ਰੋਹਿਤ ਸ਼ਰਮਾ ਨੇ ਭਾਰਤੀਆਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ

ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ ਤਰਾਰ ਪਾਰੀ ਦੀ ਮਦਦ ਨਾਲ ਇੱਥੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਦੋ ਵਿਕਟਾਂ ’ਤੇ 195 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜਿਸ ਦੇ ਜਵਾਬ ਵਿੱਚ ਵੈਸਟ ਇੰਡੀਜ਼ ਦੀ ਟੀਮ ਨੌਂ ਵਿਕਟਾਂ ’ਤੇ 124 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਭਾਰਤੀ ਕ੍ਰਿਕਟ ਟੀਮ ਨੇ ਆਪਣੇ ਦਰਸ਼ਕਾਂ ਨੂੰ ਜਿੱਤ ਨਾਲ ਦੀਵਾਲੀ ਦਾ ਤੋਹਫ਼ਾ ਦਿੱਤਾ।
ਰੋਹਿਤ ਨੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਅਟਲ ਇਕਾਨਾ ਸਟੇਡੀਅਮ ਵਿੱਚ ਚੌਕੇ ਅਤੇ ਛੱਕਿਆਂ ਨਾਲ 50 ਹਜ਼ਾਰ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਉਸ ਨੇ ਮਿਲੇ ਦੋ ਜੀਵਨਦਾਨ ਦਾ ਪੂਰਾ ਲਾਹਾ ਲੈ ਕੇ 61 ਗੇਂਦਾਂ ’ਤੇ 111 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ ਅੱਠ ਚੌਕੇ ਅਤੇ ਸੱਤ ਛੱਕੇ ਸ਼ਾਮਲ ਹਨ। ਉਸ ਨੇ ਸ਼ਿਖਰ ਧਵਨ (41 ਗੇਂਦਾਂ ’ਤੇ 43 ਦੌੜਾਂ) ਨਾਲ ਪਹਿਲੀ ਵਿਕਟ ਲਈ 123 ਦੌੜਾਂ ਜੋੜੀਆਂ, ਜਦਕਿ ਕੇਐਲ ਰਾਹੁਲ (14 ਗੇਂਦਾਂ ’ਤੇ ਨਾਬਾਦ 26 ਦੌੜਾਂ) ਨਾਲ ਤੀਜੀ ਵਿਕਟ ਲਈ ਸਿਰਫ਼ 28 ਗੇਂਦਾਂ ’ਤੇ 62 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ।
ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 11ਵੀਂ ਦੌੜ ਪੂਰੀ ਕਰਦਿਆਂ ਭਾਰਤ ਵੱਲੋਂ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਵਿੰਡੀਜ਼ ਖ਼ਿਲਾਫ਼ ਮੌਜੂਦਾ ਲੜੀ ਵਿੱਚ ਟੀਮ ਦੀ ਕਮਾਨ ਸੰਭਾਲਣ ਵਾਲੇ ਰੋਹਿਤ ਨੇ ਕਪਤਾਨ ਵਿਰਾਟ ਕੋਹਲੀ ਨੂੰ ਪਛਾੜ ਦਿੱਤਾ ਹੈ, ਜਿਸ ਨੂੰ ਇਸ ਲੜੀ ਤੋਂ ਆਰਾਮ ਦਿੱਤਾ ਗਿਆ ਹੈ। ਕੋਹਲੀ ਨੇ 62 ਮੈਚਾਂ ਦੀਆਂ 58 ਪਾਰੀਆਂ ਵੱਚ 2102 ਦੌੜਾਂ ਬਣਾਈਆਂ ਹਨ, ਜਦਕਿ ਰੋਹਿਤ ਦੇ ਨਾਮ 86 ਮੈਚਾਂ ਦੀਆਂ 79 ਪਾਰੀਆਂ ਵਿੱਚ 2203 ਦੌੜਾਂ ਦਰਜ ਹੋ ਗਈਆਂ ਹਨ। ਟੀ-20 ਕੌਮਾਂਤਰੀ ਵਿੱਚ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ (2271) ਦੇ ਨਾਮ ਦਰਜ ਹੈ। ਰੋਹਿਤ ਹੁਣ ਦੂਜੇ ਨੰਬਰ ’ਤੇ ਕਾਬਜ਼ ਹੋ ਗਿਆ ਹੈ। ਉਸ ਤੋਂ ਬਾਅਦ ਪਾਕਿਸਤਾਨ ਦੇ ਸ਼ੋਏਬ ਮਲਿਕ (2190), ਨਿਊਜ਼ੀਲੈਂਡ ਦੇ ਬਰੈਂਡਨ ਮੈਕੁਲਮ (2140) ਅਤੇ ਕੋਹਲੀ ਦਾ ਨੰਬਰ ਆਉਂਦਾ ਹੈ।ਰੋਹਿਤ ਨੇ ਇਸ ਛੋਟੇ ਰੂਪ ਦੀ ਕ੍ਰਿਕਟ ਵਿੱਚ 19ਵੀਂ ਵਾਰ 50 ਤੋਂ ਵੱਧ ਦਾ ਸਕੋਰ ਬਣਾਇਆ, ਜੋ ਇੱਕ ਰਿਕਾਰਡ ਹੈ। ਕੋਹਲੀ 18 ਵਾਰ ਅਜਿਹਾ ਕਾਰਨਾਮਾ ਕਰ ਚੁੱਕਿਆ ਹੈ। ਉਸ ਨੇ ਆਪਣਾ ਚੌਥਾ ਸੈਂਕੜਾ ਪੂਰਾ ਕੀਤਾ, ਜੋ ਟੀ-20 ਕੌਮਾਂਤਰੀ ਵਿੱਚ ਨਵਾਂ ਰਿਕਾਰਡ ਹੈ। ਨਿਊਜ਼ੀਲੈਂਡ ਦੇ ਕੋਲਿਨ ਮੁਨਰੋ ਨੇ ਤਿੰਨ ਸੈਂਕੜੇ ਮਾਰੇ ਹਨ। ਇਸ ਦੌਰਾਨ ਸ਼ਿਖਰ ਧਵਨ ਟੀ-20 ਕੌਮਾਂਤਰੀ ਵਿੱਚ 1000 ਦੌੜਾਂ ਪੂਰਾ ਕਰਨ ਵਾਲਾ ਭਾਰਤ ਦਾ ਛੇਵਾਂ ਬੱਲੇਬਾਜ਼ ਬਣ ਗਿਆ ਹੈ। ਇਸ ਦੇ ਲਈ ਉਸ ਨੂੰ 20 ਦੌੜਾਂ ਦੀ ਲੋੜ ਸੀ। ਧਵਨ ਤੋਂ ਪਹਿਲਾਂ ਰੋਹਿਤ, ਕੋਹਲੀ, ਸੁਰੇਸ਼ ਰੈਣਾ (1605), ਮਹਿੰਦਰ ਸਿੰਘ ਧੋਨੀ (1487) ਅਤੇ ਯੁਵਰਾਜ ਸਿੰਘ (117) ਨੇ ਇਹ ਉਪਲਬਧੀ ਹਾਸਲ ਕੀਤੀ ਹੈ।
ਰੋਹਿਤ ਜਦੋਂ 24 ਦੌੜਾਂ ’ਤੇ ਸੀ, ਉਦੋਂ ਖਾਰੀ ਪੀਅਰ ਨੇ ਉਸ ਨੂੰ ਜੀਵਨਦਾਨ ਵੀ ਦਿੱਤਾ। ਧਵਨ ਨੇ ਵੀ 20ਵੀਂ ਦੌੜ ਬਣਾਉਂਦਿਆਂ ਹੀ ਟੀ-20 ਵਿੱਚ ਇੱਕ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਅਜਿਹਾ ਕਰਨ ਵਾਲਾ ਉਹ ਛੇਵਾਂ ਬੱਲੇਬਾਜ਼ ਬਣ ਗਿਆ ਹੈ। ਧਵਨ ਨੂੰ ਵੀ 28 ਦੇ ਸਕੋਰ ’ਤੇ ਜੀਵਨ ਦਾਨ ਮਿਲਿਆ।

Previous articleਏਸ਼ਿਆਈ ਚੈਂਪੀਅਨਸ਼ਿਪ: ਇਲੈਵੇਨਿਲ ਤੇ ਹਰਿਦੈ ਨੇ ਸੋਨ ਤਗ਼ਮਾ ਫੁੰਡਿਆ
Next articleTej Pratap Yadav hasn’t returned home after divorce talks: Family