ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਦੇ ਡਰੱਗ ਰੈਗੂਲੇਟਰ (ਡੀਸੀਜੀਆਈ) ਨੇ ਵਿਦੇਸ਼ ਵਿਚ ਬਣੀ ਕੋਵਿਡ ਵੈਕਸੀਨ ਦੀ ਹਰ ਖੇਪ ਨੂੰ ਕੇਂਦਰੀ ਡਰੱਗ ਲੈਬ, ਕਸੌਲੀ ਵਿਚ ਟੈਸਟ ਕਰਨ ਦੀ ਲੋੜ ਖ਼ਤਮ ਕਰ ਦਿੱਤੀ ਹੈ। ਇਸ ਤੋਂ ਇਲਾਵਾ ਲਾਂਚ ਤੋਂ ਬਾਅਦ ਕੰਪਨੀਆਂ ਨੂੰ ‘ਬ੍ਰਿਜ ਟਰਾਇਲ’ ਦੀ ਲੋੜ ਵੀ ਨਹੀਂ ਪਵੇਗੀ।
ਜ਼ਿਕਰਯੋਗ ਹੈ ਕਿ ਵਿਦੇਸ਼ ਤੋਂ ਮੰਗਵਾਏ ਟੀਕਿਆਂ ਨੂੰ ਦੇਸ਼ ਵਿਚ ਹੋਈ ਪਰਖ਼ ਨਾਲ ਮੇਲ ਕੇ ਦੇਖਿਆ ਜਾਂਦਾ ਹੈ ਕਿਉਂਕਿ ਵੱਖ-ਵੱਖ ਦੇਸ਼ਾਂ ਦੇ ਵਾਸੀਆਂ ਦੇ ਜੈਨੇਟਿਕਸ ਵਿਚ ਫ਼ਰਕ ਹੁੰਦਾ ਹੈ। ਇਸ ਕਦਮ ਨਾਲ ਵੈਕਸੀਨ ਜ਼ਿਆਦਾ ਗਿਣਤੀ ਵਿਚ ਉਪਲੱਬਧ ਹੋ ਸਕੇਗਾ। ਦੱਸਣਯੋਗ ਹੈ ਕਿ ਫਾਈਜ਼ਰ ਤੇ ਸਿਪਲਾ ਫਾਰਮਾ ਕੰਪਨੀਆਂ ਨੇ ਭਾਰਤ ਨੂੰ ਵੈਕਸੀਨ ਭੇਜਣ ਤੋਂ ਪਹਿਲਾਂ ਇਹ ਮੰਗ ਰੱਖੀਆਂ ਸਨ ਤੇ ਹੁਣ ‘ਡੀਸੀਜੀਆਈ’ ਨੇ ਇਹ ਫ਼ੈਸਲਾ ਲਿਆ ਹੈ। ਭਾਰਤ ਵਿਚ ਵੈਕਸੀਨ ਦੀ ਮੰਗ ਬਹੁਤ ਜ਼ਿਆਦਾ ਹੈ ਤੇ ਇਸੇ ਨੂੰ ਧਿਆਨ ਵਿਚ ਰੱਖ ਕੇ ਇਹ ਫ਼ੈਸਲਾ ਲਿਆ ਗਿਆ ਹੈ। ਦਵਾਈਆਂ ਨੂੰ ਪ੍ਰਵਾਨਗੀ ਦੇਣ ਵਾਲੀ ਕੇਂਦਰੀ ਅਥਾਰਿਟੀ ਮੁਤਾਬਕ ਅਮਰੀਕਾ, ਯੂਰੋਪ, ਯੂਕੇ ਤੇ ਜਪਾਨ ਵਿਚ ਜਿਹੜੇ ਵੈਕਸੀਨ ਨੂੰ ਪ੍ਰਵਾਨਗੀ ਮਿਲ ਚੁੱਕੀ ਹੈ ਜਾਂ ਉਹ ਡਬਲਿਊਐਚਓ ਦੀ ਸੂਚੀ ਵਿਚ ਹਨ ਤੇ ਉਹ ਵੈਕਸੀਨ ਜਿਹੜੇ ਪਹਿਲਾਂ ਹੀ ਲੱਖਾਂ ਲੋਕਾਂ ਦੇ ਲਾਏ ਜਾ ਚੁੱਕੇ ਹਨ, ਨੂੰ ਭਾਰਤ ਵਿਚ ‘ਬ੍ਰਿਜਿੰਗ ਕਲੀਨਿਕਲ ਟਰਾਇਲ’ ਦੀ ਲੋੜ ਹੁਣ ਨਹੀਂ ਹੋਵੇਗੀ।
ਇਸ ਤੋਂ ਇਲਾਵਾ ਸੀਡੀਐਲ (ਕਸੌਲੀ) ’ਚ ਵੀ ਵੈਕਸੀਨ ਦੀ ਹਰ ਖੇਪ ਨੂੰ ਟੈਸਟ ਨਹੀਂ ਕੀਤਾ ਜਾਵੇਗਾ ਜੇਕਰ ਵੈਕਸੀਨ ਦੇ ਉਸ ਬੈਚ ਨੂੰ ਬਰਾਮਦ ਕਰਨ ਵਾਲੇ ਮੁਲਕ ਦੀ ਕੰਟਰੋਲ ਲੈਬ ਵੱਲੋਂ ਸਰਟੀਫਾਈ ਕਰ ਕੇ ਮਨਜ਼ੂਰ ਕੀਤਾ ਜਾ ਚੁੱਕਾ ਹੋਵੇਗਾ। ਹਾਲਾਂਕਿ ਕਸੌਲੀ ਦੀ ਕੇਂਦਰੀ ਲੈਬ ਅਜਿਹੇ ਵੈਕਸੀਨ ਦੀ ਪਰਖ਼ ਦੇ ਪ੍ਰੋਟੋਕੋਲ ਤੇ ਅਧਿਐਨ ਦੇ ਸਰਟੀਫਿਕੇਟ ਦੀ ਪੜਚੋਲ ਜ਼ਰੂਰ ਕਰੇਗੀ। ਮੌਜੂਦਾ ਪੈਮਾਨੇ ਤਹਿਤ 100 ਲਾਭਪਾਤਰੀਆਂ ਦੇ ਟੀਕੇ ਲਾ ਕੇ ਸੱਤ ਦਿਨਾਂ ਤੱਕ ਅਸਰ ਦੇਖਿਆ ਜਾਂਦਾ ਹੈ ਤੇ ਮਗਰੋਂ ਹੋਰਾਂ ਲਈ ਇਸ ਨੂੰ ਵਰਤਿਆ ਜਾਂਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly