ਖੱਬੇ ਹੱਥ ਦੇ ਫ਼ਿਰਕੀ ਗੇਂਦਬਾਜ਼ ਵਿਨੈ ਚੌਧਰੀ ਦੀ ਕਰੀਅਰ ਦੀ ਸਰਵੋਤਮ ਗੇਂਦਬਾਜ਼ੀ ਦੀ ਬਦੌਲਤ ਪੰਜਾਬ ਨੇ ਰਣਜੀ ਟਰਾਫੀ ਇਲੀਟ ਗਰੁੱਪ ‘ਬੀ’ ਦੇ ਮੈਚ ਵਿੱਚ ਅੱਜ ਪਹਿਲੇ ਦਿਨ ਇੱਥੇ ਬੰਗਾਲ ਦੀ ਪਹਿਲੀ ਪਾਰੀ ਨੂੰ 187 ਦੌੜਾਂ ’ਤੇ ਢੇਰ ਕਰ ਦਿੱਤਾ। ਵਿਨੈ ਚੌਧਰੀ ਨੇ 62 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ। ਦਿਨ ਦੀ ਖੇਡ ਖ਼ਤਮ ਹੋਣ ਤੱਕ ਪੰਜਾਬ ਨੇ ਦੋ ਵਿਕਟਾਂ ਦੇ ਨੁਕਸਾਨ ’ਤੇ 47 ਦੌੜਾਂ ਬਣਾ ਲਈਆਂ ਸਨ। ਸ਼ੁੱਭਮਨ ਗਿੱਲ 36 ਅਤੇ ਅਨਮੋਲਪ੍ਰੀਤ ਸਿੰਘ ਇੱਕ ਦੌੜ ’ਤੇ ਬੱਲੇਬਾਜ਼ੀ ਕਰ ਰਹੇ ਹਨ। ਬੰਗਾਲ ਲਈ ਦੋਵੇਂ ਵਿਕਟਾਂ ਮੁਕੇਸ਼ ਕੁਮਾਰ ਨੇ ਲਈਆਂ। ਉਸ ਨੇ ਪਾਰੀ ਦੇ 15ਵੇਂ ਓਵਰ ਦੀਆਂ ਆਖ਼ਰੀ ਦੋ ਗੇਂਦਾਂ ’ਤੇ ਜੀਵਨਜੋਤ ਸਿੰਘ (ਦਸ) ਅਤੇ ਮਯੰਕ ਮਾਰਕੰਡੇ (ਸਿਫ਼ਰ) ਦੀ ਵਿਕਟ ਲਈ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਬੰਗਾਲ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ 53 ਦੌੜਾਂ ਤੱਕ ਅੱਧੀ ਟੀਮ ਆਊਟ ਹੋ ਗਈ ਸੀ। ਸੁਦੀਪ ਚੈਟਰਜੀ (52 ਦੌੜਾਂ) ਨੇ ਇਸ ਮਗਰੋਂ ਸ੍ਰੀਵਤਸ ਗੋਸਵਾਮੀ (57 ਦੌੜਾਂ) ਨਾਲ 65 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਦੇ ਸਕੋਰ ਨੂੰ 118 ਤੱਕ ਪਹੁੰਚਾਇਆ। ਇਸ ਸਾਂਝੇਦਾਰੀ ਦੇ ਟੁੱਟਣ ’ਤੇ ਗੋਵਸਾਮੀ ਨੇ ਨੌਵੇਂ ਅਤੇ ਦਸਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਕ੍ਰਮਵਾਰ ਪ੍ਰਦੀਪਤਾ ਪ੍ਰਮਾਣਿਕ (19 ਦੌੜਾਂ) ਅਤੇ ਅਸ਼ੋਕ ਡਿੰਡਾ (18 ਦੌੜਾਂ) ਨਾਲ ਮਿਲ ਕੇ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਬੰਗਾਲ ਲਈ ਚੌਧਰੀ ਦੀਆਂ ਛੇ ਵਿਕਟਾਂ ਤੋਂ ਇਲਾਵਾ ਐਮਐੱਸ ਗੋਨੀ ਨੇ ਦੋ, ਜਦਕਿ ਸਿਧਾਰਥ ਕੌਲ ਅਤੇ ਮਯੰਕ ਮਾਰਕੰਡੇ ਨੂੰ 1-1 ਵਿਕਟ ਮਿਲੀ।
Sports ਵਿਨੈ ਦੀ ਫ਼ਿਰਕੀ ’ਚ ਘਿਰਿਆ ਬੰਗਾਲ