ਕੋਰੀ ਗੌਫ਼ ਦਾ ਜਦ ਜਨਮ ਹੋਇਆ ਸੀ ਤਾਂ ਵੀਨਸ ਵਿਲੀਅਮਜ਼ ਵਿੰਬਲਡਨ ਵਿਚ ਦੋ ਸਿੰਗਲਜ਼ ਖ਼ਿਤਾਬ ਜਿੱਤ ਚੁੱਕੀ ਸੀ ਤੇ ਹੁਣ ਪੰਜ ਵਾਰ ਦੀ ਚੈਂਪੀਅਨ ਨੂੰ ਪਹਿਲੇ ਗੇੜ ਵਿਚ ਹਰਾਉਣ ਤੋਂ ਬਾਅਦ ਇਸ 15 ਸਾਲਾ ਲੜਕੀ ਦਾ ਮਕਸਦ ਇਹ ਗ੍ਰੈਂਡ ਸਲੈਮ ਟੈਨਿਸ ਟੂਰਨਾਮੈਂਟ ਜਿੱਤ ਕੇ ਇਤਿਹਾਸ ਸਿਰਜਣਾ ਹੈ। ਅਮਰੀਕਾ ਦੀ ਹੀ ਗੌਫ਼ ਨੂੰ ਵੀਨਸ ਖ਼ਿਲਾਫ਼ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਵਿਸ਼ਵ ਦੀ 313ਵੇਂ ਨੰਬਰ ਦੀ ਖਿਡਾਰਨ ਗੌਫ਼ ਨੇ ਆਪਣੇ ਤੋਂ 24 ਸਾਲ ਵੱਡੀ ਵੀਨਸ ਨੂੰ ਆਸਾਨੀ ਨਾਲ 6-4, 6-4 ਨਾਲ ਹਰਾਇਆ। ਇਸ ਤੋਂ ਬਾਅਦ ਉਸ ਨੇ ਟੂਰਨਾਮੈਂਟ ਬਾਰੇ ਆਪਣੀਆਂ ਇੱਛਾਵਾਂ ਨੂੰ ਲੁਕਾਇਆ ਨਹੀਂ। ਗੌਫ਼ ਨੇ ਕਿਹਾ ਕਿ ਮੇਰਾ ਮਕਸਦ ਖ਼ਿਤਾਬ ਜਿੱਤਣਾ ਹੈ। ਪਿਤਾ ਦਾ ਜ਼ਿਕਰ ਕਰਦਿਆਂ ਕੋਰੀ ਨੇ ਕਿਹਾ ਕਿ ਜਦ ਉਹ ਅੱਠ ਸਾਲ ਦੀ ਸੀ ਤਾਂ ਉਸ ਦੇ ਪਿਤਾ ਜੀ ਕਹਿੰਦੇ ਸਨ ਕਿ ਉਹ ਮਹਾਨਤਾ ਵੱਲ ਵੱਧ ਸਕਦੀ ਹੈ। ਹਾਲਾਂਕਿ ਉਸ ਨੇ ਕਿਹਾ ਕਿ ਉਹ ਇਸ ਬਾਰੇ ਯਕੀਨ ਨਾਲ ਨਹੀਂ ਕਹਿ ਸਕਦੀ ਮਗਰੋਂ ਪਤਾ ਨਹੀਂ ਸਥਿਤੀ ਕਿਵੇਂ ਦੀ ਹੋਵੇਗੀ। ਗੌਫ਼ ਨੇ ਕਿਹਾ ਕਿ ਉਹ ਵੀਨਸ ਨੂੰ ਵੀ ਬਚਪਨ ਤੋਂ ਹੀ ਆਪਣਾ ਆਦਰਸ਼ ਮੰਨਦੀ ਆਈ ਹੈ ਪਰ ਕੋਰਟ ’ਤੇ ਉਸ ਨੇ ਅਜਿਹੀਆਂ ਭਾਵਨਾਵਾਂ ਹਾਵੀ ਨਹੀਂ ਹੋਣ ਦਿੱਤੀਆਂ। ਵੀਨਸ ਨੇ ਵੀ ਮੰਨਿਆ ਕਿ ਉਹ ਕਾਫ਼ੀ ਦੂਰ ਤੱਕ ਜਾ ਸਕਦੀ ਹੈ। ਅੱਜ ਹੋਏ ਮੁਕਾਬਲਿਆਂ ਵਿਚ ਐਸ਼ਲੇ ਬਾਰਟੀ ਤੇ ਐਂਜਲੀਕ ਕਰਬਰ ਦੂਜੇ ਗੇੜ ਵਿਚ ਪੁੱਜ ਗਈਆਂ ਹਨ। ਨਾਓਮੀ ਓਸਾਕਾ ਨੂੰ ਹਾਰ ਮਿਲੀ ਹੈ।
Sports ਵੀਨਸ ਨੂੰ ਹਰਾਉਣ ਵਾਲੀ ਗੌਫ਼ ਦਾ ਟੀਚਾ ਵਿੰਬਲਡਨ ਸਰ ਕਰਨਾ