ਮਹਾਰਾਸ਼ਟਰ: ਬੰਨ੍ਹ ’ਚ ਪਾੜ ਪੈਣ ਨਾਲ 11 ਹਲਾਕ, 12 ਲਾਪਤਾ

ਰਤਨਾਗਿਰੀ ਜ਼ਿਲ੍ਹੇ ਦੇ ਸੱਤ ਪਿੰਡਾਂ ਵਿੱਚ ਹੜ੍ਹ ਵਰਗੇ ਹਾਲਾਤ ਬਣੇ;

ਮੁੱਖ ਮੰਤਰੀ ਵੱਲੋਂ ਹਾਦਸੇ ਦੀ ਜਾਂਚ ਦੇ ਹੁਕਮ

ਮਹਾਰਾਸ਼ਟਰ ਦੇ ਸਾਹਿਲੀ ਕੋਂਕਣ ਖੇਤਰ ਵਿੱਚ ਮੰਗਲਵਾਰ ਦੇਰ ਰਾਤ ਇਕ ਬੰਨ੍ਹ ਵਿੱਚ ਪਾੜ ਪੈਣ ਨਾਲ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਜਦੋਂਕਿ 12 ਦੇ ਕਰੀਬ ਹੋਰ ਲਾਪਤਾ ਹਨ। ਲਗਾਤਾਰ ਮੀਂਹ ਪੈਣ ਨਾਲ ਬੰਨ੍ਹ ਵਿੱਚ ਪਾੜ ਪੈਣ ਕਰਕੇ ਹੇਠਲੇ ਪਿੰਡਾਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਬੰਨ੍ਹ ਵਿੱਚ ਪਾੜ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਗਹਿਲੀ ਕਰਕੇ ਪਿਆ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕਰਕੇ ਰਾਹਤ ਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਇਕ ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਰਤਨਾਗਿਰੀ ਜ਼ਿਲ੍ਹੇ ਦੀ ਚਿਪਲੁਨ ਤਾਲੁਕਾ ਸਥਿਤ ਤਿਵਾੜੇ ਬੰਨ੍ਹ 20 ਲੱਖ ਘਣ ਮੀਟਰ ਤਕ ਪਾਣੀ ਭੰਡਾਰਨ ਕਰਨ ਦੇ ਸਮਰੱਥ ਹੈ ਤੇ ਮੰਗਲਵਾਰ ਰਾਤ ਨੂੰ ਪਏ ਭਾਰੀ ਮੀਂਹ ਮਗਰੋਂ ਇਸ ਵਿੱਚ ਪਾੜ ਪੈ ਗਿਆ। ਅਧਿਕਾਰੀ ਮੁਤਾਬਕ ਹੇਠਲੇ ਸੱਤ ਪਿੰਡਾਂ ਵਿੱਚ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ ਤੇ 12 ਦੇ ਕਰੀਬ ਘਰ ਪਾਣੀ ਵਿੱਚ ਰੁੜ੍ਹ ਗਏ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਹੁਣ ਤਕ ਨੌਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚੋਂ ਤਿੰਨ ਔਰਤਾਂ ਹਨ। 16 ਲੋਕ ਅਜੇ ਵੀ ਲਾਪਤਾ ਹਨ।

Previous articleਫ਼ਰਜ਼ੀ ਮੁਕਾਬਲੇ ਦੇ ਦੋਸ਼ੀ ਪੁਲੀਸ ਮੁਲਾਜ਼ਮਾਂ ਨੂੰ ਮੁਆਫੀ ਦੇਣ ਦਾ ਵਿਰੋਧ
Next articleਵਿਸ਼ਵ ਕੱਪ: ਨਿਊਜ਼ੀਲੈਂਡ ਨੂੰ ਹਰਾ ਕੇ ਇੰਗਲੈਂਡ ਸੈਮੀ ਫਾਈਨਲ ’ਚ