ਵਿਧਾਇਕ ਸ਼ਰਮਾ ਨਾਜਾਇਜ਼ ਖਣਨ ਤੇ ਗੁੰਡਾ ਟੈਕਸ ਖ਼ਿਲਾਫ਼ ਨਿੱਤਰੇ

ਜ਼ੀਰਕਪੁਰ- ਡੇਰਾਬੱਸੀ ਦੇ ਵਿਧਾਇਕ ਐੱਨ.ਕੇ. ਸ਼ਰਮਾ ਨੇ ਗੁੰਡਾ ਟੈਕਸ ਤੇ ਨਾਜਾਇਜ਼ ਖਣਨ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਜਿਥੇ ਲੰਘੇ ਦਿਨੀਂ ਗੁੰਡਾ ਟੈਕਸ ਖ਼ਿਲਾਫ਼ ਕਰੱਸ਼ਰ ਮਾਲਕਾਂ ਨਾਲ ਪ੍ਰੈੱਸ ਕਾਨਫਰੰਸ ਕਰਕੇ ਤਿੰਨ ਦਿਨ ਦਾ ਅਲਟੀਮੇਟਮ ਦਿੱਤਾ ਸੀ, ਉਥੇ ਅੱਜ ਉਨ੍ਹਾਂ ਪਿੰਡ ਛੱਤ ’ਚ ਛੱਤਬੀੜ ਚਿੜੀਆਘਰ ਦੇ ਪਿੱਛੇ ਜੰਗਲਾਤ ਦੀ ਜ਼ਮੀਨ ’ਚ ਚੱਲ ਰਹੇ ਨਾਜਾਇਜ਼ ਖਣਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜ਼ਿਲ੍ਹੇ ਦੇ ਮੰਤਰੀ ਬਲਬੀਰ ਸਿੰਘ ਸਿੱਧੂ, ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਤੇ ਹਲਕਾ ਡੇਰਾਬੱਸੀ ਤੋਂ ਕਾਂਗਰਸ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਮੌਕੇ ’ਤੇ ਜਾ ਕੇ ਫੇਸਬੁੱਕ ਪੇਜ਼ ਤੋਂ ਲਾਈਵ ਹੁੰਦਿਆਂ ਕੇ ਖਣਨ ਮਾਫ਼ੀਆ ਵੱਲੋਂ ਕੀਤੀ ਨਾਜਾਇਜ਼ ਖੁਦਾਈ ਤੇ ਕੱਟੇ ਦਰੱਖ਼ਤ ਦਿਖਾਉਂਦੇ ਹੋਏ ਉਕਤ ਆਗੂਆਂ ਦੀ ਸ਼ਮੂਲੀਅਤ ਦਾ ਦੋਸ਼ ਲਾਇਆ। ਉਨ੍ਹਾਂ ਨੇ ਨਾਜਾਇਜ਼ ਖਣਨ ਵਾਲੀ ਜਗ੍ਹਾ ’ਤੇ ਖੜ੍ਹੀ ਜੇਸੀਬੀ ਮਸ਼ੀਨ ਵੀ ਦਿਖਾਈ ।
ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਮੁਹਾਲੀ ਸਣੇ ਸਮੁੱਚੇ ਪੰਜਾਬ ’ਚ ਸਰਕਾਰੀ ਸਰਪ੍ਰਸਤੀ ਹੇਠ ਨਾਜਾਇਜ਼ ਖਣਨ ਚੱਲ ਰਿਹਾ ਹੈ। ਛੱਤਬੀੜ ਚਿੜੀਆਘਰ ਕੋਲ, ਪਿੰਡ ਬਾਕਰਪੁਰ ਤੇ ਕਕਰਾਲੀ ’ਚ ਨਾਜਾਇਜ਼ ਖਣਨ ਤੇ ਸ਼ਾਮਲਾਟ ਜ਼ਮੀਨਾਂ ’ਚ ਡੂੰਘੇ ਖੱਡੇ ਪੁੱਟੇ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮੁਬਾਰਕਪੁਰ ਕਰੱਸ਼ਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਬਾਂਸਲ ਤੇ ਉਨ੍ਹਾਂ ਦੇ ਸਾਥੀਆਂ ਨੇ ਗੁੰਡਾ ਟੈਕਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਦੇ ਪਲਾਂਟਾਂ ਤੇ ਕਰੱਸ਼ਰਾਂ ਨੂੰ ਜਬਰੀ ਬੰਦ ਕਰ ਦਿੱਤਾ ਜਦੋਂਕਿ ਗੁੰਡਾ ਟੈਕਸ ਵਸੂਲਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੋ ਦਿਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਅਕਾਲੀ ਦਲ ਵੱਲੋਂ 11 ਦਸੰਬਰ ਨੂੰ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ।

Previous articleਜਬਰ-ਜਨਾਹ: ਰਾਹੁਲ ਨੇ ਪ੍ਰਧਾਨ ਮੰਤਰੀ ਦੀ ਚੁੱਪੀ ’ਤੇ ਨਿਸ਼ਾਨਾ ਸੇਧਿਆ
Next articleਸਿੰਜਾਈ ਫੰਡਾਂ ਸਬੰਧੀ ਨਿਗਰਾਨ ਕਮੇਟੀ ਬਣਾਉਣ ’ਤੇ ਵਿਚਾਰ