ਚੰਡੀਗੜ੍ਹ, (ਸਮਾਜਵੀਕਲੀ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸੈਕਟਰ-2 ਸਥਿਤ ਘਰ ਦਾ ਘਿਰਾਓ ਕਰਨ ਪੁੱਜੇ। ਉਨ੍ਹਾਂ ਪੰਜਾਬ ਕੈਬਨਿਟ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਮੁੜ ਸ਼ੁਰੂ ਕਰਨ ਦੀ ਥਾਂ ਉਸ ਦੀ ਸੈਂਕੜੇ ਏਕੜ ਜ਼ਮੀਨ ਪੁੱਡਾ ਰਾਹੀਂ ਮਾਫ਼ੀਆ ਨੂੰ ਦਿੱਤੇ ਜਾਣ ਦਾ ਵਿਰੋਧ ਜਤਾਇਆ ਜਿਸ ਕਰ ਕੇ ਚੰਡੀਗੜ੍ਹ ਪੁਲੀਸ ਨੇ ‘ਆਪ’ ਆਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਡੱਕ ਦਿੱਤਾ ਅਤੇ ਕਈ ਘੰਟੇ ਬਾਅਦ ਛੱਡਿਆ।
ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਗਏ ਆਗੂਆਂ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਜੈ ਕ੍ਰਿਸ਼ਨ ਸਿੰਘ ਰੋੜੀ, ਸਿਆਸੀ ਰਿਵੀਊ ਕਮੇਟੀ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਅਤੇ ਯੂਥ ਆਗੂ ਸੰਦੀਪ ਸਿੰਗਲਾ ਸ਼ਾਮਿਲ ਹਨ। ਸ੍ਰੀ ਚੀਮਾ ਨੇ ਦੋਸ਼ ਲਗਾਇਆ ਕਿ ਜਿਸ ਬਿਜਲੀ ਅਤੇ ਲੈਂਡ ਮਾਫ਼ੀਏ ਦੀ ਕਮਾਨ ਪਹਿਲਾਂ ਸੁਖਬੀਰ ਸਿੰਘ ਬਾਦਲ ਕੋਲ ਸੀ ਉਹ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥ ’ਚ ਆ ਗਈ ਹੈ।
ਉਨ੍ਹਾਂ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਦੀ ਪਿਛਲੀ ਬਾਦਲ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਲਈ ਬਲੀ ਦੇ ਦਿੱਤੀ। ਜਦਕਿ ਕਾਂਗਰਸ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਨਿੱਜੀ ਬਿਜਲੀ ਕੰਪਨੀਆਂ ਨਾਲ ਹੋਏ ਮਾਰੂ ਬਿਜਲੀ ਖ਼ਰੀਦ ਸਮਝੌਤੇ (ਪੀਪੀਏਜ਼) ਰੱਦ ਕਰਨ ਦੇ ਦਾਅਵੇ ਕੀਤੇ ਸਨ ਪਰ ਮਨਪ੍ਰੀਤ ਸਿੰਘ ਬਾਦਲ ਥਰਮਲ ਪਲਾਂਟ ਦਾ ਨਾਮੋ-ਨਿਸ਼ਾਨ ਮਿਟਾਉਣ ਦੇ ਫ਼ੈਸਲੇ ਲੈ ਰਹੇ ਹਨ।
‘ਆਪ’ ਆਗੂਆਂ ਨੇ ਮੰਗ ਕੀਤੀ ਕਿ ਜੇ ਪੰਜਾਬ ਸਰਕਾਰ ਨੇ ਥਰਮਲ ਪਲਾਂਟ ਪੱਕੇ ਤੌਰ ’ਤੇ ਬੰਦ ਕਰਨ ਦਾ ਫ਼ੈਸਲਾ ਲੈ ਲਿਆ ਹੈ ਤਾਂ ਇਹ ਜ਼ਮੀਨਾਂ ਉਨ੍ਹਾਂ ਕਿਸਾਨਾਂ ਨੂੰ ਵਾਪਸ ਕੀਤੀਆਂ ਜਾਣ, ਜਿਨ੍ਹਾਂ ਤੋਂ 1969 ’ਚ ਥਰਮਲ ਪਲਾਂਟ ਸਥਾਪਤ ਕਰਨ ਲਈ ਲਈਆਂ ਸਨ। ਵਿਧਾਇਕ ਮੀਤ ਹੇਅਰ ਨੇ ਕਿਹਾ ਕਿ 2005 ਤੋਂ 2014 ਦਰਮਿਆਨ ਬਠਿੰਡਾ ਥਰਮਲ ਪਲਾਂਟ ਦੇ ਯੂਨਿਟਾਂ ਦੀ ਅੰਤਰਰਾਸ਼ਟਰੀ ਪੱਧਰ ਦੀ ਅਪਗ੍ਰੇਡੇਸ਼ਨ ਲਈ 734 ਕਰੋੜ ਰੁਪਏ ਖ਼ਰਚੇ ਗਏ ਸਨ।
ਉਸ ਨੂੰ 100 ਘੰਟੇ ਚੱਲਣ ਤੋਂ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਜਦਕਿ ਕੌਮੀ ਬਿਜਲੀ ਅਥਾਰਿਟੀ ਮੁਤਾਬਿਕ ਬਠਿੰਡਾ ਥਰਮਲ ਪਲਾਂਟ ਦੀ ਮਿਆਦ 2030-31 ਤੱਕ ਸੀ। ਡੀਐੱਸਪੀ ਸੈਂਟਰਲ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ‘ਆਪ’ ਆਗੂਆਂ ਨੂੰ ਥਾਣੇ ਲਿਜਾਇਆ ਗਿਆ ਸੀ ਪਰ ਕੁਝ ਸਮੇਂ ਬਾਅਦ ਛੱਡ ਦਿੱਤਾ ਗਿਆ।