ਭਾਰਤ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਸੈਮੀ-ਫਾਈਨਲ ਵਿੱਚ ਜਦੋਂ ਮੰਗਲਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਉਤਰੇਗਾ ਤਾਂ ਉਸ ਦੇ ਬੱਲੇਬਾਜ਼ਾਂ ਲਈ ਕਿਵੀ ਟੀਮ ਦੇ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਸੌਖਾ ਨਹੀਂ ਹੋਵੇਗਾ। ਟੂਰਨਾਮੈਂਟ ਵਿੱਚ ਪੰਜ ਸੈਂਕੜੇ ਮਾਰ ਕੇ ਇਤਿਹਾਸ ਸਿਰਜਣ ਵਾਲੇ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਸੀਨੀਅਰ ਕ੍ਰਮ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਦੋਂਕਿ ਮੱਧਕ੍ਰਮ ਜ਼ਿਆਦਾ ਕਾਮਯਾਬ ਨਹੀਂ ਰਿਹਾ। ਇਸ ਤਰ੍ਹਾਂ ਟੂਰਨਾਮੈਂਟ ਵਿੱਚ ‘ਪਲਾਨ ਬੀ’ ਨੂੰ ਵਰਤੇ ਬਿਨਾਂ ਕਪਤਾਨ ਵਿਰਾਟ ਕੋਹਲੀ ਦੀ ਟੀਮ ਆਪਣੀਆਂ ਕਮਜੋਰੀਆਂ ਨੂੰ ਢਕਣ ਵਿੱਚ ਕਾਮਯਾਬ ਰਹੀ ਹੈ, ਪਰ ਹੁਣ ਉਸ ਦੀ ਕੋਈ ਵੀ ਗ਼ਲਤੀ ਉਸ ਨੂੰ ਪੁੱਠੀ ਪੈ ਸਕਦੀ ਹੈ। ਸੈਮੀ-ਫਾਈਨਲ ਵਿੱਚ ਰੋਹਿਤ ਬਨਾਮ ਲੌਕੀ ਫਰਗੂਸਨ, ਕੇਐਲ ਰਾਹੁਲ ਬਨਾਮ ਟ੍ਰੈਂਟ ਬੋਲਟ ਅਤੇ ਕੋਹਲੀ ਬਨਾਮ ਮੈਟ ਹੈਨਰੀ ਵਿਚਾਲੇ ਮੁਕਾਬਲਾ ਵੇਖਣਾ ਰੌਚਕ ਹੋਵੇਗਾ। ਦੂਜੇ ਪਾਸੇ ‘ਸੰਕਟਮੋਚਕ’ ਦੀ ਭੂਮਿਕਾ ਨਿਭਾਅ ਰਹੇ ਕੇਨ ਵਿਲੀਅਮਸਨ ਦੀ ਸਪਿੰਨਰਾਂ ਖ਼ਿਲਾਫ਼ ਤਕਨੀਕ ਜਾਂ ਰੋਸ ਟੇਲਰ ਦਾ ਜਸਪ੍ਰੀਤ ਨੂੰ ਖੇਡਣ ਦਾ ਤਰੀਕਾ ਵੇਖਣਾ ਵੀ ਦਿਲਚਸਪ ਰਹੇਗਾ। ਇਹ ਵੀ ਵੇਖਣਾ ਹੋਵੇਗਾ ਕਿ ਮਹਿੰਦਰ ਸਿੰਘ ਧੋਨੀ ਮੈਚ ਵਿੱਚ ਮਿਸ਼ੇਲ ਸੇਂਟਨਰ ਦੀ ਖੱਬੇ ਹੱਥ ਦੀ ਧੀਮੀ ਗੇਂਦਬਾਜ਼ੀ ਦਾ ਸਾਹਮਣਾ ਕਿਵੇਂ ਕਰਦਾ ਹੈ ਕਿਉਂਕਿ ਦੋਵਾਂ ਦਾ ਸਾਹਮਣਾ ਚੇਨੱਈ ਸੁਪਰ ਕਿੰਗਜ਼ ਵਿੱਚ ਕਈ ਵਾਰ ਹੋ ਚੁੱਕਿਆ ਹੈ। ਨਿਊਜ਼ੀਲੈਂਡ ਦੀ ਟੀਮ ਆਖ਼ਰੀ ਤਿੰਨ ਲੀਗ ਮੈਚ ਹਾਰ ਗਈ, ਪਰ ਸ਼ੁਰੂਆਤੀ ਮੈਚਾਂ ਦੇ ਚੰਗੇ ਪ੍ਰਦਰਸ਼ਨ ਕਾਰਨ ਮਿਲੇ ਅੰਕਾਂ ਦੇ ਦਮ ’ਤੇ ਪਾਕਿਸਤਾਨ ਨੂੰ ਪਛਾੜ ਕੇ ਆਖ਼ਰੀ ਚਾਰ ਵਿੱਚ ਪਹੁੰਚੀ। ਭਾਰਤ ਲਈ ਰੋਹਿਤ (647 ਦੌੜਾਂ), ਰਾਹੁਲ (360 ਦੌੜਾਂ) ਅਤੇ ਕੋਹਲੀ (442 ਦੌੜਾਂ) ਮਿਲ ਕੇ 1347 ਦੌੜਾਂ ਬਣਾ ਚੁੱਕੇ ਹਨ। ਇਸੇ ਤਰ੍ਹਾਂ ਨਿਊਜ਼ੀਲੈਂਡ ਲਈ ਫਰਗੂਸਨ (17 ਵਿਕਟਾਂ), ਬੋਲਟ (15 ਵਿਕਟਾਂ) ਅਤੇ ਮੈਟ ਹੈਨਰੀ (ਦਸ ਵਿਕਟਾਂ) ਮਿਲ ਕੇ 42 ਵਿਕਟਾਂ ਲੈ ਚੁੱਕੇ ਹਨ। ਜਿੰਮੀ ਨੀਸ਼ਾਮ ਨੇ 11 ਅਤੇ ਕੋਲਿਨ ਡੀ ਗਰੈਂਡਹੋਮ ਨੇ ਪੰਜ ਵਿਕਟਾਂ ਲਈਆਂ ਹਨ। ਭਾਰਤ ਲਈ ਫ਼ਿਕਰਮੰਦੀ ਵਾਲੀ ਗੱਲ ਇਹ ਹੈ ਕਿ ਸੀਨੀਅਰ ਕ੍ਰਮ ਦੇ ਕਾਮਯਾਬ ਰਹਿਣ ਕਾਰਨ ਮੱਧ ਕ੍ਰਮ ਦੀ ‘ਪ੍ਰੀਖਿਆ’ ਨਹੀਂ ਹੋ ਸਕੀ। ਅਜਿਹੇ ਵਿੱਚ ਬੱਦਲਾਂ ਨਾਲ ਘਿਰੇ ਮਾਨਚੈਸਟਰ ਦੇ ਮੈਦਾਨ ’ਤੇ ਬੋਲਟ ਦੀ ਗੇਂਦਬਾਜ਼ੀ ਖ਼ਤਰਨਾਕ ਸਾਬਤ ਹੋ ਸਕਦੀ ਹੈ। ਇਸ ਤੋਂ ਇਲਾਵਾ ਹਾਰਦਿਕ ਪਾਂਡਿਆ ਨੂੰ ਛੱਡ ਕੇ ਮੱਧ ਕ੍ਰਮ ਦਾ ਕੋਈ ਬੱਲੇਬਾਜ਼ ਚੰਗਾ ਨਹੀਂ ਖੇਡ ਸਕਿਆ। ਮਹਿੰਦਰ ਸਿੰਘ ਧੋਨੀ ਨੇ 90 ਤੋਂ ਵੱਧ ਦੇ ਸਟਰਾਈਕ ਰੇਟ ਨਾਲ 293 ਦੌੜਾਂ ਬਣਾਈਆਂ, ਪਰ ਆਪਣੇ ਰਵਾਇਤੀ ਅੰਦਾਜ਼ ਵਿੱਚ ਨਹੀਂ ਦਿਸਿਆ। ਕਿਵੀ ਬੱਲੇਬਾਜ਼ੀ ਦੀ ਕਮਜ਼ੋਰੀ ਉਸ ਦਾ ਸੀਨੀਅਰ ਕ੍ਰਮ ਰਿਹਾ ਹੈ। ਵਿਲੀਅਮਸਨ (481 ਦੌੜਾਂ) ਨੂੰ ਛੱਡ ਕੇ ਕੋਈ ਬੱਲੇਬਾਜ਼ ਨਹੀਂ ਚੱਲ ਸਕਿਆ। ਬੁਮਰਾਹ ਨੇ ਨਿਊਜ਼ੀਲੈਂਡ ਖ਼ਿਲਾਫ਼ ਪਿਛਲੀ ਦੁਵੱਲੀ ਲੜੀ ਨਹੀਂ ਖੇਡੀ ਸੀ, ਇਸ ਲਈ ਮਾਰਟਿਨ ਗੁਪਟਿਲ (166 ਦੌੜਾਂ) ਅਤੇ ਕੋਲਿਨ ਮੁਨਰੋ (125 ਦੌੜਾਂ) ਲਈ ਉਸ ਨੂੰ ਖੇਡਣਾ ਸੌਖਾ ਨਹੀਂ ਹੋਵੇਗਾ। ਵਿਲੀਅਮਸਨ ਮਗਰੋਂ ਨਿਊਜ਼ੀਲੈਂਡ ਲਈ ਸਭ ਤੋਂ ਵੱਧ ਦੌੜਾਂ ਟੇਲਰ (261 ਦੌੜਾਂ) ਨੇ ਬਣਾਈਆਂ ਹਨ। ਬੱਲੇਬਾਜ਼ੀ ਵਿੱਚ ਭਾਰਤ ਨਾਲ ਕਿਵੀ ਟੀਮ ਦਾ ਕੋਈ ਮੁਕਾਬਲਾ ਨਹੀਂ ਕਿਉਂਕਿ ਆਲੋਚਨਾ ਦਾ ਸਾਹਮਣਾ ਕਰ ਰਿਹਾ ਮਹਿੰਦਰ ਸਿੰਘ ਧੋਨੀ ਵੀ ਲਗਪਗ 300 ਦੌੜਾਂ ਬਣਾ ਚੁੱਕਿਆ ਹੈ। ਬੁਮਰਾਹ ਅਤੇ ਸ਼ਮੀ ਦੀ ਲੈਅ ਨੂੰ ਵੇਖਦਿਆਂ ਭਾਰਤ ਟਾਸ ਜਿੱਤਣ ’ਤੇ ਗੇਂਦਬਾਜ਼ੀ ਚੁਣ ਸਕਦਾ ਹੈ। ਨਿਊਜ਼ੀਲੈਂਡ ਟੀਮ ਵਿੱਚ ਸੱਜੇ ਹੱਥ ਦੇ ਕਈ ਬੱਲੇਬਾਜ਼ ਹੋਣ ਕਾਰਨ ਭਾਰਤ ਦੋ ਸਪਿੰਨਰਾਂ ਵਿੱਚੋਂ ਇੱਕ ਨੂੰ ਬਾਹਰ ਕਰ ਸਕਦਾ ਹੈ। ਯੁਜ਼ਵੇਂਦਰ ਚਾਹਲ ਬਾਰੇ ਸਥਿਤੀ ਸਪਸ਼ਟ ਨਹੀਂ ਹੋ ਸਕੀ, ਜਦੋਂਕਿ ਰਵਿੰਦਰ ਜਡੇਜਾ ਨੇ ਪਹਿਲੇ ਮੈਚ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਭਾਰਤ ਤਿੰਨ ਤੇਜ਼ ਗੇਂਦਬਾਜ਼ਾਂ ਨਾਲ ਉਤਰਦਾ ਹੈ ਤਾਂ ਕੇਦਾਰ ਜਾਧਵ ਇੱਕ ਵਾਰ ਫਿਰ ਮੱਧ ਕ੍ਰਮ ਵਿੱਚ ਦਿਨੇਸ਼ ਕਾਰਤਿਕ ਦੀ ਥਾਂ ਲੈ ਸਕਦਾ ਹੈ। ਦੂਜੇ ਸੈਮ-ਫਾਈਨਲ ਵਿੱਚ 11 ਜੁਲਾਈ ਨੂੰ ਇੰਗਲੈਂਡ ਦਾ ਸਾਹਮਣਾ ਬਰਮਿੰਘਮ ਵਿੱਚ ਆਸਟਰੇਲੀਆ ਨਾਲ ਹੋਵੇਗਾ।
Sports ਵਿਸ਼ਵ ਕੱਪ: ਕਿਵੀ ਗੇਂਦਬਾਜ਼ਾਂ ਦੀ ਚੁਣੌਤੀ ਨਾਲ ਸਿੱਝਣਗੇ ਭਾਰਤੀ ਬੱਲੇਬਾਜ਼