ਐੱਸਏਐੱਸ ਨਗਰ : ਇਕ ਰਾਸ਼ਟਰ-ਇਕ ਭਾਸ਼ਾ ਦੀ ਹਿਮਾਇਤ ਕਰ ਕੇ ਵਿਵਾਦਾਂ ਵਿਚ ਘਿਰੇ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਐਤਵਾਰ ਨੂੰ ਜ਼ੀਰਕਪੁਰ ‘ਚ ਹੋਣ ਵਾਲਾ ਸ਼ੋਅ ਰੱਦ ਕਰ ਦਿੱਤਾ ਗਿਆ ਹੈ। ਗੁਰਦਾਸ ਮਾਨ ਦਾ ਸ਼ੋਅ ਜ਼ੀਰਕਪੁਰ-ਅੰਬਾਲਾ ਰੋਡ ‘ਤੇ ਸਥਿਤ ਆਕਸਫੋਰਡ ਸਟਰੀਟ ਵਿਚ ‘ਚੱਕ ਦੇ ਬੀਟਸ’ ਬੈਨਰ ਦੇ ਹੇਠ ਹੋਣ ਵਾਲਾ ਸੀ। ਸ਼ੋਅ ਪ੍ਰਬੰਧਕ ਨਵਲ ਨੇ ਕਿਹਾ ਕਿ ਸ਼ਨਿਚਰਵਾਰ ਰਾਤ ਅਣਪਛਾਤੇ ਲੋਕਾਂ ਨੇ ਪ੍ਰੋਗਰਾਮ ਵਾਲੀ ਥਾਂ ‘ਤੇ ਪਹੁੰਚ ਕੇ ਗੁਰਦਾਸ ਮਾਨ ਦਾ ਵਿਰੋਧ ਕੀਤਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਉਹ ਸ਼ੋਅ ਕਰਵਾਉਣਗੇ ਤਾਂ ਵਿਰੋਧ ਕਰਨਗੇ। ਇਸ ਕਾਰਨ ਪ੍ਰੋਗਰਾਮ ਰੱਦ ਕੀਤਾ ਗਿਆ ਹੈ।
ਫੋਨ ‘ਤੇ ਆਰਗੇਨਾਈਜ਼ਰ ਨੇ ਕੀਤਾ ਸ਼ੋਅ ਰੱਦ
ਗੁਰਦਾਸ ਮਾਨ ਦੇ ਐਂਕਰ ਪਰਮ ਪਰਮਿੰਦਰ ਨੇ ਫੋਨ ‘ਤੇ ਦੱਸਿਆ ਕਿ ਐਤਵਾਰ ਸਵੇਰੇ ਸ਼ੋਅ ਕਰਵਾਉਣ ਵਾਲੇ ਪ੍ਰਬੰਧਕ ਨਵਲ ਦਾ ਫੋਨ ਆਇਆ ਕਿ ਉਨ੍ਹਾਂ ਨੇ ਸ਼ੋਅ ਰੱਦ ਕਰ ਦਿੱਤਾ ਹੈ। ਗੁਰਦਾਸ ਮਾਨ ਚੰਡੀਗੜ੍ਹ ਵਿਚ ਹੀ ਸਨ ਅਤੇ ਉਨ੍ਹਾਂ ਦੀ ਟੀਮ ਵੀ ਦਿੱਲੀ ਵੱਲੋਂ ਨਿਕਲ ਪਈ ਸੀ। ਪ੍ਰਬੰਧਕਾਂ ਨੇ ਉਨ੍ਹਾਂ ਨੂੰ ਈਮੇਲ ਜ਼ਰੀਏ ਸੂਚਿਤ ਕੀਤਾ ਕਿ ਜਿਹੜਾ ਸੁਨੰਦਾ ਸ਼ਰਮਾ ਅਤੇ ਪਰਮੀਸ਼ ਵਰਮਾ ਦਾ ਸ਼ੋਅ ਕੀਤਾ ਸੀ, ਉਸ ਵਿਚ ਵੀ ਸ਼ਰਾਰਤੀ ਅਨਸਰਾਂ ਨੇ ਵਿਘਨ ਪਾਇਆ ਸੀ। ਉਨ੍ਹਾਂ ਪ੍ਰਬੰਧਕਾਂ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਐੱਸਐੱਸਪੀ ਵੱਲੋਂ ਵੀ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਵਾਈ ਜਾਵੇਗੀ ਪਰ ਸ਼ੋਅ ਰੱਦ ਨਾ ਕੀਤਾ ਜਾਵੇ ਪ੍ਰੰਤੂ ਪ੍ਰਬੰਧਕ ਉਨ੍ਹਾਂ ਦੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਸਨ।