ਮੇਜ਼ਬਾਨ ਇੰਗਲੈਂਡ ਅੱਜ ਇਥੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਦੂਜੇ ਸੈਮੀ ਫਾਈਨਲ ਵਿੱਚ ਮੌਜੂਦਾ ਚੈਂਪੀਅਨ ਆਸਟਰੇਲੀਆ ਨੂੰ ਹਰਾ ਕੇ ਫਾਈਨਲ ਵਿੱਚ ਦਾਖ਼ਲ ਹੋ ਗਿਆ, ਜਿੱਥੇ ਉਸ ਦਾ ਟਾਕਰਾ ਨਿਊਜ਼ੀਲੈਂਡ ਨਾਲ ਹੋਵੇਗਾ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49 ਓਵਰਾਂ ਵਿੱਚ 223 ਦੌੜਾਂ ਬਣਾਈਆਂ। ਮੇਜ਼ਬਾਨ ਟੀਮ ਨੇ ਜੇਸਨ ਰੌਇ ਦੀਆਂ 85 ਅਤੇ ਜੋਅ ਰੂਟ ਤੇ ਕਪਤਾਨ ਇਓਨ ਮੌਰਗਨ ਦੀਆਂ ਨਾਬਾਦ ਪਾਰੀਆਂ ਸਦਕਾ ਇਸ ਟੀਚੇ ਨੂੰ 32.1 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ਨਾਲ 226 ਦੌੜਾਂ ਬਣਾ ਕੇ ਸਰ ਕਰ ਲਿਆ। ਜੇਸਨ ਰੌਇ ਨੇ 65 ਗੇਂਦਾਂ ’ਤੇ 85 ਅਤੇ ਜਾਨੀ ਬੇਯਰਸਟਾ ਨੇ 43 ਗੇਂਦਾਂ ’ਤੇ 34 ਦੌੜਾਂ ਬਣਾ ਕੇ ਪਹਿਲੇ ਵਿਕਟ ਲਈ 124 ਦੌੜਾਂ ਬਣਾਈਆਂ। ਬਾਅਦ ਵਿੱਚ ਜੋ ਰੂਟ ਨੇ 46 ਗੇਂਦਾਂ ’ਤੇ ਨਾਬਾਦ 49 ਅਤੇ ਕਪਤਾਨ ਇਯੋਨ ਮੋਰਗਨ ਨੇ 39 ਗੇਂਦਾਂ ’ਤੇ ਨਾਬਾਦ 45 ਦੌੜਾਂ ਦੇ ਯੋਗਦਾਨ ਨਾਲ ਤੀਜੀ ਵਿਕਟ ਲਈ 70 ਦੌੜਾਂ ਦੀ ਭਾਈਵਾਲੀ ਕੀਤੀ। ਇਹ ਪਹਿਲਾ ਮੌਕਾ ਹੈ ਜਦੋਂ ਪੰਜ ਵਾਰ ਦਾ ਚੈਂਪੀਅਨ ਆਸਟਰੇਲੀਆ ਸੈਮੀਫਾਈਨਲ ਵਿੱਚ ਹਾਰਿਆ ਹੈ। ਇਨ੍ਹਾਂ ਦੋਵਾਂ ਟੀਮਾਂ ਨੇ ਹਾਲੇ ਤਕ ਵਿਸ਼ਵ ਕੱਪ ਨਹੀਂ ਜਿੱਤਿਆ। ਇੰਗਲੈਂਡ ਇਸ ਤੋਂ ਪਹਿਲਾਂ 1979, 1987 ਅਤੇ 1992 ਵਿੱਚ ਫਾਈਨਲ ਵਿੱਚ ਪੁੱਜਿਆ ਸੀ।ਇਸ ਤੋਂ ਪਹਿਲਾਂ ਇੰਗਲੈਂਡ ਨੇ ਕਿ੍ਸ ਵੋਕਸ ਅਤੇ ਆਦਿਲ ਰਾਸ਼ਿਦ ਦੀ ਦਮਦਾਰ ਗੇਂਦਬਾਜ਼ੀ ਨਾਲ ਆਸਟਰੇਲੀਆ ਨੂੰ 223 ਦੌੜਾਂ ’ਤੇ ਢੇਰ ਕਰ ਦਿੱਤਾ। ਆਸਟਰੇਲੀਆ ਦਾ ਸਿਖਰਲਾ ਕ੍ਰਮ ਸ਼ੁਰੂ ਵਿੱਚ ਹੀ ਡਾਵਾਂਡੋਲ ਹੋ ਗਿਆ। ਇਕ ਸਮੇਂ ਉਸ ਦਾ ਸਕੋਰ ਤਿੰਨ ਵਿਕਟਾਂ ਦੇ ਨੁਕਸਾਨ ’ਤੇ 14 ਦੌੜਾਂ ਸੀ। ਸਟੀਵ ਸਮਿਥ (119 ਗੇਂਦਾਂ ’ਤੇ 85) ਨੇ ਅਲੈਕਸ ਕੇਰੀ(70 ਗੇਂਦਾਂ ’ਤੇ 46) ਨਾਲ ਚੌਥੀ ਵਿਕਟ ਲਈ 103 ਦੌੜਾਂ ਜੋੜੀਆਂ। ਨੌਵੇਂ ਨੰਬਰ ਦੇ ਬੱਲੇਬਾਜ਼ ਮਿਸ਼ੇਲ ਸਟਾਰਕ (36 ਗੇਂਦਾਂ ’ਤੇ 29) ਨੇ ਵੀ ਸਮਿੱਥ ਦਾ ਪੂਰਾ ਸਾਥ ਦਿੱਤਾ। ਇਨ੍ਹਾਂ ਦੋਨਾਂ ਨੇ 51 ਦੌੜਾਂ ਦੀ ਭਾਈਵਾਲੀ ਕੀਤੀ। ਇਨ੍ਹਾਂ ਤੋਂ ਇਲਾਵਾ ਗਲੈੱਨ ਮੈਕਸਵੈੱਲ (23 ਗੇਂਦਾਂ ’ਤੇ 22) ਦੋਹਰੇ ਅੰਕ ਵਿੱਚ ਪੁੱਜਣ ਵਾਲੇ ਚੌਥੇ ਬੱਲੇਬਾਜ਼ ਸਨ। ਜੋਫਰਾ ਆਰਚਰ ਨੇ 32 ਦੌੜਾਂ ਦੇ ਕੇ 2 ਵਿਕਟਾਂ ਅਤੇ ਵੋਕਸ ਨੇ 20 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਆਰਚਰ ਅਤੇ ਵੋਕਸ ਨੇ ਸ਼ੁਰੂ ਵਿੱਚ ਘਾਤਕ ਗੇਂਦਬਾਜ਼ੀ ਦਾ ਨਜ਼ਾਰਾ ਪੇਸ਼ ਕੀਤਾ ਅਤੇ ਆਸਟਰੇਲਿਆਈ ਸਿਖਰਲੇ ਕ੍ਰਮ ਦੇ ਪੈਰ ਜੜ੍ਹੋਂ ਪੁੱਟ ਕੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦੇ ਉਸ ਦੇ ਫੈਸਲੇ ਨੂੰ ਗ਼ਲਤ ਸਾਬਤ ਕੀਤਾ। ਆਰਚਰ ਦੀ ਪਹਿਲੀ ਗੇਂਦ ਹੀ ਇੰਨ ਸਵਿੰਗਰ ਸੀ, ਜਿਸ ’ਤੇ ਉਸ ਨੇ ਕਪਤਾਨ ਆਰੋਨ ਫਿੰਨ ਨੂੰ ‘ਗੋਲਡਨ ਡਕ’ ਬਣਾਇਆ। ਫਿੰਚ ਨੇ ਟੰਗ ਅੱੜਿੱਕਾ ਲਈ ਡੀਆਰਐਸ ਲੈ ਕੇ ਆਸਟਰੇਲੀਆ ਦਾ ਰੈਫਰਲ ਵੀ ਖ਼ਰਾਬ ਕੀਤਾ। ਵੋਕਸ ਨੇ ਅਗਲੇ ਓਵਰ ਵਿੱਚ ਬਿਹਤਰੀਨ ਲੈਅ ਵਿੱਚ ਚੱਲ ਰਹੇ ਡੇਵਿਡ ਵਾਰਨਰ(ਨੌਂ) ਸਲਿੱਪ ਵਿੱਚ ਜਾਨੀ ਬੇਅਰਸਟਾ ਦੇ ਹੱਥਾਂ ਵਿੱਚ ਕੈਚ ਕਰਾਇਆ। ਵਾਰਨਰ ਅਚਾਨਕ ਉਪਰ ਉਠਦੀ ਗੇਂਦਰ ’ਤੇ ਸ਼ਾਟ ਲਾਉਣ ਲਈ ਦੁਚਿੱਤੀ ਵਿੱਚ ਪੈ ਗਿਆ। ਇਸ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਖੇਡ ਰਹੇ ਪੀਟਰ ਹੈਂਡਸਕਾਂਬ (4) ਸ਼ੁਰੂ ਤੋਂ ਹੀ ਪ੍ਰੇਸ਼ਾਨ ਨਜ਼ਰ ਆਏ। ਵੋਕਸ ਨੇ ਉਸ ਦੇ ਬੱਲੇ ਅਤੇ ਪੈਡ ਵਿਚਾਲਿਓਂ ਗੇਂਦ ਕੱਢ ਕੇ ਉਸ ਦੀ ਵਿਕਟ ਲਈ। ਆਸਟਰੇਲੀਆ ਦਾ ਕੇਰੀ ਨੂੰ ਉਪਰਲੇ ਕ੍ਰਮ ਵਿੱਚ ਭੇਜਣ ਦਾ ਫੈਸਲਾ ਸਹੀ ਸਾਬਤ ਹੋਇਆ। ਲੀਗ ਦੌਰ ਵਿੱਚ ਆਪਣੀ ਬਿਹਤਰੀਨ ਬੱਲੇਬਾਜ਼ੀ ਦਾ ਮੁਜ਼ਾਹਰਾ ਕਰਨ ਵਾਲੇ ਇਸ ਵਿਕਟਕੀਪਰ ਬੱਲੇਬਾਜ਼ ਨੇ ਸਮਿੱਥ ਨਾਲ ਮਿਲ ਕੇ ਪਾਰੀ ਨੂੰ ਮਜ਼ਬੂਤੀ ਦਿੱਤੀ ਪਰ ਰਾਸ਼ਿਦ ਨੇ ਪੰਜ ਗੇਂਦਾਂ ਦੇ ਅੰਦਰ ਹੀ ਦੋ ਝਟਕੇ ਦੇ ਕੇ ਆਸਟਰੇਲੀਆ ਨੂੰ ਮੁੜ ਪਿਛਾਂਹ ਧੱਕ ਦਿੱਤਾ। ਕੇਰੀ ਨੇ ਲੰਮਾ ਸ਼ਾਟ ਖੇਡਿਆ ਪਰ ਉਹ ਸਿੱਧਾ ਮਿਡ ਵਿਕਟ ’ਤੇ ਖੜੇ ਜੇਮਸ ਵਿੰਨੇ ਕੋਲ ਚਲਾ ਗਿਆ। ਰਾਸ਼ਿਦ ਨੇ ਇਸੇ ਓਵਰ ਵਿੱਚ ਨਵੇਂ ਬੱਲੇਬਾਜ਼ ਮਾਰਕਸ ਸਟੋਇੰਸ ਨੂੰ ਟੰਕ ਅੜਿੱਕਾ ਆਊਟ ਕੀਤਾ, ਜਿਸ ਨਾਲ ਸਕੋਰ ਪੰਜ ਵਿਕਟਾਂ ’ਤੇ 118 ਦੌੜਾਂ ਹੋ ਗਿਆ। ਮੈਕਸਵੈੱਲ ਨੇ ਸ਼ੁਰੂ ਵਿੱਚ ਕੁਝ ਉਮੀਦ ਜਗਾਈ ਪਰ ਆਰਚਰ ਨੇ ਆਉਂਦੇ ਹੀ ਉਸ ਨੂੰ ਧੀਮੀ ਗਤੀ ਦੇ ਗੇਂਦ ’ਤੇ ਘੁਲਾਟਣੀ ਦੇ ਕੇ ਕਵਰ ’ਤੇ ਆਸਾਨ ਕੈਚ ਦੇਣ ਲਈ ਮਜਬੂਰ ਕਰ ਦਿੱਤਾ। ਲਗਾਤਾਰ ਵਿਕਟਾਂ ਡਿੱਗਣ ਨਾਲ ਸਮਿਥ ਕਾਫ਼ੀ ਦਬਾਅ ਵਿੱਚ ਆ ਗਿਆ। 29 ਓਵਰ ਤੋਂ ਬਾਅਦ ਉਸ ਨੇ ਆਪਣਾ ਅਗਲਾ ਚੌਕਾ 45 ਵੇਂ ਓਵਰ ਵਿੱਚ ਲਾਇਆ। ਸਟਾਰਕ ਨੇ ਉਨ੍ਹਾਂ ਦਾ ਸਾਥ ਦਿੱਤਾ।
HOME ਵਿਸ਼ਵ ਕੱਪ: ਆਸਟਰੇਲੀਆ ਨੂੰ ਹਰਾ ਕੇ ਮੇਜ਼ਬਾਨ ਇੰਗਲੈਂਡ ਫਾਈਨਲ ’ਚ