ਕੈਨੋਸ਼ਾ (ਸਮਾਜ ਵੀਕਲੀ) : ਵਿਸਕੌਨਸਿਨ ਵਿੱਚ ਐਤਵਾਰ ਨੂੰ ਇਕ ਸਿਆਹਫਾਮ ਨੌਜਵਾਨ ਜੈਕਬ ਬਲੇਕ ਨੂੰ ਮਾਰੀਆਂ ਗੋਲੀਆਂ ਮਗਰੋਂ ਦੇਸ਼ ਵਿੱਚ ਵੱਖ ਵੱਖ ਥਾਈਂ ਪੁਲੀਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈਆਂ ਝੜਪਾਂ ਦੌਰਾਨ ਮੰਗਲਵਾਰ ਰਾਤ ਕੈਨੋਸ਼ਾ ਵਿੱਚ ਚੱਲੀ ਗੋਲੀ ਨਾਲ ਦੋ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਜਦੋਂਕਿ ਇਕ ਵਿਅਕਤੀ ਜ਼ਖ਼ਮੀ ਹੋ ਗਿਆ।
ਉਧਰ ਵਿਸਕੌਨਸਿਨ ਦੇ ਗਵਰਨਰ ਟੋਨੀ ਐਵਰਜ਼ ਨੇ ਲੋਕਾਂ ਨੂੰ ਸ਼ਾਂਤੀ ਬਣਾੲੇ ਰੱਖਣ ਦਾ ਸੱਦਾ ਦਿੰਦਿਆਂ ਕੈਨੋਸ਼ਾ ਵਿੱਚ ਸਲਾਮਤੀ ਦਸਤਿਆਂ ਦੀ ਗਿਣਤੀ 125 ਤੋਂ ਵਧਾ ਕੇ ਦੁੱਗਣੀ ਕਰ ਦਿੱਤੀ ਹੈ। ਐਵਰਜ਼ ਨੇ ਸਾਫ਼ ਕਰ ਦਿੱਤਾ ਕਿ ਉਹ ਨਸਲਵਾਦ ਦੇ ਅਨਿਆਂ ਦੇ ਚੱਕਰ ਨੂੰ ਨਹੀਂ ਚੱਲਣ ਦੇਣਗੇ। ਇਸ ਦੌਰਾਨ ਬਲੇਕ ਪਰਿਵਾਰ ਦੇ ਵਕੀਲ ਨੇ ਕਿਹਾ ਕਿ ਸਿਆਹਫਾਮ ਨੌਜਵਾਨ ਦਾ ਮੁੜ ਤੁਰਨਾ ‘ਕਿਸੇ ਚਮਤਕਾਰ’ ਤੋਂ ਘੱਟ ਨਹੀਂ ਹੋਵੇਗਾ।
ਕੈਨੋਸ਼ਾ ਪੁਲੀਸ ਦੇ ਲੈਫਟੀਨੈਂਟ ਜੋਸੇਫ਼ ਨੋਸਾਲਿਕ ਨੇ ਇਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਗੋਲੀ ਮੰਗਲਵਾਰ ਰਾਤ ਪੌਣੇ ਗਿਆਰਾਂ ਵਜੇ ਦੇ ਕਰੀਬ ਚੱਲੀ। ਪੁਲੀਸ ਮੁਤਾਬਕ ਜ਼ਖ਼ਮੀ ਦੀ ਹਾਲਤ ਗੰਭੀਰ ਹੈ ਤੇ ਉਹ ਮੁਕਾਮੀ ਹਸਪਤਾਲ ’ਚ ਇਲਾਜ ਅਧੀਨ ਹੈ। ਪੁਲੀਸ ਮੁਤਾਬਕ ਗੋਲੀਬਾਰੀ ਦੀ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਂਜ ਅਜੇ ਤਕ ਪੀੜਤਾਂ ਦੀ ਪਛਾਣ ਨਹੀਂ ਹੋ ਸਕੀ। ਇਸ ਤੋਂ ਪਹਿਲਾਂ ਪੁਲੀਸ ਨੂੰ ਕੈਨੋਸ਼ਾ ਕੋਰਟਹਾਊਸ ਦੇ ਬਾਹਰ ਇਕੱਤਰ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅਥਰੂ ਗੈਸ ਦੇ ਗੋਲੇ ਦਾਗਣੇ ਪਏ ਸੀ।
ਉਧਰ ਪੁਲੀਸ ਦੀ ਗੋਲੀਆਂ ਲੱਗਣ ਕਰਕੇ ਜ਼ਖ਼ਮੀ ਹੋਏ ਸਿਆਹਫਾਮ ਨੌਜਵਾਨ ਜੈਕਬ ਬਲੇਕ ਦੇ ਪਰਿਵਾਰ ਦੇ ਵਕੀਲ ਨੇ ਕਿਹਾ ਕਿ ਬਲੇਕ ਦਾ ਸਰੀਰ ਲੱਕ ਹੇਠੋਂ ਪੈਰਾਲਾਈਜ਼ ਹੋ ਗਿਆ ਹੈ, ਜੇਕਰ ਉਹ ਮੁੜ ਤੁਰਨ ਲੱਗਦਾ ਹੈ, ਤਾਂ ਇਹ ਕਿਸੇ ‘ਚਮਤਕਾਰ’ ਤੋਂ ਘੱਟ ਨਹੀਂ ਹੋਵੇਗਾ। ਬਲੇਕ ਪਰਿਵਾਰ ਦੇ ਵਕੀਲ ਬੈੱਨ ਕਰੰਪ ਨੇ ਕਿਹਾ ਕਿ ਮੰਗਲਵਾਰ ਨੂੰ ਵੀ ਨੌਜਵਾਨ ਦਾ ਅਪਰੇਸ਼ਨ ਹੋਇਆ ਸੀ।
ਕਰੰਪ ਮੁਤਾਬਕ ਗੋਲੀ ਕਰਕੇ ਬਲੇਕ ਦੀ ਰੀੜ੍ਹ ਦੀ ਹੱਡੀ ਦੇ ਨਾਲ ਉਹਦੇ ਕਈ ਅੰੰਗਾਂ ਨੂੰ ਵੱਡਾ ਨੁਕਸਾਨ ਪੁੱਜਾ ਹੈ। ਕਰੰਪ ਨੇ ਕਿਹਾ ਕਿ ਉਨ੍ਹਾਂ ਦੀ ਲੀਗਲ ਟੀਮ ਪੁਲੀਸ ਖ਼ਿਲਾਫ਼ ਦੀਵਾਨੀ ਮੁਕੱਦਮਾ ਦਾਇਰ ਕਰੇਗੀ। ਬਲੇਕ ਦੀ ਮਾਂ ਜੂਲੀਆ ਜੈਕਸਨ ਨੇ ਕਿਹਾ ਕਿ ਕੈਨੋਸ਼ਾ ਵਿੱਚ ਜੋ ਕੁਝ ਹੋਇਆ, ਉਨ੍ਹਾਂ ਦੇ ਪਰਿਵਾਰ ਨੇ ਕਦੇ ਵੀ ਅਜਿਹਾ ਕੁਝ ਨਹੀਂ ਚਾਹਿਆ ਸੀ। ਜੈਕਸਨ ਨੇ ਕਿਹਾ ਕਿ ਜੇਕਰ ਉਹਦਾ ਪੁੱਤ ਉਠ ਸਕਦਾ ਤਾਂ ਇਹ ਸਭ ਕੁਝ ਵੇਖ ਕੇ ‘ਬਹੁਤ ਨਾਖੁਸ਼’ ਹੁੰਦਾ।