ਵਿਸ਼ਵ ਮੁੱਕੇਬਾਜ਼ੀ: ਫਾਈਨਲ ’ਚ ਪੁੱਜਣ ਵਾਲਾ ਪਹਿਲਾ ਭਾਰਤੀ ਬਣਿਆ ਪੰਘਾਲ

ਏਸ਼ਿਆਈ ਚੈਂਪੀਅਨ ਅਮਿਤ ਪੰਘਾਲ (52 ਕਿਲੋ) ਅੱਜ ਇੱਥੇ ਕਜ਼ਾਖ਼ਸਤਾਨ ਦੇ ਸਾਕੇਨ ਬਿਬੋਸਿਨੋਵ ਨੂੰ ਹਰਾ ਕੇ ਵਿਸ਼ਵ ਪੁਰਸ਼ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਮੁੱਕੇਬਾਜ਼ ਬਣ ਗਿਆ, ਜਦਕਿ ਮਨੀਸ਼ ਕੌਸ਼ਿਕ (63 ਕਿਲੋ) ਨੂੰ ਸੈਮੀਫਾਈਨਲ ਵਿੱਚ ਹਾਰ ਨਾਲ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਦੂਜਾ ਦਰਜਾ ਪ੍ਰਾਪਤ ਪੰਘਾਲ ਨੇ ਇਸ ਚੁਣੌਤੀਪੂਰਨ ਮੁਕਾਬਲੇ ਵਿੱਚ 3-2 ਨਾਲ ਜਿੱਤ ਹਾਸਲ ਕੀਤੀ।
ਹੁਣ ਫਾਈਨਲ ਵਿੱਚ ਸ਼ਨਿੱਚਰਵਾਰ ਨੂੰ ਉਸ ਦੀ ਟੱਕਰ ਉਜ਼ਬੇਕਿਸਤਾਨ ਦੇ ਸ਼ਾਖੋਬਿਦਿਨ ਜ਼ੋਈਰੋਵ ਨਾਲ ਹੋਵੇਗੀ। ਜ਼ੋਈਰੋਵ ਨੇ ਇੱਕ ਹੋਰ ਸੈਮੀ ਫਾਈਨਲ ਵਿੱਚ ਫਰਾਂਸ ਦੇ ਬਿਲਾਲ ਬੇਨਾਮਾ ਨੂੰ ਸ਼ਿਕਸਤ ਦਿੱਤੀ ਸੀ। ਪੰਘਾਲ ਨੇ ਜਿੱਤ ਮਗਰੋਂ ਕਿਹਾ, ‘‘ਮੁਕਾਬਲਾ ਮੇਰੇ ਲਈ ਚੰਗਾ ਰਿਹਾ, ਹਾਲਾਂਕਿ ਮੈਂ ਜਿੰਨਾ ਸੋਚਿਆ ਸੀ, ਮੈਨੂੰ ਉਸ ਤੋਂ ਵੱਧ ਜ਼ੋਰ ਲਾਉਣਾ ਪਿਆ। ਇਹ ਭਾਰਤੀ ਮੁੱਕੇਬਾਜ਼ੀ ਲਈ ਵੱਡੀ ਪ੍ਰਾਪਤੀ ਹੈ ਅਤੇ ਮੈਨੂੰ ਜੋ ਸਮਰਥਨ ਮਿਲ ਰਿਹਾ ਹੈ, ਉਸ ਦਾ ਸ਼ੁਕਰ ਗੁਜ਼ਾਰ ਹਾਂ।’’
ਦੂਜੇ ਪਾਸੇ ਰਾਸ਼ਟਰਮੰਡਲ ਖੇਡਾਂ ਦੇ ਉਪ ਜੇਤੂ ਕੌਸ਼ਿਕ ਨੇ ਆਪਣੀ ਪਹਿਲੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਖੇਡਦਿਆਂ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਉਸ ਨੂੰ ਕਿਊਬਾ ਦੇ ਸੀਨੀਅਰ ਦਰਜਾ ਪ੍ਰਾਪਤ ਅਤੇ ਬੀਤੇ ਗੇੜ ਦੇ ਸੋਨ ਤਗ਼ਮਾ ਜੇਤੂ ਤੇ ਮੌਜੂਦਾ ਪੈਨ ਅਮਰੀਕਾ ਖੇਡਾਂ ਦੇ ਚੈਂਪੀਅਨ ਗੋਮੇਜ਼ ਕਰੂਜ਼ ਤੋਂ 0-5 ਨਾਲ ਹਾਰ ਮਿਲੀ।
ਭਾਰਤ ਨੇ ਕਦੇ ਵੀ ਵਿਸ਼ਵ ਚੈਂਪੀਅਨਸ਼ਿਪ ਦੇ ਕਿਸੇ ਗੇੜ ਵਿੱਚ ਇੱਕ ਤੋਂ ਵੱਧ ਕਾਂਸੀ ਦਾ ਤਗ਼ਮਾ ਹਾਸਲ ਨਹੀਂ ਕੀਤਾ, ਪਰ ਪੰਘਾਲ ਅਤੇ ਮਨੀਸ਼ ਕੌਸ਼ਿਕ (63 ਕਿਲੋ) ਨੇ ਸੈਮੀਫਾਈਨਲ ਵਿੱਚ ਪਹੁੰਚ ਕੇ ਇਸ ਰਵਾਇਤ ਨੂੰ ਬਦਲ ਦਿੱਤਾ। ਇਸ ਤੋਂ ਪਹਿਲਾਂ ਵਿਜੇਂਦਰ ਸਿੰਘ (2009), ਵਿਕਾਸ ਕ੍ਰਿਸ਼ਨ (2011), ਸ਼ਿਵ ਥਾਪਾ (2015) ਅਤੇ ਗੌਰਵ ਬਿਧੂੜੀ (2017) ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦੇ ਤਗ਼ਮੇ ਜਿੱਤੇ ਸਨ। ਪੰਘਾਲ ਨੇ ਕਿਹਾ, ‘‘ਮੈਂ ਸੋਨ ਤਗ਼ਮਾ ਜਿੱਤਣ ਦੀ ਪੂਰੀ ਕੋਸ਼ਿਸ਼ ਕਰਾਂਗਾ।’’ ਪੰਘਾਲ ਨੇ ਆਪਣੀ ਕਾਬਲੀਅਤ ਦੇ ਦਮ ’ਤੇ ਆਪਣੇ ਤੋਂ ਲੰਮੇ ਕੱਦ-ਕਾਠ ਦੇ ਕਜ਼ਾਖ਼ਸਤਾਨੀ ਮੁੱਕੇਬਾਜ਼ ਨੂੰ ਚਿੱਤ ਕੀਤਾ। ਕਜ਼ਾਖ਼ਸਤਾਨੀ ਮੁੱਕੇਬਾਜ਼ ਕੁਆਰਟਰ ਫਾਈਨਲ ਵਿੱਚ ਅਰਮੇਨੀਆ ਦੇ ਮੌਜੂਦਾ ਯੂਰੋਪੀ ਸੋਨ ਤਗ਼ਮਾ ਜੇਤੂ ਆਰਟਰ ਹੋਵਹਾਨੀਸਿਆਨ ਨੂੰ ਹਰਾ ਕੇ ਇੱਥੋਂ ਤੱਕ ਪੁੱਜਿਆ ਸੀ। ਰੋਹਤਕ ਦੇ ਇਸ ਮੁੱਕੇਬਾਜ਼ ਨੇ ਪਹਿਲੇ ਗੇੜ ਵਿੱਚ ਆਪਣੇ ਵਿਰੋਧੀ ਨੂੰ ਚਾਲ ਸਮਝਣ ਦਾ ਮੌਕਾ ਨਹੀਂ ਦਿੱਤਾ। ਬਿਬੋਸਿਨੋਵ ਵੀ ਘੱਟ ਨਹੀਂ ਸੀ, ਉਸ ਨੇ ਆਪਣੇ ਕੱਦ ਦਾ ਪੂਰਾ ਫ਼ਾਇਦਾ ਉਠਾਉਣ ਦਾ ਯਤਨ ਕੀਤਾ, ਪਰ ਭਾਰਤੀ ਮੁੱਕੇਬਾਜ਼ ਨੇ ਇਸ ਦਾ ਜ਼ਬਰਦਸਤ ਬਚਾਅ ਕੀਤਾ।
ਭਾਰਤੀ ਮੁੱਕੇਬਾਜ਼ੀ ਵਿੱਚ ਪੰਘਾਲ ਦੀ ਚੜ੍ਹਤ ਗਰਾਫ਼ ਸ਼ਾਨਦਾਰ ਰਿਹਾ ਹੈ, ਜਿਸ ਦੀ ਸ਼ੁਰੂਆਤ ਸਾਲ 2017 ਏਸ਼ਿਆਈ ਚੈਂਪੀਅਨਸ਼ਿਪ ਵਿੱਚ 49 ਕਿਲੋ ਵਰਗ ਵਿੱਚ ਕਾਂਸੀ ਦੇ ਤਗ਼ਮੇ ਨਾਲ ਹੋਈ ਸੀ। ਉਹ ਇਸੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਉਤਰਦਿਆਂ ਕੁਆਰਟਰ ਫਾਈਨਲ ਤੱਕ ਪਹੁੰਚਿਆ ਅਤੇ ਫਿਰ ਉਸ ਨੇ ਬੁਲਗਾਰੀਆ ਵਿੱਚ ਸਟਰਾਂਜਾ ਮੈਮੋਰੀਅਲ ਵਿੱਚ ਲਗਾਤਾਰ ਸੋਨ ਤਗ਼ਮਾ ਹਾਸਲ ਕੀਤਾ ਅਤੇ ਫਿਰ ਉਹ ਸਾਲ 2018 ਵਿੱਚ ਏਸ਼ਿਆਈ ਚੈਂਪੀਅਨ ਬਣਿਆ।
ਇਸ ਸਾਲ ਉਸ ਨੇ ਏਸ਼ਿਆਈ ਚੈਂਪੀਅਨਸ਼ਿਪ ਦਾ ਸੋਨ ਤਗ਼ਮਾ ਆਪਣੇ ਨਾਮ ਕੀਤਾ ਅਤੇ ਫਿਰ 49 ਕਿਲੋ ਦੇ ਭਾਰ ਵਰਗ ਦੇ ਓਲੰਪਿਕ ਪ੍ਰੋਗਰਾਮ ’ਚੋਂ ਹਟਣ ਮਗਰੋਂ 52 ਕਿਲੋ ਵਿੱਚ ਖੇਡਣ ਦਾ ਫ਼ੈਸਲਾ ਕੀਤਾ। ਦੂਜੇ ਪਾਸੇ ਕੌਸ਼ਿਕ ਆਪਣੇ ਸੈਮੀ ਫਾਈਨਲ ਮੁਕਾਬਲੇ ਵਿੱਚ ਕਿਊਬਿਆਈ ਖਿਡਾਰੀ ਨੂੰ ਚੁਣੌਤੀ ਦੇਣ ਵਿੱਚ ਅਸਫਲ ਰਿਹਾ, ਜਿਸ ਦੇ ਜਵਾਬੀ ਹਮਲੇ ਲਾਜਵਾਬ ਸਨ। ਕੌਸ਼ਿਕ ਨੇ ਕੁੱਝ ਪੰਚ ਜੜੇ, ਪਰ ਉਹ ਵਿਰੋਧੀ ਮੁੱਕੇਬਾਜ਼ੀ ਨੂੰ ਕਰਾਰਾ ਜਵਾਬ ਨਹੀਂ ਦੇ ਸਕਿਆ। ਉਸ ਨੇ ਮੈਚ ਦੌਰਾਨ ਕੀਤੀਆਂ ਆਪਣੀਆਂ ਗ਼ਲਤੀਆਂ ਨੂੰ ਸਵੀਕਾਰ ਕੀਤਾ। ਉਸ ਨੇ ਕਿਹਾ, ‘‘ਮੈਂ ਮੁਕਾਬਲੇ ਦੌਰਾਨ ਸਰਵੋਤਮ ਪ੍ਰਦਰਸ਼ਨ ਕੀਤਾ, ਪਰ ਮੇਰੀ ਖੇਡ ਵਿੱਚ ਕੁੱਝ ਘਾਟਾਂ ਹਨ, ਜਿਸ ਨੂੰ ਮੈਂ ਸੁਧਾਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਸਖ਼ਤ ਮਿਹਨਤ ਕਰਾਂਗਾ ਅਤੇ ਅਗਲੇ ਟੂਰਨਾਮੈਂਟ ਵਿੱਚ ਬਿਹਤਰ ਨਤੀਜਾ ਦੇਣ ਦੀ ਕੋਸ਼ਿਸ਼ ਕਰਾਂਗਾ।’’

Previous articleਕਾਰਪੋਰੇਟ ਟੈਕਸ ਘਟਾ ਕੇ 25 ਫ਼ੀਸਦ ਕੀਤਾ
Next articleਕੌਫੀ ਪੇਅ ਪਦਾਰਥਾਂ ਤੇ ਹੋਟਲ ਕਿਰਾਏ ਦੀਆਂ ਟੈਕਸ ਦਰਾਂ ਸੋਧੀਆਂ