ਖਰੀਦ ਕਰਕੇ ਪੁਲੀਸ ਕਮਿਸ਼ਨਰ ਦਫ਼ਤਰ ਪੁੱਜੇ; ਚੋਣ ਕਮਿਸ਼ਨਰ ਨੂੰ ਵੀ ਸ਼ਿਕਾਇਤ ਭੇਜੀ
ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਆਪਣੇ ਇੱਕ ਸਾਥੀ ਨਾਲ ਸੋਸ਼ਲ ਮੀਡੀਆ ਫੇਸਬੁੱਕ ’ਤੇ ਲਾਈਵ ਹੋ ਕੇ ਸਨਅਤੀ ਸ਼ਹਿਰ ਵਿੱਚ ਵਿਕ ਰਹੇ ਚਿੱਟੇ ਦੀ ਖਰੀਦ ਕੀਤੀ। ਸ਼ਹਿਰ ਦੇ ਚੀਮਾ ਚੌਕ ਨੇੜੇ ਇੱਕ ਬਸਤੀ ਵਿੱਚੋਂ ਉਨ੍ਹਾਂ ਦੇ ਸਾਥੀ ਨੇ ਸ਼ਰੇਆਮ ਵਿਕ ਰਹੇ ਚਿੱਟੇ ਦੀਆਂ ਚਾਰ ਪੁੜੀਆਂ 300 ਪ੍ਰਤੀ ਪੁੜੀ ਦੇ ਹਿਸਾਬ ਨਾਲ ਖਰੀਦੀਆਂ। ਇਸ ਮਗਰੋਂ ਵਿਧਾਇਕ ਬੈਂਸ ਆਪਣੇ ਸਾਥੀਆਂ ਸਣੇ ਪੁਲੀਸ ਕਮਿਸ਼ਨਰ ਦਫ਼ਤਰ ਪੁੱਜੇ। ਉਨ੍ਹਾਂ ਨੇ ਲਿਖਤ ਵਿੱਚ ਚਿੱਟੇ ਦੀ ਸ਼ਿਕਾਇਤ, ਤਿੰਨ ਪੁੜੀਆਂ ਤੇ ਲਾਈਵ ਵੀਡੀਓ ਪੁਲੀਸ ਕਮਿਸ਼ਨਰ ਹਵਾਲੇ ਕਰ ਦਿੱਤੀ। ਲੁਧਿਆਣਾ ਦੇ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਬਣਦੀ ਕਾਰਵਾਈ ਜਰੂਰ ਕਰਨਗੇ। ਵਿਧਾਇਕ ਬੈਂਸ ਨੇ ਇਸ ਸਬੰਧੀ ਚੋਣ ਕਮਿਸ਼ਨਰ ਨੂੰ ਵੀ ਸ਼ਿਕਾਇਤ ਭੇਜ ਦਿੱਤੀ ਹੈ। ਪੁਲੀਸ ਕਮਿਸ਼ਨਰ ਦਫ਼ਤਰ ਪੁੱਜੇ ਵਿਧਾਇਕ ਬੈਂਸ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਚੀਮਾ ਚੌਕ, ਘੋੜਾ ਕਲੋਨੀ, ਟਰਾਂਸਪੋਰਟ ਨਗਰ ਇਲਾਕੇ ਵਿੱਚ ਸਵੇਰ ਵੇਲੇ ‘ਚਿੱਟੇ ਦੀ ਮੰਡੀ’ ਲੱਗਦੀ ਹੈ। ਉਨ੍ਹਾਂ ਨੇ ਪੁਲੀਸ ਮੁਲਾਜ਼ਮਾਂ ਨੂੰ ਕਿਹਾ ਪਰ ਪੁਲੀਸ ਇੱਕ ਦਿਨ ਤਾਂ ਚਿੱਟਾ ਬੰਦ ਕਰਵਾ ਦਿੰਦੀ ਸੀ ਪਰ ਅਗਲੇ ਦਿਨ ਫਿਰ ਵਿਕਰੀ ਸ਼ੁਰੂ ਹੋ ਜਾਂਦੀ ਸੀ। ਇਸ ਕਾਰਨ ਅੱਜ ਉਨ੍ਹਾਂ ਨੇ ‘ਚਿੱਟਾ’ ਲਾਈਵ ਖਰੀਦ ਕੇ ਪੁਲੀਸ ਦੀ ਕਾਰਗੁਜ਼ਾਰੀ ਨੂੰ ਸਾਰਿਆਂ ਸਾਹਮਣੇ ਲਿਆਉਣ ਦੀ ਯੋਜਨਾ ਉਲੀਕੀ। ਉਹ ਆਪਣੇ ਸਾਥੀ ਨਾਲ ਫੇਸਬੁੱਕ ’ਤੇ ਲਾਈਵ ਹੋ ਕੇ ਚਿੱਟਾ ਖਰੀਦਣ ਲਈ ਗਏ। ਚੀਮਾ ਚੌਕ ਨੇੜੇ ਬਸਤੀ ਵਿੱਚ ਇੱਕ ਵਿਅਕਤੀ 300 ਰੁਪਏ ਪੁੜੀ ਦੇ ਹਿਸਾਬ ਨਾਲ ਚਿੱਟਾ ਮੁਹੱਲੇ ਵਿੱਚ ਵੇਚ ਰਿਹਾ ਹੈ। ਉਨ੍ਹਾਂ ਦੇ ਸਾਥੀ ਨੇ ਇਸ ਵਿਅਕਤੀ ਕੋਲੋਂ ਪਹਿਲਾਂ ਦੋ ਪੁੜੀਆਂ ਲੈ ਲਈਆਂ ਪਰ ਉਨ੍ਹਾਂ ਨੇ ਦੁਬਾਰਾ ਉਸਨੂੰ ਚਿੱਟੇ ਦੀਆਂ ਦੋ ਹੋਰ ਪੁੜੀਆਂ ਲੈਣ ਲਈ ਭੇਜ ਦਿੱਤਾ। ਇਹ ਸਭ ਲਾਈਵ ਫੇਸਬੁੱਕ ’ਤੇ ਚੱਲ ਰਿਹਾ ਸੀ। ਵਿਧਾਇਕ ਬੈਂਸ ਨੇ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਚਿੱਟਾ ਵਿਰੋਧੀ ਹਫ਼ਤਾ ਮਨਾਇਆ ਸੀ ਤੇ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ। ਇਸ ਨੰਬਰ ’ਤੇ ਮਿਲੀਆਂ 667 ਨਸ਼ੇ ਦੀਆਂ ਸ਼ਿਕਾਇਤਾਂ ਲਿਖਤ ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਤੇ ਐੱੱਸਟੀਐੱਫ਼ ਨੂੰ ਦਿੱਤੀਆਂ ਸਨ, ਪਰ ਇੱਕ ’ਤੇ ਵੀ ਕਾਰਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਗਾਏ ਕਿ ਜਦੋਂ ਉਹ ਪੁਲੀਸ ਕਮਿਸ਼ਨਰ ਦੇ ਦਫ਼ਤਰ ਪੁੱਜੇ ਤਾਂ ਪੁਲੀਸ ਦਾ ਵਤੀਰਾ ਵੀ ਸਹੀ ਨਹੀਂ ਸੀ। ਪੁਲੀਸ ਕਮਿਸ਼ਨਰ ਨੇ ਕਾਰਵਾਈ ਕਰਨ ਦੀ ਬਜਾਏ ਸ਼ਿਕਾਇਤ ਦੇਣ ਨੂੰ ਕਹਿ ਦਿੱਤਾ। ਵਿਧਾਇਕ ਬੈਂਸ ਨੇ ਇਸ ਸਾਰੇ ਮਾਮਲੇ ਦੀ ਪੰਜਾਬ ਪੁਲੀਸ ਮੁਖੀ ਦਿਨਕਰ ਗੁਪਤਾ, ਪੁਲੀਸ ਕਮਿਸ਼ਨਰ ਤੇ ਚੋਣ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇੱਕ ਪੁੜੀ ਆਪਣੇ ਕੋਲ ਰੱਖ ਲਈ ਹੈ, ਜਿਸ ਦੀ ਉਹ ਆਪਣੇ ਪੱਧਰ ’ਤੇ ਜਾਂਚ ਕਰਵਾਉਣਗੇ।