ਚਿਦੰਬਰਮ ਨੂੰ ਹਸਪਤਾਲ ਦਾਖ਼ਲ ਕਰਾਉਣ ਦੀ ਲੋੜ ਨਹੀਂ: ਏਮਜ਼

ਦਿੱਲੀ ਹਾਈ ਕੋਰਟ ਨੂੰ ਅੱਜ ਦੱਸਿਆ ਗਿਆ ਕਿ ਏਮਜ਼ ਦੇ ਮੈਡੀਕਲ ਬੋਰਡ ਅਨੁਸਾਰ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਸਿਹਤ ਠੀਕ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਨ ਦੀ ਲੋੜ ਨਹੀਂ ਹੈ। ਦੱਸਣਯੋਗ ਹੈ ਕਿ ਆਈਐੱਨਐਕਸ ਮੀਡੀਆ ਮਨੀ ਲਾਂਡਰਿੰਗ ਕੇਸ ਸਬੰਧੀ ਤਿਹਾੜ ਜੇਲ੍ਹ ਵਿੱਚ ਬੰਦ ਚਿਦੰਬਰਮ ਅੰਤੜੀ ਰੋਗ ਤੋਂ ਪੀੜਤ ਹਨ। ਅਦਾਲਤ ਦੇ ਆਦੇਸ਼ਾਂ ’ਤੇ ਚਿਦੰਬਰਮ ਦੀ ਕਰਵਾਈ ਗਈ ਸਿਹਤ ਜਾਂਚ ਦੀ ਰਿਪੋਰਟ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਪੜ੍ਹ ਕੇ ਸੁਣਾਈ ਅਤੇ ਜਸਟਿਸ ਸੁਰੇਸ਼ ਕੈਤ ਨੂੰ ਦੱਸਿਆ ਕਿ ਕਾਂਗਰਸ ਆਗੂ ਦੀ ਸਵੇਰ ਵੇਲੇ ਸਰੀਰਕ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਵੱਖਰੇ ਤੌਰ ’ਤੇ ਸਾਫ਼ ਸੁਥਰੇ ਮਾਹੌਲ ਦੀ ਲੋੜ ਨਹੀਂ ਹੈ। ਅਦਾਲਤ ਵਲੋਂ 74 ਸਾਲਾਂ ਦੇ ਚਿਦੰਬਰਮ ਦੀ ਅੰਤਰਿਮ ਜ਼ਮਾਨਤ ਸਬੰਧੀ ਅਰਜ਼ੀ ’ਤੇ ਸੁਣਵਾਈ ਕੀਤੀ ਜਾ ਰਹੀ ਸੀ। ਉਨ੍ਹਾਂ ਵਲੋਂ ਮੈਡੀਕਲ ਆਧਾਰ ’ਤੇ ਦਾਇਰ ਕੀਤੀ ਗਈ ਅਰਜ਼ੀ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਸਿਹਤ ਵਿਗੜ ਰਹੀ ਹੈ ਅਤੇ ਉਨ੍ਹਾਂ ਨੂੰ ਸਾਫ਼-ਸੁਥਰੇ ਮਾਹੌਲ ਦੀ ਲੋੜ ਹੈ। ਰਿਪੋਰਟ ਪੜ੍ਹਨ ਤੋਂ ਬਾਅਦ ਅਦਾਲਤ ਨੇ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਆਦੇਸ਼ ਦਿੱਤਾ ਕਿ ਚਿਦੰਬਰਮ ਦੇ ਆਲੇ-ਦੁਆਲੇ ਸਫ਼ਾਈ ਯਕੀਨੀ ਬਣਾਈ ਜਾਵੇ ਅਤੇ ਉਨ੍ਹਾਂ ਨੂੰ ਘਰ ਦਾ ਬਣਿਆ ਖਾਣਾ, ਪੀਣ ਲਈ ਸਵੱਛ ਪਾਣੀ, ਮੱਛਰਾਂ ਤੋਂ ਬਚਾਅ ਲਈ ਮੱਛਰਦਾਨੀ ਆਦਿ ਸਾਮਾਨ ਮੁਹੱਈਆ ਕਰਵਾਇਆ ਜਾਵੇ। ਜੱਜ ਨੇ ਚਿਦੰਬਰਮ ਦੀ ਨਿਯਮਿਤ ਮੈਡੀਕਲ ਜਾਂਚ ਕਰਾਉਣ ਦੇ ਆਦੇਸ਼ ਵੀ ਦਿੱਤੇ।

Previous articleਅਤਿਵਾਦ ਦੇ ਖ਼ਾਤਮੇ ਲਈ ਸਹਿਯੋਗ ਵਧਾਉਣਗੇ ਭਾਰਤ-ਜਰਮਨੀ
Next articleਪਰਾਲੀ ਦੇ ਧੂੰਏਂ ਨੇ ਘੁੱਟਿਆ ਲੋਕਾਂ ਦਾ ਦਮ