ਵੀਆਨਾ: ਅਤਿਵਾਦੀ ਹਮਲੇ ’ਚ ਚਾਰ ਹਲਾਕ, 17 ਜ਼ਖ਼ਮੀ

ਵੀਆਨਾ (ਸਮਾਜ ਵੀਕਲੀ) : ਆਸਟਰੀਆ ਦੇ ਵੀਆਨਾ ’ਚ ਬੀਤੇ ਦਿਨ ਹੋਏ ਅਤਿਵਾਦੀ ਹਮਲੇ ’ਚ ਇਕ ਹਮਲਾਵਰ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ 17 ਹੋਰ ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਮੁਲਕ ’ਚ ਕਰੋਨਾਵਾਇਰਸ ਦੇ ਮੱਦੇਨਜ਼ਰ ਲੌਕਡਾਊਨ ਸ਼ੁਰੂ ਕੀਤੇ ਜਾਣ ਤੋਂ ਕੁਝ ਘੰਟੇ ਪਹਿਲਾਂ ਹੀ ਇਹ ਹਮਲਾ ਹੋਇਆ ਹੈ।

ਆਸਟਰਿਆਈ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਮਾਰੇ ਗਏ 20 ਸਾਲਾ ਹਮਲਾਵਰ ਕੋਲ ਆਸਟਰੀਆ ਤੇ ਉੱਤਰੀ ਮੈਕੇਡੋਨੀਆ ਦੀ ਦੂਹਰੀ ਨਾਗਰਿਕਤਾ ਸੀ ਅਤੇ ਉਸ ਦਾ ਪਹਿਲਾਂ ਵੀ ਅਤਿਵਾਦ ਨਾਲ ਸਬੰਧ ਰਿਹਾ ਹੈ। ਚਾਂਸਲਰ ਸਿਬੈਸਟੀਅਨ ਕੁਰਜ਼ ਨੇ ਦੱਸਿਆ ਕਿ ਬੀਤੀ ਸ਼ਾਮ ਹੋਏ ਇਸ ਅਤਿਵਾਦੀ ਹਮਲੇ ’ਚ ਜ਼ਖਮੀ ਹੋਏ ਚਾਰ ਵਿਅਕਤੀਆਂ ਦੀ ਮੌਤ ਹੋਈ ਹੈ ਜਿਨ੍ਹਾਂ ’ਚ ਦੋ ਔਰਤਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸ਼ੱਕੀ ਹਮਲਾਵਰ ਨੂੰ ਪੁਲੀਸ ਨੇ ਗੋਲੀ ਮਾਰ ਕੇ ਮਾਰ ਮੁਕਾਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਵੀਆਨਾ ਦੇ ਹਸਪਤਾਲ ’ਚ ਦਾਖ਼ਲ 7 ਜ਼ਖ਼ਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

17 ਜਣੇ ਗੋਲੀਆਂ ਵੱਜਣ ਕਾਰਨ ਜ਼ਖ਼ਮੀ ਹੋਏ ਹਨ। ਕੁਰਜ਼ ਨੇ ਕਿਹਾ, ‘ਇਹ ਹੁਣ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਬੀਤੇ ਦਿਨ ਜੋ ਹਮਲਾ ਹੋਇਆ ਹੈ ਉਹ ਇਸਲਾਮਿਕ ਅਤਿਵਾਦੀ ਹਮਲਾ ਸੀ।’ ਉਨ੍ਹਾਂ ਕਿਹਾ, ‘ਇਹ ਨਫ਼ਤਰ ਤਹਿਤ ਕੀਤਾ ਗਿਆ ਹਮਲਾ ਹੈ। ਉਹ ਨਫ਼ਰਤ ਜੋ ਸਾਡੀਆਂ ਕਦਰਾਂ-ਕੀਮਤਾਂ, ਸਾਡੇ ਜਿਊਣ ਦੇ ਢੰਗ ਤੇ ਸਾਡੇ ਲੋਕਤੰਤਰ ਨੂੰ ਕੀਤੀ ਜਾਂਦੀ ਹੈ।’ ਗ੍ਰਹਿ ਮੰਤਰੀ ਕਾਰਲ ਨੇਹੈਮਰ ਨੇ ਕਿਹਾ ਕਿ ਪੁਲੀਸ ਦੀ ਗੋਲੀ ਨਾਲ ਮਾਰਿਆ ਗਿਆ ਸ਼ੱਕੀ ਹਮਲਾਵਰ ਦਾ ਸਬੰਧ ਉੱਤਰੀ ਮੈਕੇਡੋਨੀਆ ਦੇ ਬਲਕਾਨ ਮੁਲਕ ਨਾਲ ਹੈ ਤੇ ਉਸ ਦਾ ਪਹਿਲਾਂ ਦੀ ਅਤਿਵਾਦੀ ਜਥੇਬੰਦੀਆਂ ਨਾਲ ਸਬੰਧ ਰਿਹਾ ਹੈ।

ਕੁਜਤਿਮ ਫੈਜਜ਼ੁਲਾਈ ਨਾਂ ਦਾ ਇਹ ਹਮਲਾਵਰ 2019 ’ਚ ਸੀਰੀਆ ਜਾ ਕੇ ਆਈਐੱਸ ’ਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ 22 ਮਹੀਨਿਆਂ ਦੀ ਕੈਦ ਦੀ ਸਜ਼ਾ ਭੁਗਤ ਚੁੱਕਾ ਹੈ। ਵੀਆਨਾ ਦੀ ਪੁਲੀਸ ਨੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਹੈ। ਆਸਟ੍ਰੀਆ ਪੁਲੀਸ ਨੇ ਇਸ ਮਾਮਲੇ ’ਚ 14 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

Previous articleਰਾਸ਼ਟਰਪਤੀ ਚੋਣਾਂ: ਅਮਰੀਕਾ ’ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪਈਆਂ
Next articleਮੋਦੀ ਤੇ ਨਿਤੀਸ਼ ਨੇ ਬਿਹਾਰ ਨੂੰ ਲੁੱਟਿਆ: ਰਾਹੁਲ