ਕਰੋਨਾ ਕੇਸਾਂ ਵਿੱਚ ਤੇਜ਼ੀ ਨਾਲ ਵਾਧੇ ਦੇ ਮੱਦੇਨਜ਼ਰ ਸਿਹਤ ਵਿਭਾਗ ਦੇ ਪ੍ਰੋਟੋਕਾਲ ਦੀ ਪਾਲਨਾ ਕਰਨ ਦੀ ਅਪੀਲ
ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਵਿਧਾਇਕ ਸ.ਨਵਤੇਜ ਸਿੰਘ ਚੀਮਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਰੋਨਾ ਕੇਸਾਂ ਦੀ ਤੇਜ਼ੀ ਨਾਲ ਵਾਧੇ ਦੇ ਮੱਦਨਜ਼ਰ ਵੱਧ ਤੋਂ ਵੱਧ ਟੈਸਟਿੰਗ ਲਈ ਸਿਹਤ ਅਮਲੇ ਨੂੰ ਸਹਿਯੋਗ ਦੇਣ ਤਾਂ ਜੋ ਇਸ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।
ਅੱਜ ਇੱਥੇ ਜਿਲਾ ਵਾਸੀਆਂ ਦੇ ਨਾਂ ਅਪੀਲ ਜਾਰੀ ਕਰਦਿਆਂ ਉਨਾਂ ਕਿਹਾ ਕਿ ਲੋਕ ਇਸ ਬੀਮਾਰੀ ਤੋਂ ਡਰਨ ਨਾ ਸਗੋਂ ਜੇਕਰ ਉਨਾਂ ਨੂੰ ਬੁਖਾਰ,ਖੰਘ,ਜੁਕਾਮ ਆਦਿ ਲੱਛਣ ਦਿਸਦੇ ਹਨ ਤਾਂ ਉਹ ਤੁਰੰਤ ਆਪਣਾ ਟੈਸਟ ਕਰਵਾਉਣ ਕਿਉਂ ਜੋ ਸ਼ੁਰੂਆਤੀ ਤੌਰ ਵਿੱਚ ਇਲਾਜ਼ ਕਰਵਾਉਣ ਨਾਲ ਕਰੋਨਾ ਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਹੈ।
ਉਨਾਂ ਕਿਹਾ ਕਿ ਪਿਛਲੇ 5 ਮਹੀਨਿਆਂ ਦੌਰਾਨ ਲੋਕਾਂ ਨੇ ਬਹੁਤ ਹੀ ਸੰਜਮ ਤੋਂ ਕੰਮ ਲਿਆ ਹੈ , ਜਿਸ ਲਈ ਉਹ ਲੋਕਾਂ ਦੇ ਧੰਨਵਾਦੀ ਹਨ । ਉਨਾਂ ਨਾਲ ਹੀ ਕਿਹਾ ਕਿ ਪਿਛਲੇ 15 ਦਿਨਾਂ ਤੋੰ ਕਰੋਨਾ ਮਾਮਲਿਆਂ ਵਿਚ ਤੇਜੀ ਨਾਲ ਵਾਧੇ ਕਾਰਨ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਕਰੋਨਾ ਤੋਂ ਬਚਾਅ ਸੰਬਧੀ ਜਾਰੀ ਹਦਾਇਤਾਂ ਦੀ ਪਹਿਲਾਂ ਤੋਂ ਵੀ ਜ਼ਿਆਦਾ ਪਾਲਣਾ ਕਰੀਏ ।
ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਸਤੰਬਰ ਮਹੀਨੇ ਵਿਚ ਕਰੋਨਾ ਚਰਮ ਸੀਮਾ ਤੇ ਹੋਵੇਗਾ , ਜਿਸ ਲਈ ਹੋਰ ਇਹਤਿਆਤ ਵਰਤਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਜਿਲੇ ਅੰਦਰ 50 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ ਜਿਸ ਕਰਕੇ ਸਾਨੂੰ ਆਪਣਾ ਖਿਆਲ ਰੱਖਣਾ ਚਾਹੀਦਾ ਹੈ । ਉਨ੍ਹਾਂ ਸਰਪੰਚਾਂ, ਪੰਚਾਂ , ਨੰਬਰਦਾਰਾਂ ਤੇ ਮੋਹਤਬਰਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਦੇਣ ।
ਉਨਾਂ ਕਿਹਾ ਕਿ ਕਰੋਨਾ ਦੇ ਲੱਛਣਾਂ ਵਾਲੇ ਵਿਅਕਤੀ ਸ਼ੁਰੂਆਤੀ ਦੌਰ ਵਿੱਚ ਹੀ ਆਪਣਾ ਟੈਸਟ ਕਰਵਾਉਣ ਕਿਉਂ ਜੋ ਟੈਸਟ ਵਿੱਚ ਦੇਰੀ ਨਾਲ ਮਰੀਜ਼ ਦੀ ਸਿਹਤ ਵਿਗੜਦੀ ਹੈ ਅਤੇ ਉਸਨੂੰ ਲੈਵਲ 2 ਅਤੇ 3 ਦੀਆਂ ਇਲਾਜ ਸਹੂਲਤਾਂ ਦੀ ਲੋੜ ਪੈਂਦੀ ਹੈ ਜਦਕਿ ਸ਼ੁਰੂਆਤੀ ਪੱਧਰ ਤੇ ਕਰੋਨਾ ਦਾ ਮਰੀਜ਼ ਘਰੇਲੂ ਇਕਾਂਤਵਾਸ ਵਿਚ ਰਹਿ ਕੇ ਜਲਦੀ ਤੰਦਰੁਸਤ ਹੋ ਸਕਦਾ ਹੈ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਕਰੋਨਾ ਨੂੰ ਕਾਬੂ ਕਰਨ ਲਈ ਅਹਿਮ ਕਦਮ ਚੁੱਕੇ ਗਏ ਹਨ। ਜਿਸ ਕਰਕੇ ਲੋਕ ਮਾਸਕ ਪਾਉਣ ਅਤੇ ਸਰੀਰਕ ਦੂਰੀ ਬਣਾਈ ਰੱਖਣ ਵਰਗੇ ਨਿਯਮਾਂ ਦੀ ਸਖਤੀ ਨਾਲ ਪਾਲਨਾ ਕਰਨ।