ਪੰਜਾਬ ਜਮਹੂਰੀ ਗੱਠਜੋੜ ਦੀ 12 ਸੀਟਾਂ ਉੱਤੇ ਸਹਿਮਤੀ

ਸੱਤ ਉਮੀਦਵਾਰਾਂ ਬਾਰੇ ਫ਼ੈਸਲਾ; ਸੀਪੀਆਈ ਤੇ ਆਰਸੀਪੀਆਈ ਵੀ ਪੀਡੀਏ ’ਚ ਸ਼ਾਮਲ

ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਨੇ 19 ਮਈ ਨੂੰ ਸੂਬੇ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 13 ਵਿਚੋਂ 12 ਸੀਟਾਂ ਉੱਤੇ ਸਹਿਮਤੀ ਬਣਾ ਲਈ ਹੈ। ਦੋ ਖੱਬੀਆਂ ਧਿਰਾਂ ਸੀਪੀਆਈ ਅਤੇ ਆਰਸੀਪੀਆਈ ਵੀ ਅੱਜ ਪੀਡੀਏ ਵਿਚ ਸ਼ਾਮਲ ਹੋ ਗਈਆਂ ਹਨ। ਹੁਣ ਪੀਡੀਏ ਵਿਚ 6 ਧਿਰਾਂ ਸ਼ਾਮਲ ਹੋ ਗਈਆਂ ਹਨ। ਇਸ ਤਹਿਤ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ 3 ਹਲਕਿਆਂ ਆਨੰਦਪੁਰ ਸਾਹਿਬ, ਜਲੰਧਰ ਤੇ ਹੁਸ਼ਿਆਰਪੁਰ, ਪੰਜਾਬ ਏਕਤਾ ਪਾਰਟੀ ਨੂੰ 3 ਹਲਕੇ ਬਠਿੰਡਾ, ਫਰੀਦਕੋਟ ਤੇ ਖਡੂਰ ਸਾਹਿਬ, ਲੋਕ ਇਨਸਾਫ਼ ਪਾਰਟੀ ਨੂੰ 3 ਹਲਕੇ ਲੁਧਿਆਣਾ, ਅੰਮ੍ਰਿਤਸਰ ਤੇ ਫਤਿਹਗੜ੍ਹ ਸਾਹਿਬ, ਪੰਜਾਬ ਮੰਚ ਨੂੰ ਪਟਿਆਲਾ, ਸੀਪੀਆਈ ਨੂੰ ਫਿਰੋਜ਼ਪੁਰ ਅਤੇ ਆਰਸੀਪੀਆਈ ਨੂੰ ਗੁਰਦਾਸਪੁਰ ਅਲਾਟ ਕੀਤੇ ਗਏ ਹਨ। ਅੱਜ ਇੱਥੇ ਪੰਜਾਬ ਏਕਤਾ ਪਾਰਟੀ ਦੇ ਐੱਡਹਾਕ ਪ੍ਰਧਾਨ ਸੁਖਪਾਲ ਖਹਿਰਾ, ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਬਸਪਾ ਦੇ ਪ੍ਰਧਾਨ ਰਛਪਾਲ ਸਿੰਘ ਰਾਜੂ, ਪੰਜਾਬ ਮੰਚ ਦੇ ਪ੍ਰਧਾਨ ਡਾ. ਧਰਮਵੀਰ ਗਾਂਧੀ, ਸੀਪੀਆਈ ਪੰਜਾਬ ਦੇ ਸਕੱਤਰ ਬੰਤ ਬਰਾੜ ਅਤੇ ਆਰਸੀਪੀਆਈ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਦੱਸਿਆ ਕਿ ਪੀਡੀਏ ਵੱਲੋਂ 7 ਉਮੀਦਵਾਰਾਂ ਬਾਰੇ ਫ਼ੈਸਲਾ ਲੈ ਲਿਆ ਗਿਆ ਹੈ ਅਤੇ ਬਾਕੀ ਉਮੀਦਵਾਰਾਂ ਦਾ ਐਲਾਨ ਜਲਦ ਹੀ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਮੰਚ ਵੱਲੋਂ ਆਮ ਆਦਮੀ ਪਾਰਟੀ (ਆਪ) ਦੇ ਮੁਅੱਤਲ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਪਟਿਆਲਾ, ਬਸਪਾ ਵੱਲੋਂ ਵਿਕਰਮ ਸਿੰਘ ਸੋਢੀ ਨੂੰ ਆਨੰਦਪੁਰ ਸਾਹਿਬ, ਸੇਵਾਮੁਕਤ ਆਈਏਐੱਸ ਅਧਿਕਾਰੀ ਚੌਧਰੀ ਖੁਸ਼ੀ ਰਾਮ ਨੂੰ ਹੁਸ਼ਿਆਰਪੁਰ (ਰਾਖ਼ਵਾਂ ਹਲਕਾ) ਤੇ ਬਲਵਿੰਦਰ ਸਿੰਘ ਜਲੰਧਰ (ਰਾਖ਼ਵਾਂ ਹਲਕਾ), ਲੋਕ ਇਨਸਾਫ਼ ਪਾਰਟੀ ਵੱਲੋਂ ਮਨਵਿੰਦਰ ਸਿੰਘ ਗਿਆਸਪੁਰ ਨੂੰ ਫਤਿਹਗੜ੍ਹ ਸਾਹਿਬ (ਰਾਖ਼ਵਾਂ ਹਲਕਾ) ਅਤੇ ਪੰਜਾਬ ਏਕਤਾ ਪਾਰਟੀ ਵੱਲੋਂ ਬੀਬੀ ਪਰਮਜੀਤ ਕੌਰ ਖਡੂਰ ਸਾਹਿਬ ਅਤੇ ‘ਆਪ’ ਤੋਂ ਅਸਤੀਫ਼ਾ ਦੇ ਚੁੱਕੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਫਰੀਦਕੋਟ (ਰਾਖ਼ਵਾਂ ਹਲਕਾ) ਤੋਂ ਉਮੀਦਵਾਰ ਬਣਾਇਆ ਜਾਵੇਗਾ। ਡਾ. ਧਰਮਵੀਰ ਗਾਂਧੀ ਨੇ ਅੱਜ ‘ਨਵਾਂ ਪੰਜਾਬ ਪਾਰਟੀ’ ਬਣਾਉਣ ਦਾ ਵੀ ਐਲਾਨ ਕੀਤਾ। ਮਜ਼ੇਦਾਰ ਗੱਲ ਇਹ ਹੈ ਕਿ ਦੂਸਰੇ ਪਾਸੇ ‘ਆਪ’ ਵੱਲੋਂ ਫਰੀਦਕੋਟ ਤੋਂ ਆਪਣੇ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੂੰ ਚੋਣ ਲੜਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਸਿਮਰਜੀਤ ਸਿੰਘ ਬੈਂਸ ਵੱਲੋਂ ਸੰਸਦੀ ਚੋਣ ਲੜਨ ਦੀ ਸੰਭਾਵਨਾ ਜਤਾਈ ਜਾ ਰਹੀ ਸੀ, ਪਰ ਉਨ੍ਹਾਂ ਅੱਜ ਇਸ ਬਾਰੇ ਐਲਾਨ ਨਹੀਂ ਕੀਤਾ। ਇਸੇ ਤਰ੍ਹਾਂ ਸ੍ਰੀ ਖਹਿਰਾ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜਣ ਦੇ ਚਰਚੇ ਹਨ ਪਰ ਉਨ੍ਹਾਂ ਨੇ ਵੀ ਅੱਜ ਆਪਣੇ ਪੱਤੇ ਨਹੀਂ ਖੋਲ੍ਹੇ। ਸ੍ਰੀ ਖਹਿਰਾ ਨੇ ਕਿਹਾ ਕਿ ਉਹ ਫ਼ਿਲਹਾਲ ਦੇਖ ਰਹੇ ਹਨ ਕਿ ਅਕਾਲੀ ਦਲ ਨਾਲ ਸਬੰਧਤ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕਿੱਥੋਂ ਚੋਣ ਲੜਦੇ ਹਨ ਕਿਉਂਕਿ ਇਹ ਚਰਚਾ ਹੈ ਕਿ ਬੀਬੀ ਬਾਦਲ ਆਪਣਾ ਹਲਕਾ ਛੱਡ ਕੇ ਫਿਰੋਜ਼ਪੁਰ ਜਾਣ ਦੀ ਤਿਆਰੀ ਵਿਚ ਹੈ। ਪੀਡੀਏ ਆਗੂਆਂ ਨੇ ਕਿਹਾ ਕਿ ਰਵਾਇਤੀ ਭ੍ਰਿਸ਼ਟ ਪਾਰਟੀਆਂ ਦੇ ਕੁਸ਼ਾਸਨ ਦੇ ਨਤੀਜੇ ਵਜੋਂ ਪੰਜਾਬ ਢਾਈ ਲੱਖ ਕਰੋੜ ਰੁਪਏ ਦੇ ਵੱਡੇ ਕਰਜ਼ੇ ਦੀ ਮਾਰ ਝੱਲ ਰਿਹਾ ਹੈ ਅਤੇ ਕਿਸਾਨ ਤੇ ਖੇਤ ਮਜ਼ਦੂਰ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਰਿਆਈ ਪਾਣੀਆਂ, ਪੰਜਾਬੀ ਬੋਲਦੇ ਇਲਾਕਿਆਂ ਤੇ ਰਾਜਧਾਨੀ ਚੰਡੀਗੜ੍ਹ ਦੇ ਮੁੱਦਿਆਂ ਸਮੇਤ ਸੂਬਿਆਂ ਨੂੰ ਖ਼ੁਦਮੁਖਤਿਆਰੀ ਦੇਣ ਦੀਆਂ ਮੰਗਾਂ ਲਈ ਆਵਾਜ਼ ਬਲੰਦ ਕੀਤੀ ਜਾਵੇਗੀ।

Previous articleਪੁਲਵਾਮਾ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਮੁਕਾਬਲੇ ’ਚ ਹਲਾਕ
Next articleਵਿਧਾਇਕ ਬੈਂਸ ਨੇ ਫੇਸਬੁੱਕ ’ਤੇ ਲਾਈਵ ਹੋ ਕੇ ‘ਚਿੱਟਾ’ ਖਰੀਦਿਆ