ਸਾਬਕਾ ਚੈਂਪੀਅਨ ਮੀਰਾਬਾਈ ਚਾਨੂ 18 ਤੋਂ 27 ਸਤੰਬਰ ਤੱਕ ਥਾਈਲੈਂਡ ਵਿੱਚ ਹੋਣ ਵਾਲੀ ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਸੱਤ ਮੈਂਬਰੀ ਟੀਮ ਦੀ ਅਗਵਾਈ ਕਰੇਗੀ। ਵਿਸ਼ਵ ਚੈਂਪੀਅਨਸ਼ਿਪ ਟੋਕੀਓ ਓਲੰਪਿਕ-2020 ਲਈ ਕੁਆਲੀਫਾਈਂਗ ਟੂਰਨਾਮੈਂਟ ਹੈ। ਥਾਈਲੈਂਡ ਵਿੱਚ ਅਭਿਆਸ ਕਰ ਰਹੀ ਟੀਮ ਵਿੱਚ ਚਾਰ ਮਹਿਲਾਵਾਂ ਅਤੇ ਤਿੰਨ ਪੁਰਸ਼ ਸ਼ਾਮਲ ਹਨ। ਕੌਮੀ ਕੋਚ ਵਿਜੇ ਸ਼ਰਮਾ ਨੇ ਕਿਹਾ, “ਇਹ ਸਾਡਾ ਕੋਰ ਓਲੰਪਿਕ ਗਰੁਪ ਹੈ। ਉਸ ਨੇ ਟੋਕੀਓ ਲਈ ਛੇ ਕੁਆਲੀਫਿਕੇਸ਼ਨ ਟੂਰਨਾਮੈਂਟ ਖੇਡਣੇ ਹਨ, ਜਿਨ੍ਹਾਂ ਵਿੱਚ ਵਿਸ਼ਵ ਚੈਂਪੀਅਨਸ਼ਿਪ ਵੀ ਸ਼ਾਮਲ ਹੈ।”
ਉਨ੍ਹਾਂ ਕਿਹਾ, ‘‘ਅਸੀਂ ਕੁਝ ਨੌਜਵਾਨਾਂ ਨੂੰ ਕੋਰ ਗਰੁੱਪ ਵਿੱਚ ਸ਼ਾਮਲ ਕੀਤਾ ਹੈ ਤਾਂ ਕਿ ਉਨ੍ਹਾਂ ਨੂੰ ਤਜਰਬਾ ਹਾਸਲ ਹੋ ਸਕੇ। ਇਸ ਤਰ੍ਹਾਂ ਅਸੀਂ ਭਵਿੱਖ ਲਈ ਚੰਗੇ ਵੇਟਲਿਫਟਰ ਤਿਆਰ ਕਰ ਸਕਾਂਗੇ।” ਅਮਰੀਕਾ ਵਿੱਚ ਵਿਸ਼ਵ ਚੈਂਪੀਅਨਸ਼ਿਪ-2017 ਦੌਰਾਨ (48 ਕਿਲੋ ਭਾਰ ਵਰਗ) ਸੋਨ ਤਗ਼ਮਾ ਜਿੱਤਣ ਵਾਲੀ ਮੀਰਾਬਾਈ ਭਾਰਤ ਲਈ ਤਗ਼ਮੇ ਦੀ ਉਮੀਦ ਹੈ। ਉਹ ਪਿਛਲੇ ਸਾਲ ਸੱਟ ਲੱਗਣ ਕਾਰਨ ਬਾਹਰ ਹੋ ਗਈ ਸੀ। ਉਸ ਮਗਰੋਂ ਇਸ ਸਾਲ ਫਰਵਰੀ ਵਿੱਚ ਸ਼ਾਨਦਾਰ ਵਾਪਸ ਕਰਦਿਆਂ ਈਜੀਏਟੀ ਕੱਪ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਹ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਮਾਮੂਲੀ ਫ਼ਰਕ ਨਾਲ ਤਗ਼ਮੇ ਤੋਂ ਖੁੰਝ ਗਈ ਸੀ। ਟੋਕੀਓ ਓਲੰਪਿਕ-2020 ਲਈ ਕੁਆਲੀਫਿਕੇਸ਼ਨ ਤਹਿਤ ਵੇਟਲਿਫਟਰਾਂ ਦੀ ਕਾਰਗੁਜ਼ਾਰੀ ਨੂੰ 18 ਮਹੀਨਿਆਂ ਦੇ ਅੰਦਰ ਛੇ ਟੂਰਨਾਮੈਂਟਾਂ ਦੌਰਾਨ ਪਰਖਿਆ ਜਾਵੇਗਾ। ਇਨ੍ਹਾਂ ਵਿੱਚੋਂ ਚਾਰ ਸਰਵੋਤਮ ਨਤੀਜੇ ਵਾਲੇ ਕੁਆਲੀਫਾਈ ਹੋਣਗੇ।
Sports ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ: ਭਾਰਤੀ ਟੀਮ ਦੀ ਅਗਵਾਈ ਕਰੇਗੀ ਮੀਰਾਬਾਈ