ਚੰਡੀਗੜ੍ਹ (ਸਮਾਜਵੀਕਲੀ) : ਪੰਜਾਬ ਸਰਕਾਰ ਨੇ ਵਿਰਾਸਤੀ ਯਾਦਗਾਰਾਂ ਤੇ ਸਰਕਟ ਹਾਊਸ ਪ੍ਰਾਈਵੇਟ ਹੱਥਾਂ ਵਿੱਚ ਸੌਂਪਣ ਦੀ ਤਿਆਰੀ ਕਰ ਲਈ ਹੈ, ਜਿਸ ਤਹਿਤ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ, ਚੱਪੜਚਿੜੀ ਦੀ ਸਾਂਭ-ਸੰਭਾਲ ਦਾ ਕੰਮ ਵੀ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਤਹਿਤ ਨਿੱਜੀ ਹੱਥਾਂ ਵਿੱਚ ਦਿੱਤਾ ਜਾਵੇਗਾ। ਇਸ ਤਰ੍ਹਾਂ ਸਰਕਾਰ ਵਿਰਾਸਤੀ ਯਾਦਗਾਰਾਂ ਦਾ ਖ਼ੁਦ ਰੱਖ-ਰਖਾਓ ਕਰਨ ਤੋਂ ਭੱਜ ਰਹੀ ਜਾਪਦੀ ਹੈ। ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਇਹ ਵਿਰਾਸਤੀ ਪ੍ਰਾਜੈਕਟ ਬਣੇ ਸਨ ਜਿਨ੍ਹਾਂ ਦੀ ਸਾਂਭ-ਸੰਭਾਲ ਵਾਸਤੇ ਸ਼ਰਾਬ ’ਤੇ ਸੱਭਿਆਚਾਰਕ ਸੈੱਸ ਵੀ ਲੱਗਾ ਸੀ।
ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀਆਈਡੀਬੀ) ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਇਹ ਫੈਸਲੇ ਲਏ ਗਏ ਹਨ। ਪੀਆਈਡੀਬੀ ਵੱਲੋਂ 12 ਜੂਨ ਨੂੰ ਹੋਈ ਮੀਟਿੰਗ ਦੇ ਫੈਸਲੇ ਜਾਰੀ ਕੀਤੇ ਗਏ ਹਨ। ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਦੀ ਉਸਾਰੀ ’ਤੇ 46.02 ਕਰੋੜ ਰੁਪਏ ਖਰਚੇ ਗਏ ਹਨ।
ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਇਸ ਵਿਰਾਸਤੀ ਪ੍ਰਾਜੈਕਟ ਦੇ ਰੱਖ-ਰਖਾਓ ਦਾ ਕੰਮ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਨਿੱਜੀ ਹੱਥਾਂ ਵਿੱਚ ਦੇ ਦਿੱਤਾ ਜਾਵੇਗਾ ਜਿਸ ਵਾਸਤੇ ਟੈਂਡਰ ਜਾਰੀ ਕੀਤੇ ਜਾਣੇ ਹਨ। ਪ੍ਰਾਜੈਕਟ ਵਿੱਚ ਆਡੀਓ-ਵਿਜ਼ੁਅਲ ਅਤੇ ਲਾਈਟਿੰਗ ਵਗੈਰਾ ਦੀ ਸਾਂਭ-ਸੰਭਾਲ ਢੁਕਵੀਂ ਨਹੀਂ ਹੈ। ਵੱਡਾ ਘੱਲੂਘਾਰਾ ਸਮਾਰਕ ਕੁੱਪ ਰੋਹੀੜਾ ਅਤੇ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ’ਤੇ 42 ਕਰੋੜ ਰੁਪਏ ਦੀ ਲਾਗਤ ਆਈ ਸੀ ਪ੍ਰੰਤੂ ਇਹ ਪ੍ਰਾਜੈਕਟ ਪੀਪੀਪੀ ਮੋਡ ਦੇ ਯੋਗ ਨਹੀਂ ਬਣ ਸਕੇ। ਇਸੇ ਤਰ੍ਹਾਂ ਬਠਿੰਡਾ, ਜਲੰਧਰ, ਲੁਧਿਆਣਾ ਅਤੇ ਗੁਰਦਾਸਪੁਰ ਦੇ
ਸਰਕਟ ਹਾਊਸਾਂ ਦੀ ਸਾਂਭ-ਸੰਭਾਲ ਆਦਿ ਦਾ ਕੰਮ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਹੋਵੇਗਾ। ਆਮ ਰਾਜ ਪ੍ਰਬੰਧਨ ਵਿਭਾਗ ਨੇ ਇਸ ਵਾਸਤੇ ਬੋਰਡ ਨੂੰ ਅਗਲੀ ਪ੍ਰਕਿਰਿਆ ਸ਼ੁਰੂ ਕਰਨ ਦੀ ਝੰਡੀ ਦੇ ਦਿੱਤੀ ਹੈ।
ਪਟਿਆਲਾ ਦੇ ਕਿਲ੍ਹਾ ਮੁਬਾਰਕ ਵਿਚਲੀ ਜਗ੍ਹਾ ਨੂੰ ਵੀ ਚਾਰ ਤਾਰਾ ਵਿਰਾਸਤੀ ਹੋਟਲ ਵਿੱਚ ਵਿਕਸਤ ਕੀਤਾ ਜਾਣਾ ਹੈ। ਅੰਮ੍ਰਿਤਸਰ ਦੇ ਸਰਕਟ ਹਾਊਸ ਨੂੰ ਪੰਜ ਤਾਰਾ ਦੀ ਥਾਂ ਹੁਣ ਚਾਰ ਤਾਰਾ ਪ੍ਰਾਜੈਕਟ ਵਜੋਂ ਪੀਪੀਪੀ ਮੋਡ ਤਹਿਤ ਵਿਕਸਤ ਕੀਤਾ ਜਾਵੇਗਾ। ਕੋਵਿਡ-19 ਕਰ ਕੇ ਲੇਟ ਹੋਏ ਉਸਾਰੀ ਅਧੀਨ ਪ੍ਰਾਜੈਕਟਾਂ ਨੂੰ ਕੁਝ ਢਿੱਲਾਂ ਦੇਣ ਦਾ ਫੈਸਲਾ ਲਿਆ ਗਿਆ ਹੈ। ਪਠਾਨਕੋਟ-ਡਲਹੌਜ਼ੀ ਰੋਡ ’ਤੇ ਕੌਮਾਂਤਰੀ ਮਿਆਰ ਵਾਲੇ ਸੈਰ-ਸਪਾਟਾ ਕੇਂਦਰ ਨੂੰ ਸਿਧਾਂਤਕ ਤੌਰ ’ਤੇ ਜੰਗਲਾਤ ਵਿਭਾਗ ਤੋਂ ਹਰੀ ਝੰਡੀ ਮਿਲ ਗਈ ਹੈ।
ਪਟਿਆਲਾ ਦੇ ਭੁਪਿੰਦਰ ਰੋਡ ’ਤੇ ਸਥਿਤ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਨੂੰ ਵੀ ਵਿਰਾਸਤੀ ਹੋਟਲ ਵਜੋਂ ਵਿਕਸਤ ਕੀਤਾ ਜਾਣਾ ਹੈ। ਲੋਕ ਨਿਰਮਾਣ ਵਿਭਾਗ ਨੂੰ ਅਗਲੀ ਕਾਰਵਾਈ ਵਾਸਤੇ ਹਦਾਇਤ ਕੀਤੀ ਗਈ ਹੈ। ਇਸੇ ਤਰ੍ਹਾਂ ਦਰਜਨ ਬੱਸ ਅੱਡਿਆਂ ਦਾ ਏਜੰਡਾ ਵੀ ਲੱਗਾ ਸੀ। ਮਾਨਸਾ ਬੱਸ ਅੱਡੇ ਲਈ ਢੁੱਕਵੀਂ ਥਾਂ ਦੀ ਸ਼ਨਾਖਤ ਕੀਤੀ ਜਾਣੀ ਹੈ ਜਦੋਂ ਕਿ ਟਰਾਂਸਪੋਰਟ ਵਿਭਾਗ ਨੇ ਬਟਾਲਾ ਬੱਸ ਅੱਡੇ ਲਈ ਢੁੱਕਵੀਂ ਥਾਂ ਪੱਕੀ ਕਰਨੀ ਹੈ। ਪਟਿਆਲਾ ਬੱਸ ਅੱਡੇ ਦੀ ਉਸਾਰੀ ਟਰਾਂਸਪੋਰਟ ਵਿਭਾਗ ਨੇ ਫਾਈਨਲ ਕਰ ਲਈ ਹੈ।
ਰੂਪਨਗਰ, ਕਰਤਾਰਪੁਰ ਅਤੇ ਲੁਧਿਆਣਾ ਦੇ ਬੱਸ ਅੱਡਿਆਂ ਦੇ ਮਾਮਲੇ ਵੀ ਵਿਚਾਰੇ ਗਏ। ਸਨਅਤਕਾਰਾਂ ਦੀ ਮੰਗ ’ਤੇ ਲੁਧਿਆਣਾ ’ਚ ਨੁਮਾਇਸ਼ ਕੇਂਦਰ ਬਣਾਇਆ ਜਾਣਾ ਹੈ ਜਦੋਂ ਕਿ ਅੰਮ੍ਰਿਤਸਰ ਵਿੱਚ ਕਨਵੈਨਸ਼ਨ ਹਾਲ ਬਣਨਾ ਹੈ। ਕੁਝ ਪੁਰਾਣੇ ਪ੍ਰਾਜੈਕਟਾਂ ਵਿੱਚ ਫੇਰ ਬਦਲ ਕੀਤੀ ਗਈ ਹੈ। ਅਜਿਹਾ ਜਾਪਦਾ ਹੈ ਕਿ ਮਾਲੀ ਤੰਗੀ ਕਰ ਕੇ ਸਰਕਾਰ ਨੇ ਇਹ ਪ੍ਰਾਜੈਕਟ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਲਿਆ ਹੈ।