਬਾਰੇ ਅੱਜ ਨਜ਼ਰਸਾਨੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਮੰਤਰੀ ਨੇ ਰੋਜ਼ਾਨਾ ਕੇਸਾਂ ’ਚ ਆ ਰਹੀ ਗਿਰਾਵਟ ਦਾ ਜ਼ਿਕਰ ਵੀ ਕੀਤਾ।

ਉਨ੍ਹਾਂ ਇਸ ਬਿਮਾਰੀ ਖਿਲਾਫ਼ ਕਿਸੇ ਵੀ ਤਰ੍ਹਾਂ ਦੀ ਢਿੱਲ ਪ੍ਰਤੀ ਚਿਤਾਵਨੀ ਦਿੱਤੀ ਅਤੇ ਮਹਾਮਾਰੀ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣ ਲਈ ਕਿਹਾ। ਉਨ੍ਹਾਂ ਆਉਂਦੇ ਤਿਉਹਾਰਾਂ ਦੌਰਾਨ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤੇ ਜਾਣ ਦੀ ਬੇਨਤੀ ਵੀ ਕੀਤੀ। ਬੈਠਕ ’ਚ ਸਿਹਤ ਮੰਤਰੀ ਹਰਸ਼ ਵਰਧਨ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। ਕਰੋਨਾਵਾਇਰਸ ਦਾ ਅਸਰਦਾਰ ਟੀਕਾ ਵਿਕਸਤ ਕਰਨ ’ਤੇ ਜਾਰੀ ਕੰਮ ਦਰਮਿਆਨ ਸਰਕਾਰ ਨੇ ਅੱਜ ਕਿਹਾ ਕਿ ਮੁਲਕ ਦੇ ਦੋ ਅਧਿਐਨਾਂ ’ਚ ਖ਼ੁਲਾਸਾ ਹੋਇਆ ਹੈ ਕਿ ਭਾਰਤ ’ਚ ਵਾਇਰਸ ਅਜੇ ਸਥਿਰ ਹੈ ਅਤੇ ਇਸ ’ਚ ਕੋਈ ਵੱਡਾ ਬਦਲਾਅ ਨਜ਼ਰ ਨਹੀਂ ਆਇਆ ਹੈ।

ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਨੇ ਬਿਆਨ ’ਚ ਕਿਹਾ ਕਿ ਮੁਲਕ ’ਚ ਤਿੰਨ ਟੀਕੇ ਵਿਕਸਤ ਕਰਨ ਦਾ ਕੰਮ ਅਗਾਊਂ ਪੜਾਅ ’ਤੇ ਚੱਲ ਰਿਹਾ ਹੈ ਜਿਸ ’ਚੋਂ ਦੋ ਪ੍ਰੀਖਣ ਦੂਜੇ ਪੜਾਅ ਅਤੇ ਇਕ ਤੀਜੇ ਪੜਾਅ ’ਚ ਦਾਖ਼ਲ ਹੋ ਚੁੱਕੇ ਹਨ। ਪੀਐੱਮਓ ਨੇ ਬਿਆਨ ’ਚ ਕਿਹਾ ਕਿ ਕੋਵਿਡ-19 ਲਈ ਵੈਕਸੀਨ ਪ੍ਰਸ਼ਾਸਨ ਬਾਰੇ ਕੌਮੀ ਮਾਹਿਰਾਂ ਦੇ ਗਰੁੱਪ ਨੇ ਸੂਬਾ ਸਰਕਾਰਾਂ ਅਤੇ ਹੋਰ ਧਿਰਾਂ ਨਾਲ ਵਿਚਾਰ ਵਟਾਂਦਰੇ ਮਗਰੋਂ ਵੈਕਸੀਨ ਦੀ ਸਟੋਰੇਜ, ਵੰਡ ਅਤੇ ਪ੍ਰਸ਼ਾਸਨ ਦਾ ਬਲੂਪ੍ਰਿੰਟ ਤਿਆਰ ਕੀਤਾ ਹੈ।

Previous articleਭੱਠਾ ਮੁਲਾਜ਼ਮ ਵੱਲੋਂ ਪਰਿਵਾਰ ਸਣੇ ਆਤਮਦਾਹ, ਚਾਰ ਮੌਤਾਂ
Next articleਵੈਕਸੀਨ: ਡਾ. ਰੈੱਡੀਜ਼ ਤੇ ਆਰਡੀਆਈਐੱਫ ਨੂੰ ਭਾਰਤ ’ਚ ਪਰਖ ਦੀ ਪ੍ਰਵਾਨਗੀ