ਵਿਨੇਸ਼ ਨੇ ਟੋਕੀਓ ਦਾ ਟਿਕਟ ਕਟਾਇਆ

ਭਾਰਤੀ ਕੁਸ਼ਤੀ ਲਈ ਅੱਜ ਦਾ ਦਿਨ ਸ਼ਾਨਦਾਰ ਰਿਹਾ। ਵਿਨੇਸ਼ ਫੋਗਾਟ ਨੇ ਇੱਥੇ ਕਾਂਸੀ ਦੇ ਤਗ਼ਮੇ ਨਾਲ ਟੋਕੀਓ ਓਲੰਪਿਕ-2020 ਲਈ ਕੁਆਲੀਫਾਈ ਕੀਤਾ, ਜਦਕਿ ਪੂਜਾ ਢਾਂਡਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੂਜੇ ਤਗ਼ਮੇ ਤੋਂ ਸਿਰਫ਼ ਇੱਕ ਜਿੱਤ ਦੂਰ ਹੈ। ਇਸ ਤੋਂ ਪਹਿਲਾਂ ਤਿੰਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਵਿਨੇਸ਼ ਤਗ਼ਮਾ ਹਾਸਲ ਨਹੀਂ ਕਰ ਸਕੀ ਸੀ, ਪਰ ਵਿਨੇਸ਼ ਇਸ ਤਰ੍ਹਾਂ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਗ਼ਮੇ ਜਿੱਤਣ ਵਾਲੀ ਪੰਜਵੀਂ ਭਾਰਤੀ ਪਹਿਲਵਾਨ ਬਣ ਗਈ ਹੈ। ਉਸ ਤੋਂ ਪਹਿਲਾਂ ਅਲਕਾ ਤੋਮਰ (2006), ਗੀਤਾ ਫੋਗਾਟ (2012), ਬਬੀਤਾ ਫੋਗਾਟ (2012) ਅਤੇ ਪੂਜਾ ਢਾਂਡਾ (2018) ਨੇ ਇਸ ਟੂਰਨਾਮੈਂਟ ਵਿੱਚ ਤਗ਼ਮਾ ਜਿੱਤਿਆ ਹੈ।
ਵਿਨੇਸ਼ ਨੇ 53 ਕਿਲੋ ਰੈਪੇਚੇਜ ਦੇ ਦੂਜੇ ਗੇੜ ਵਿੱਚ ਅਮਰੀਕਾ ਦੀ ਸਾਰਾ ਆਨ ਹਿਲਡਬਰੰਟ ਨੂੰ 8-2 ਨਾਲ ਚਿੱਤ ਕੀਤਾ ਸੀ। ਸਾਰਾ ਨੇ ਘੱਟ ਤੋਂ ਘੱਟ ਪੰਜ ਵਾਰ ਵਿਨੇਸ਼ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਪਹਿਲਵਾਨ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਉਸ ਨੂੰ ਫ਼ਾਇਦਾ ਨਹੀਂ ਚੁੱਕਣ ਦਿੱਤਾ। ਵਿਨੇਸ਼ ਹੁਣ ਭਾਰਤ ਦੀਆਂ ਸਭ ਤੋਂ ਸਫਲ ਪਹਿਲਵਾਨਾਂ ਵਿੱਚੋਂ ਇੱਕ ਬਣ ਗਈ ਹੈ। ਉਸ ਨੇ ਆਪਣੇ ਕਰੀਅਰ ਵਿੱਚ ਰਾਸ਼ਟਰਮੰਡਲ ਖੇਡਾਂ ਅਤੇ ਏਸ਼ਿਆਈ ਖੇਡਾਂ ਦੇ ਸੋਨ ਤਗ਼ਮੇ ਆਪਣੀ ਝੋਲੀ ਵਿੱਚ ਪਾਏ ਹਨ। ਵਿਨੇਸ਼ ਡਰਾਅ ਦੇ ਦੂਜੇ ਗੇੜ ਵਿੱਚ ਮੌਜੂਦਾ ਚੈਂਪੀਅਨ ਮਾਯੂ ਮੁਕੈਦਾ ਤੋਂ ਹਾਰ ਗਈ ਸੀ। ਫਿਰ ਰੈਪੇਚੇਜ ਦੇ ਪਹਿਲੇ ਗੇੜ ਵਿੱਚ ਉਸ ਨੇ ਯੂਕਰੇਨ ਦੀ ਯੂਲੀਆ ਖਾਵਾਲਦਜ਼ੀ ਨੂੰ ਸ਼ਿਕਸਤ ਦਿੱਤੀ।

Previous articleਨਹੀਂ ਰਿਹਾ ਇੰਡੋਨੇਸ਼ੀਆ ਦੀ ਸਿਆਸਤ ‘ਚ ਵਿਲੱਖਣ ਪਹਿਚਾਣ ਰੱਖਣ ਵਾਲਾ ਸਿੱਖ
Next articleDalai Lama selection: US lawmakers for sanctions against China