ਵਿਧਾਇਕ ਬੈਂਸ ਤੇ ਯੂਥ ਅਕਾਲੀ ਆਗੂ ਗੋਸ਼ਾ ਹੋਏ ਘਸੁੰਨ-ਮੁੱਕੀ

ਲੁਧਿਆਣਾ (ਸਮਾਜ ਵੀਕਲੀ): ਇੱਥੇ ਗਿੱਲ ਰੋਡ ਸਥਿਤ ਜਨਤਾ ਨਗਰ ਇਲਾਕੇ ’ਚ ਇਕ ਸੜਕ ਦੇ ਉਦਘਾਟਨ ਸਬੰਧੀ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਘਸੁੰਨ-ਮੁੱਕੀ ਹੋ ਗਏ। ਦੋਵੇਂ ਧਿਰਾਂ ਨੇ ਇਕ-ਦੂਸਰੇ ਖ਼ਿਲਾਫ਼ ਮਾੜੀ ਭਾਸ਼ਾ ਦੀ ਵਰਤੋਂ ਕੀਤੀ ਤੇ ਕਥਿਤ ਗਾਲ੍ਹਾਂ ਵੀ ਕੱਢੀਆਂ। ਇਸ ਤੋਂ ਪਹਿਲਾਂ ਲੰਮਾ ਸਮਾਂ ਦੋਵੇਂ ਧਿਰਾਂ ’ਚ ਵਿਕਾਸ ਕਾਰਜ ਲਈ ਸਿਹਰਾਬੰਦੀ ਦੀ ਲੜਾਈ ਚੱਲਦੀ ਰਹੀ ਤੇ ਮਗਰੋਂ ਹੰਗਾਮਾ ਹੋ ਗਿਆ। ਇਸ ਦੌਰਾਨ ਦੋਹਾਂ ਪਾਰਟੀਆਂ ਦੇ ਸਮਰਥਕ ਵੀ ਆਪਸ ਵਿੱਚ ਖਹਿਬੜ ਪਏ ਅਤੇ ਇੱਕ ਯੂਥ ਅਕਾਲੀ ਵਰਕਰ ਦੀ ਪੱਗ ਉੱਤਰ ਗਈ। ਸਰਕਾਰ ਵੱਲੋਂ ਲਾਏ ਗਏ ਹਫ਼ਤਾਵਰੀ ਕਰਫਿਊ ਤੇ ਸਮਾਜਿਕ ਦੂਰੀ ਦੇ ਨੇਮਾਂ ਦੀ ਵੀ ਉਲੰਘਣਾ ਕੀਤੀ ਗਈ।

ਇਸ ਬਾਰੇ ਸੂਚਨਾ ਮਿਲਦਿਆਂ ਹੀ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਮਾਮਲਾ ਸ਼ਾਂਤ ਕਰਵਾਇਆ। ਇਸ ਦੌਰਾਨ ਬੈਂਸ ਨੇ ਕਿਹਾ ਕਿ ਉਹ ਸਾਥੀਆਂ ਨਾਲ ਉਦਘਾਟਨ ਕਰਨ ਆਏ ਸਨ। ਇਸ ਦੌਰਾਨ ਗੋਸ਼ਾ ਤੇ ਸਾਬਕਾ ਮੇਅਰ ਦੇ ਲੜਕੇ ਅਮਨ ਨੇ ਆ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਨੇ ਗੱਲ ਕਰਨ ਲਈ ਆਖਿਆ ਤਾਂ ਦੋਵੇਂ ਅਕਾਲੀ ਆਗੂ ਭੱਦੀ ਸ਼ਬਦਾਵਲੀ ਵਰਤਣ ਲੱਗੇ। ਉਸ ਤੋਂ ਬਾਅਦ ਗੱਲ ਗਾਲੀ-ਗਲੋਚ ਤੱਕ ਪੁੱਜ ਗਈ ਤੇ ਉਥੇ ਮੌਜੂਦ ਲੋਕਾਂ ਨੇ ਗੁੱਸੇ ਵਿੱਚ ਆ ਕੇ ਗੋਸ਼ਾ ਤੇ ਉਸ ਦੇ ਸਾਥੀਆਂ ਦੀ ਕੁੱਟਮਾਰ ਕੀਤੀ।

ਗੋਸ਼ਾ ਨੇ ਦੱਸਿਆ ਕਿ ਜਿਸ ਸੜਕ ਦੇ ਉਦਘਾਟਨ ਲਈ ਵਿਧਾਇਕ ਬੈਂਸ ਪੁੱਜੇ, ਉਸ ਦਾ ਉਦਘਾਟਨ ਪਹਿਲਾਂ ਹੀ ਉਹ ਦੋ ਵਾਰ ਕਰ ਚੁੱਕੇ ਹਨ। ਅਸਲ ’ਚ ਇਸ ਸੜਕ ਦੀ ਉਸਾਰੀ 2016 ’ਚ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਨੇ ਕਰਵਾਈ ਸੀ। ਉਸ ਤੋਂ ਬਾਅਦ ਵਿਧਾਇਕ ਬੈਂਸ ਨੇ ਉਦਘਾਟਨ ਕੀਤਾ। ਅੱਜ ਜਦੋਂ ਉਹ ਦੁਬਾਰਾ ਉਦਘਾਟਨ ਕਰਨ ਪੁੱਜੇ ਤਾਂ ਉਨ੍ਹਾਂ ਸਾਬਕਾ ਮੇਅਰ ਦੇ ਲੜਕੇ ਅਮਨ ਨਾਲ ਮੌਕੇ ’ਤੇ ਪੁੱਜ ਕੇ ਵਿਧਾਇਕ ਬੈਂਸ ਤੋਂ ਇਸ ਬਾਰੇ ਸਵਾਲ ਕੀਤਾ। ਮਗਰੋਂ ਦੋਵੇਂ ਪਾਰਟੀਆਂ ਦੇ ਆਗੂ ਖਹਿਬੜ ਪਏ ਅਤੇ ਕੁਝ ਨੌਜਵਾਨ ਮਾਮੁਲੀ ਜ਼ਖ਼ਮੀ ਹੋ ਗਏ।

ਵਿਧਾਇਕ ਬੈਂਸ ਤੇ ਗੋਸ਼ਾ ਸਣੇ ਕਈਆਂ ’ਤੇ ਕੇਸ ਦਰਜ

ਥਾਣਾ ਡਿਵੀਜ਼ਨ ਨੰਬਰ 6 ਦੇ ਮੁਖੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਵੱਲੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ, ਉਨ੍ਹਾਂ ਦੇ ਪੁੱਤਰ, ਲੋਕ ਇਨਸਾਫ਼ ਪਾਰਟੀ ਦੇ ਸਮਰਥਕ ਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਗੋਸ਼ਾ ਅਤੇ ਸਾਬਕਾ ਮੇਅਰ ਦੇ ਪੁੱਤਰ ਸਣੇ ਅਣਪਛਾਤਿਆਂ ਖ਼ਿਲਾਫ਼ ਕਰਫਿਊ ਦੀ ਉਲੰਘਣਾ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਇਰਲ ਵੀਡੀਓ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਪਟਨ ਸਰਕਾਰ ਬੇਅਦਬੀ ਕਰਨ ਵਾਲਿਆਂ ਦਾ ਸਮਰਥਨ ਕਰ ਰਹੀ ਹੈ: ਬ੍ਰਹਮਪੁਰਾ
Next articleਨਿਹੰਗ ਜਥੇਬੰਦੀ ਦੇ ਮੁਖੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ