ਮੇਜ਼ਬਾਨ ਇੰਗਲੈਂਡ ਅੱਜ ਇੱਥੇ ਵਿਸ਼ਵ ਕੱਪ ਦੇ ਆਪਣੇ ਆਖ਼ਰੀ ਲੀਗ ਮੈਚ ’ਚ ਨਿਊਜ਼ੀਲੈਂਡ ਨੂੰ 119 ਦੌੜਾਂ ਨਾਲ ਹਰਾ ਕੇ ਸੈਮੀ ਫਾਈਨਲ ’ਚ ਦਾਖ਼ਲ ਹੋ ਗਿਆ। ਆਸਟਰੇਲੀਆ ਤੇ ਭਾਰਤ ਮਗਰੋਂ ਇੰਗਲੈਂਡ ਤੀਜੀ ਟੀਮ ਹੈ ਜੋ ਸੈਮੀ ਫਾਈਨਲ ’ਚ ਥਾਂ ਪੱਕੀ ਕਰਨ ਵਿੱਚ ਸਫ਼ਲ ਹੋਈ ਹੈ। ਇੰਗਲੈਂਡ ਵੱਲੋਂ ਜਿੱਤ ਲਈ ਦਿੱਤੇ 306 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਟੀਮ 45 ਓਵਰਾਂ ’ਚ 186 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਲਈ ਵਿਕਟਕੀਪਰ ਬੱਲੇਬਾਜ਼ ਟੌਮ ਲਾਥਮ ਨੇ ਸਭ ਤੋਂ ਵੱਧ 57 ਦੌੜਾਂ ਬਣਾਈਆਂ। ਕਪਤਾਨ ਕੇਨ ਵਿਲੀਅਮਸਨ ਤੇ ਰੋਸ ਟੇਲਰ ਕ੍ਰਮਵਾਰ 27 ਤੇ 28 ਦੌੜਾਂ ’ਤੇ ਰਨ ਆਊਟ ਹੋ ਗਏ। ਇੰਗਲੈਂਡ ਲਈ ਮਾਰਕ ਵੁੱਡ ਨੇ 34 ਦੌੜਾਂ ਬਦਲੇ ਤਿੰਨ ਵਿਕਟਾਂ ਲਈਆਂ। ਜੋਫਰਾ ਆਰਚਰ, ਲਿਆਮ ਪਲੰਕਿਟ, ਆਦਿਲ ਰਾਸ਼ਿਦ ਤੇ ਬੈਨ ਸਟੋਕਸ ਦੇ ਹਿੱਸੇ ਇਕ-ਇਕ ਵਿਕਟ ਆਈ। ਇਸ ਤੋਂ ਪਹਿਲਾਂ ਜੌਨੀ ਬੇਅਰਸਟੋ ਦੇ ਸੈਂਕੜੇ ਦੇ ਬਾਵਜੂਦ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਆਖ਼ਰੀ ਓਵਰਾਂ ’ਚ ਕੱਸੀ ਹੋਈ ਗੇਂਦਬਾਜ਼ੀ ਕਰ ਕੇ ਵਿਸ਼ਵ ਕੱਪ ਦੇ ਅਹਿਮ ਮੁਕਾਬਲੇ ਵਿੱਚ ਇੰਗਲੈਂਡ ਨੂੰ ਅੱਠ ਵਿਕਟਾਂ ’ਤੇ 305 ਦੌੜਾਂ ’ਤੇ ਰੋਕ ਦਿੱਤਾ। ਇਕ ਸਮੇਂ ਇੰਗਲੈਂਡ ਦਾ ਸਕੋਰ 30 ਓਵਰਾਂ ’ਚ ਇਕ ਵਿਕਟ ’ਤੇ 194 ਦੌੜਾਂ ਸੀ ਅਤੇ ਲੱਗ ਰਿਹਾ ਸੀ ਕਿ ਮੇਜ਼ਬਾਨ ਟੀਮ 350 ਦੇ ਪਾਰ ਦਾ ਸਕੋਰ ਬਣਾਏਗੀ। ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਹਾਲਾਂਕਿ ਆਖ਼ਰੀ 20 ਓਵਰਾਂ ਵਿੱਚ ਸਿਰਫ਼ 111 ਦੌੜਾਂ ਦਿੱਤੀਆਂ ਅਤੇ ਸੱਤ ਵਿਕਟਾਂ ਲਈਆਂ। ਜੇਮਜ਼ ਨੀਸ਼ਮ ਨੇ 10 ਓਵਰਾਂ ’ਚ 41, ਟਰੈਂਟ ਬੋਲਟ ਨੇ 56 ਅਤੇ ਮੈਟ ਹੈਨਰੀ ਨੇ 54 ਦੌੜਾਂ ਦੇ ਕੇ ਦੋ-ਦੋ ਵਿਕਟਾਂ ਲਈਆਂ। ਜੇਕਰ ਇੰਗਲੈਂਡ ਇਸ ਮੈਚ ’ਚ ਹਾਰ ਜਾਂਦਾ ਹੈ ਤਾਂ ਪਾਕਿਸਤਾਨ ਆਪਣੇ ਆਖ਼ਰੀ ਮੈਚ ’ਚ ਬੰਗਲਾਦੇਸ਼ ’ਤੇ ਜਿੱਤ ਦਰਜ ਕਰ ਕੇ ਅੱਗੇ ਨਿਕਲ ਸਕਦਾ ਹੈ ਤੇ ਜੇਕਰ ਨਿਊਜ਼ੀਲੈਂਡ ਹਾਰ ਜਾਂਦਾ ਹੈ ਤਾਂ ਫਿਰ ਪਾਕਿਸਤਾਨ ਕੀਵੀ ਟੀਮ ਦੇ ਬਰਾਬਰ 11 ਅੰਕ ਹਾਸਲ ਕਰ ਸਕਦਾ ਹੈ। ਅਜਿਹੇ ਵਿੱਜ ਨੈੱਟ ਰਨਰੇਟ ਮਾਇਨੇ ਰੱਖੇਗਾ। ਇੰਗਲੈਂਡ ਦੀ ਟੀਮ ਨੇ ਅੱਜ ਦੇ ਮੈਚ ਵਿੱਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ। ਰਾਏ ਅਤੇ ਬੇਅਰਸਟੋ ਨੇ ਮੇਜ਼ਬਾਨ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਦੋਹਾਂ ਨੇ ਪਹਿਲੇ ਵਿਕਟ ਲਈ 123 ਦੌੜਾਂ ਜੋੜ ਲਈਆਂ ਸਨ। ਨਿਊਜ਼ੀਲੈਂਡ ਦੇ ਸਟਰਾਈਕਰ ਗੇਂਦਬਾਜ਼ਾਂ ਨੂੰ ਦੋਹਾਂ ਨੇ ਸਹਿਜ ਹੋ ਕੇ ਖੇਡਿਆ। ਇਸ ਸਾਂਝੇਦਾਰੀ ਨੂੰ 18ਵੇਂ ਓਵਰ ’ਚ ਨੀਸ਼ਮ ਨੇ ਤੋੜਿਆ ਜਦੋਂ ਰਾਏ ਨੇ ਮਿਸ਼ਲੇ ਸੈਂਟਨੇਰ ਨੂੰ ਕੈਚ ਦਿੱਤੀ। ਉਸ ਨੇ 61 ਗੇਂਦਾਂ ’ਚ ਅੱਠ ਚੌਕਿਆਂ ਦੀ ਮੱਦਦ ਨਾਲ 60 ਦੌੜਾਂ ਜੋੜੀਆਂ। ਇਸ ਤੋਂ ਬਾਅਦ ਬੇਅਰਸਟੋ ਅਤੇ ਰੂਟ ਨੇ ਮੋਰਚਾ ਸੰਭਾਲਿਆ ਅਤੇ 71 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸੇ ਦੌਰਾਨ ਬੇਅਰਸਟੋ ਨੇ ਹਮਲਾਵਰ ਅੰਦਾਜ਼ ’ਚ ਖੇਡ ਕੇ ਟਿਮ ਸਾਊਦੀ ਦੀ ਗੇਂਦ ’ਤੇ ਛੱਕਾ ਮਾਰਿਆ, ਉੱਥੇ ਹੀ ਰੂਟ ਨੇ ਇਸ ਵਿਸ਼ਵ ਕੱਪ ’ਚ ਆਪਣੀਆਂ 500 ਦੌੜਾਂ ਪੂਰੀਆਂ ਕੀਤੀਆਂ। ਬੇਅਰਸਟੋ ਨੇ ਸਾਊਦੀ ਦੀ 30ਵੇਂ ਓਵਰ ਦੀ ਆਖਰੀ ਗੇਂਦ ’ਤੇ ਚੌਕਾ ਮਾਰ ਕੇ ਆਪਣਾ ਲਗਾਤਾਰ ਦੂਜਾ ਸੈਂਕੜਾ ਪੂਰਾ ਕੀਤਾ। ਉਹ ਇਸ ਦੇ ਨਾਲ ਹੀ ਵਿਸ਼ਵ ਕੱਪ ’ਚ ਲਗਾਤਾਰ ਦੋ ਸੈਂਕੜੇ ਬਣਾਉਣ ਵਾਲਾ ਇੰਗਲੈਂਡ ਦਾ ਪਹਿਲਾ ਬੱਲੇਬਾਜ਼ ਬਣਿਆ। ਅਗਲੇ ਓਵਰ ਦੀ ਪਹਿਲੀ ਗੇਂਦ ’ਤੇ ਹਾਲਾਂਕਿ ਟਰੈਂਟ ਬੋਲਟ ਨੇ ਇਸ ਸਾਂਝੇਦਾਰੀ ਨੂੰ ਤੋੜਿਆ ਜਦੋਂ ਰੂਟ (24) ਵਿਕਟ ਦੇ ਪਿੱਛੇ ਟੌਮ ਲਾਥਮ ਨੂੰ ਕੈਚ ਦੇ ਬੈਠਾ। ਬੇਅਰਸਟੋ 32ਵੇਂ ਓਵਰ ’ਚ ਮੈਟ ਹੈਨਰੀ ਦੀ ਫੁੱਲਲੈਂਥ ਆਊਟਸਵਿੰਗਰ ਗੇਂਦ ’ਤੇ ਧੋਖਾ ਖਾ ਕੇ ਬਾਊਲਡ ਹੋ ਗਿਆ। ਉਸ ਨੇ 99 ਗੇਂਦਾਂ ’ਚ 15 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 106 ਦੌੜਾਂ ਬਣਾਈਆਂ। ਜੋਸ ਬਟਲਰ (11) ਨੂੰ ਬੋਲਟ ਅਤੇ ਕਪਤਾਨ ਈਓਨ ਮੌਰਗਨ ਨੂੰ ਹੈਨਰੀ ਨੇ ਆਊਟ ਕੀਤਾ। ਮੌਰਗਨ ਨੇ 40 ਗੇਂਦਾਂ ’ਚ 42 ਦੌੜਾਂ ਬਣਾਈਆਂ। ਬੈਨ ਸਟੋਕਸ 27 ਗੇਂਦਾਂ ’ਚ 11 ਦੌੜਾਂ ਬਣਾ ਕੇ ਸੈਂਟਨੇਰ ਦਾ ਸ਼ਿਕਾਰ ਹੋਇਆ।
HOME ਵਿਸ਼ਵ ਕੱਪ: ਨਿਊਜ਼ੀਲੈਂਡ ਨੂੰ ਹਰਾ ਕੇ ਇੰਗਲੈਂਡ ਸੈਮੀ ਫਾਈਨਲ ’ਚ